ਜ਼ਮੀਨੀ ਵਿਵਾਦ ਨੂੰ ਲੈ ਕੇ ਪਰਿਵਾਰਕ ਮੈਂਬਰ ਆਹਮੋ-ਸਾਹਮਣੇ
ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 23 ਜੂਨ
ਪਟਿਆਲਾ ਨੇੜਲੇ ਪਿੰਡ ਸਵਾਜਪੁਰ ਦੇ ਵਸਨੀਕ ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਵੱਲੋਂ ਵੇਚੀ ਜ਼ਮੀਨ ਨੂੰ ਹਥਿਆਉਣ ਲਈ ਇਕ ਵਿਅਕਤੀ ਵੱਲੋਂ ਲੱਖਾ ਸਿਧਾਣਾ ਦੇ ਨਾਂ ‘ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਪਰਿਵਾਰਕ ਮੈਂਬਰ ਹੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਹਿੱਸੇ ਦੀ ਸਾਢੇ 8 ਬਿੱਘੇ ਜ਼ਮੀਨ ਨਵਤੇਜ ਸਿੰਘ ਨੂੰ ਵੇਚੀ ਹੈ ਪਰ ਹੁਣ ਉਸ ਦੇ ਹੀ ਪਰਿਵਾਰਕ ਮੈਂਬਰ ਉਸ ‘ਤੇ ਦਬਾਅ ਪਾ ਰਹੇ ਹਨ ਕਿ ਇਹ ਜ਼ਮੀਨ ਉਨ੍ਹਾਂ ਦੇ ਹੀ ਰਿਸ਼ਤੇਦਾਰ ਨੂੰ ਵੇਚੀ ਜਾਵੇ। ਉਨ੍ਹਾਂ ਦੱਸਿਆ ਕਿ ਜਦੋਂ ਲੱਖਾ ਸਿਧਾਣਾ ਦੇ ਕਰੀਬੀਆਂ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਇਸ ਦਾ ਖੰਡਨ ਕਰਦਿਆਂ ਕਿਹਾ ਉਨ੍ਹਾਂ ਨਾਲ ਧਮਕੀਆਂ ਦੇਣ ਵਾਲੇ ਵਿਅਕਤੀ ਦਾ ਕੋਈ ਸਬੰਧ ਨਹੀਂ ਹੈ।
ਇਸ ਸਬੰਧੀ ਦੂਜੀ ਧਿਰ ਦੇ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ ‘ਤੇ ਉਨ੍ਹਾਂ ਦੇ ਹੱਕ ਵਿਚ ਸਟੇਅ ਹੈ। ਉਨ੍ਹਾਂ ਕਿਹਾ ਨਵਤੇਜ ਸਿੰਘ ਨੇ ਜੋ ਜ਼ਮੀਨ ਖਰੀਦੀ ਹੈ, ਉਸ ਦਾ ਖੇਵਟ ਨੰਬਰ ਵੱਖਰਾ ਹੈ। ਥਾਣਾ ਪਸਿਆਣਾ ਦੇ ਐੱਸਐੱਚਓ ਅੰਕੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲੀ ਹੈ, ਜਿਸ ‘ਤੇ ਪੁਲੀਸ ਵੱਲੋਂ ਪਹਿਲ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।