ਇਨਸਾਫ਼ ਲੈਣ ਲਈ ਤਰੀਕ ਭੁਗਤਣ ਜਾ ਰਿਹਾ ਪਰਿਵਾਰ ਹਾਦਸੇ ’ਚ ਜ਼ਖ਼ਮੀ
ਜਗਰਾਉਂ, 12 ਦਸੰਬਰ
ਪਿੰਡ ਸਿੱਧਵਾਂ ਕਲਾਂ ਦੀ ਵਸਨੀਕ ਬਜ਼ੁਰਗ ਮਨਜੀਤ ਕੌਰ ਜੋ ਇਨਸਾਫ ਦੀ ਮੰਗ ਤਹਿਤ ਬੀਤੀ 9 ਦਸੰਬਰ ਨੂੰ ਪਰਿਵਾਰ ਸਮੇਤ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੀ ਸੀ ਨੂੰ ਅੱਜ ਸਵੇਰੇ ਇੱਕ ਕਾਰ ਚਾਲਕ ਨੇ ਫੇਟ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਟੱਕਰ ਵਿੱਚ ਬਜ਼ੁਰਗ ਔਰਤ ਦਾ ਪੁੱਤ ਤੇ ਨੂੰਹ ਵੀ ਗੱਭੀਰ ਜ਼ਖ਼ਮੀ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਕੌਰ ਜਿਸ ਕੇਸ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਪਿਛਲੇ ਇੱਕ ਮਹੀਨੇ ਤੋਂ ਥਾਣੇ ਦੇ ਚੱਕਰ ਲਾ ਰਹੀ ਸੀ ਅੱਜ ਉਸੇ ਕੇਸ ਦੀ ਤਰੀਕ ਭੁਗਤਣ ਲਈ ਉਹ ਆਪਣੇ ਨੂੰਹ-ਪੁੱਤ ਨਾਲ ਮੋਟਰਸਾਈਕਲ ’ਤੇ ਅਦਾਲਤ ਜਾ ਰਹੀ ਸੀ। ਗੌਰਤਲਬ ਹੈ ਕਿ ਮਨਜੀਤ ਕੌਰ ਦੇ ਪਰਿਵਾਰ ਦੀ ਜ਼ਮੀਨ ਪਿੰਡ ’ਚ ਬਣੀ ਅਨਾਜ ਮੰਡੀ ਵਿੱਚ ਆਉਣ ਕਾਰਨ ਉਨ੍ਹਾਂ ਨੂੰ ਪੰਚਾਇਤ ਵੱਲੋਂ ਬਦਲੇ ’ਚ ਹੋਰ ਜ਼ਮੀਨ ਦਿੱਤੀ ਜਾਣੀ ਸੀ, ਜਿਸ ਵਿੱਚ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਅੜਿੱਕਾ ਡਾਹਿਆ ਜਾ ਰਿਹਾ ਹੈ। ਇਸੇ ਤਹਿਤ ਮਨਜੀਤ ਕੌਰ ਨੇ ਉਕਤ ਜ਼ਮੀਨ ਦੀ ਪ੍ਰਾਪਤੀ ਲਈ ਸਾਬਕਾ ਸਰਪੰਚ ਖ਼ਿਲਾਫ਼ ਕੇਸ ਦਾਇਰ ਕੀਤਾ ਹੋਇਆ ਹੈ। ਬੀਤੀ 6 ਨਵੰਬਰ ਨੂੰ ਸਾਬਕਾ ਸਰਪੰਚ ਦੇ ਲੜਕੇ ਨੇ ਮਨਜੀਤ ਕੌਰ ਦੇ ਪਰਿਵਾਰ ਨਾਲ ਗਾਲੀ-ਗਲੋਚ ਵੀ ਕੀਤੀ ਸੀ, ਜਿਸ ਦੀ ਸ਼ਿਕਾਇਤ ਲੈ ਕੇ ਮਨਜੀਤ ਕੌਰ 9 ਦਸੰਬਰ ਨੂੰ ਪਰਿਵਾਰ ਸਮੇਤ ਐੱਸਐੱਸਪੀ ਦਫ਼ਤਰ ਅੱਗੇ ਧਰਨੇ ’ਤੇ ਬੈਠੀ ਸੀ। ਹਾਲਾਂਕਿ ਥਾਣਾ ਸਦਰ ਦੇ ਇੰਚਾਰਜ ਸੁਰਜੀਤ ਸਿੰਘ ਨੇ ਪੀੜਤ ਪਰਿਵਾਰ ਨੂੰ ਥਾਣੇ ਬੁਲਾ ਕੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਇਸ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਆਰੰਭੀ ਗਈ ਹੈ।
ਅੱਜ ਜਦੋਂ ਉਕਤ ਪਰਿਵਾਰ ਜੁਡੀਸ਼ਲ ਕੋਰਟ ’ਚ ਚੱਲ ਰਹੇ ਕੇਸ ਦੀ ਤਾਰੀਖ ਭੁਗਤਣ ਲਈ ਜਾ ਰਿਹਾ ਸੀ ਤਾਂ ਰਾਹ ਵਿੱਚ ਇਹ ਹਾਦਸਾ ਵਾਪਰ ਗਿਆ। ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਇਹ ਫੇਟ ਮਾਰੀ ਗਈ ਹੈ। ਇਸ ਸਬੰਧ ਵਿੱਚ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਿਥੇ ਇਹ ਹਾਦਸਾ ਵਾਪਰਿਆ ਹੈ ਉਹ ਇਲਾਕਾ ਪੁਲੀਸ ਚੌਕੀ ਬੱਸ ਸਟੈਂਡ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਤੇ ਉਨ੍ਹਾਂ ਬੱਸ ਸਟੈਂਡ ਚੌਕੀ ਨੂੰ ਸੂਚਿਤ ਕਰ ਦਿੱਤਾ ਹੈ।