ਪਿੰਡ ਉਭਾਵਾਲ ’ਚ ਸੁਖਦੇਵ ਸਿੰਘ ਢੀਂਡਸਾ ਦਾ ਅੰਗੀਠਾ ਸਾਂਭਣ ਮੌਕੇ ਭਾਵੁਕ ਹੋਇਆ ਪਰਿਵਾਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਚੁਗਣ ਅਤੇ ਅੰਗੀਠਾ ਸਾਂਭਣ ਦੀ ਰਸਮ ਉਨ੍ਹਾਂ ਦੇ ਜੱਦੀ ਪਿੰਡ ਉਭਾਵਾਲ ਵਿਖੇ ਹੋਈ। ਇਸ ਮੌਕੇ ਮਰਹੂਮ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਸਮੁੱਚੇ ਪਰਿਵਾਰ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵੱਡੀ ਤਾਦਾਦ ’ਚ ਲੋਕ ਸ਼ਾਮਲ ਸਨ। ਢੀਂਡਸਾ ਪਰਿਵਾਰ ਅੰਗੀਠਾ ਸਾਂਭੜ ਮਗਰੋਂ ਅਸਥੀਆਂ ਜਲਪ੍ਰਵਾਹ ਕਰਨ ਲਈ ਸ੍ਰੀ ਕੀਰਤਪੁਰ ਸਾਹਿਬ ਰਵਾਨਾ ਹੋ ਗਿਆ।
ਇਸ ਦੌਰਾਨ ਮਾਹੌਲ ਉਸ ਸਮੇਂ ਬੇਹੱਦ ਭਾਵੁਕ ਹੋ ਗਿਆ ਜਦੋਂ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਮਰਹੂਮ ਸੁਖਦੇਵ ਸਿੰਘ ਢੀਂਡਸਾ ਦੇ ਅੰਗੀਠੇ ਨੂੰ ਨਤਮਸਤਕ ਹੁੰਦਿਆਂ ਫੁੱਟ-ਫੁੱਟ ਰੋਏ। ਮਰਹੂਮ ਢੀਂਡਸਾ ਦੀਆਂ ਅਸਥੀਆਂ ਉਨ੍ਹਾਂ ਦੇ ਪੋਤਰੇ ਚਿਰਾਗਵੀਰ ਸਿੰਘ ਢੀਂਡਸਾ ਨੇ ਸੰਭਾਲੀਆਂ ਹੋਈਆਂ ਸਨ। ਇਸ ਮੌਕੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਉੱਘੇ ਵਕੀਲ ਐਚ.ਐਸ.ਫੁਲਕਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਆਗੂ ਚਰਨਜੀਤ ਸਿੰਘ ਬਰਾੜ, ਮਰਹੂਮ ਢੀਂਡਸਾ ਦੇ ਨਿੱਜੀ ਸਹਾਇਕ ਜਸਵਿੰਦਰ ਸਿੰਘ ਖਾਲਸਾ, ਸਾਬਕਾ ਸੰਸਦੀ ਸਕੱਤਰ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਬਲਵੀਰ ਸਿੰਘ ਘੁਨਸ, ਸਾਬਕਾ ਵਿਧਾਇਕ ਨੁਸਰਤ ਅਲੀ ਬੱਗੇ ਖਾਂ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਐੱਸਜੀਪੀਸੀ ਮੈਂਬਰ ਜਸਵੰਤ ਸਿੰਘ ਪੁਡੈਣ, ਤੇਜਾ ਸਿੰਘ ਕਮਾਲਪੁਰ, ਮਲਕੀਤ ਸਿੰਘ ਚੰਗਾਲ, ਤੇਜਾ ਸਿੰਘ ਕਮਾਲਪੁਰ, ਭੁਪਿੰਦਰ ਸਿੰਘ ਭਲਵਾਨ, ਰਾਮਪਾਲ ਸਿੰਘ ਬਹਿਣੀਵਾਲ, ਵਰਿੰਦਰਪਾਲ ਸਿੰਘ ਟੀਟੂ, ਗੁਰਮੀਤ ਸਿੰਘ ਜੌਹਲ, ਹਰਪ੍ਰੀਤ ਸਿੰਘ ਢੀਂਡਸਾ ਤੋਂ ਇਲਾਵਾ ਢੀਂਡਸਾ ਪਰਿਵਾਰ ’ਚੋਂ ਉਨ੍ਹਾਂ ਦੀ ਧਰਮਪਤਨੀ ਬੀਬੀ ਹਰਜੀਤ ਕੌਰ ਢੀਂਡਸਾ, ਨੂੰਹ ਗਗਨਦੀਪ ਕੌਰ ਢੀਂਡਸਾ, ਦੋਵੇਂ ਧੀਆਂ ਰਣਦੀਪ ਕੌਰ ਤੇ ਮਨਦੀਪ ਕੌਰ, ਪੋਤਰੀ ਅਮਾਨਤ ਕੌਰ ਅਤੇ ਅਮਨਬੀਰ ਸਿੰਘ ਚੈਰੀ ਮੌਜੂਦ ਸਨ।
ਕੈਪਸ਼ਨ: ਪਿੰਡ ਉਭਾਵਾਲ ’ਚ ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਚੁਗਣ ਮੌਕੇ ਭਾਵੁਕ ਮਾਹੌਲ ਦੌਰਾਨ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਸਮੁੱਚਾ ਪਰਿਵਾਰ।