ਧਾਮੀ ਬਾਰੇ ਗਲਤ ਬਿਆਨਬਾਜ਼ੀ ਜਾਇਜ਼ ਨਹੀਂ: ਸ਼੍ਰੋਮਣੀ ਕਮੇਟੀ ਮੈਂਬਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਸੁਰਜੀਤ ਸਿੰਘ ਭਿੱਟੇਵੱਡ ਨੇ ਕਿਹਾ ਕਿ ਐਡਵੋਕੇਟ ਧਾਮੀ ਹਮੇਸ਼ਾ ਸੱਚ ਨਾਲ ਖੜ੍ਹਨ ਵਾਲੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਤਾਜ਼ਾ ਉੱਠੇ ਮਾਮਲੇ ਵਿੱਚ ਆਪਣਾ ਨੈਤਿਕ ਫ਼ਰਜ਼ ਸਮਝਦਿਆਂ ਖੁੱਲ੍ਹੇ ਮਨ ਨਾਲ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਕ ਪੱਤਰਕਾਰ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਐਡਵੋਕੇਟ ਧਾਮੀ ਵੱਲੋਂ ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਲੁਕਾਅ ਨਹੀਂ ਰੱਖਿਆ ਅਤੇ ਆਪਣੇ ਸੁਭਾਅ ਅਨੁਸਾਰ ਸੱਚ ’ਤੇ ਖੜ੍ਹਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੱਤਰ ਲਿਖ ਕੇ ਹੋਈ ਗ਼ਲਤੀ ਦਾ ਅਹਿਸਾਸ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮਹਿਲਾ ਕਮਿਸ਼ਨ ਪੰਜਾਬ ਨੂੰ ਮਿਲ ਕੇ ਵੀ ਮੁਆਫ਼ੀ ਸਬੰਧੀ ਪੱਤਰ ਸੌਂਪਿਆ ਹੈ।
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਸਿਆਸੀ ਭਾਵਨਾ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਕਸ ਨੂੰ ਖ਼ਰਾਬ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਤਰ੍ਹਾਂ ਠੀਕ ਨਹੀਂ ਕਿਹਾ ਜਾ ਸਕਦਾ। ਮੈਂਬਰਾਂ ਨੇ ਇਸ ਗੱਲ ਉੱਤੇ ਵੀ ਚਿੰਤਾ ਪ੍ਰਗਟਾਈ ਕਿ ਨਿੱਜਤਾ ਦੀਆਂ ਹੱਦਾਂ ਪਾਰ ਕਰਕੇ ਬਿਨਾਂ ਦੱਸੇ ਕਿਸੇ ਦੀ ਰਿਕਾਰਡਿੰਗ ਕਰਨੀ ਸਮਾਜ ਲਈ ਇੱਕ ਖਤਰਨਾਕ ਰੁਝਾਨ ਹੈ। ਅਜਿਹਾ ਕਰਨ ਵਾਲਿਆਂ ’ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।