For the best experience, open
https://m.punjabitribuneonline.com
on your mobile browser.
Advertisement

ਪਿਆਰ ਵਿੱਚ ਬਿਰਖ ਹੋ ਜਾਣਾ

07:08 AM Aug 04, 2024 IST
ਪਿਆਰ ਵਿੱਚ ਬਿਰਖ ਹੋ ਜਾਣਾ
Advertisement

ਜਸਬੀਰ ਭੁੱਲਰ

Advertisement

ਜਸਿੰਤਾ ਕੇਰਕੇਟਾ ਝਾਰਖੰਡ ਸੂਬੇ ਦੇ ਪੱਛਮੀ ਸਿੰਹਭੂਮ/ਸਿੰਘਭੂਮ ਜ਼ਿਲ੍ਹੇ ਦੇ ਉਰਾਂਵ ਕਬੀਲੇ ਦੀ ਹੈ।
ਉਸ ਆਦਿਵਾਸੀ ਕੁੜੀ ਨੂੰ ਮੈਂ ਕੋਲਕਾਤਾ ਮਿਲਿਆ ਸਾਂ। ਉੱਥੇ ਮੈਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਨੇ 2024 ਦਾ ਕਰਰਿਤੱਵ ਸਮੱਗਰ ਸਨਮਾਨ ਦੇਣਾ ਸੀ। ਇਸ ਤੋਂ ਇਲਾਵਾ ਪ੍ਰੀਸ਼ਦ ਨੇ ਵੱਖ ਵੱਖ ਭਾਰਤੀ ਭਾਸ਼ਾਵਾਂ ਦੇ ਚਾਰ ਲੇਖਕਾਂ ਨੂੰ ਯੁਵਾ ਪੁਰਸਕਾਰ ਵੀ ਦੇਣੇ ਸਨ। ਜਸਿੰਤਾ ਕੇਰਕੇਟਾ ਉਨ੍ਹਾਂ ਚਹੁੰ ਵਿੱਚੋਂ ਹੀ ਇੱਕ ਸੀ।
ਜਸਿੰਤਾ ਨੂੰ ਮਿਲਣ ਤੋਂ ਪਹਿਲਾਂ ਮੈਂ ਉਸ ਦੀਆਂ ਤਿੰਨ ਨਿੱਕੀਆਂ ਨਿੱਕੀਆਂ ਨਜ਼ਮਾਂ ਪੜ੍ਹੀਆਂ ਸਨ। ਉਨ੍ਹਾਂ ਨਜ਼ਮਾਂ ਰਾਹੀਂ ਜਸਿੰਤਾ ਨੇ ਕਾਲੇ ਕੋਨਿਆਂ ਅੰਦਰ ਵੀ ਝਾਕ ਲਿਆ ਸੀ। ਉਹ ਨਜ਼ਮਾਂ ਮੈਂ ਤੁਹਾਡੀ ਨਜ਼ਰ ਕਰ ਰਿਹਾ ਹਾਂ:

Advertisement

ਜਿੱਥੇ ਕੁਝ ਨਹੀਂ ਪਹੁੰਚਦਾ

ਪਹਾੜ ਉੱਤੇ ਲੋਕ ਪਹਾੜ ਦਾ ਪਾਣੀ ਪੀਂਦੇ ਨੇ
ਸਰਕਾਰ ਦਾ ਪਾਣੀ ਉੱਥੋਂ ਤਕ ਨਹੀਂ ਪਹੁੰਚਦਾ
ਮਾਤ-ਭਾਸ਼ਾ ਵਿੱਚ ਕੋਈ ਸਕੂਲ ਨਹੀਂ ਪਹੁੰਚਦਾ
ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਪਹੁੰਚਦਾ
ਬਿਜਲੀ ਨਹੀਂ ਪਹੁੰਚਦੀ, ਇੰਟਰਨੈੱਟ ਨਹੀਂ ਪਹੁੰਚਦਾ
ਉੱਥੇ ਕੁਝ ਵੀ ਨਹੀਂ ਪਹੁੰਚਦਾ

ਸਾਹਬ! ਜਿੱਥੇ ਕੁਝ ਵੀ ਨਹੀਂ ਪਹੁੰਚਦਾ
ਉੱਥੇ ਧਰਮ ਅਤੇ ਗਊ ਦੇ ਨਾਂ ਉੱਤੇ
ਆਦਮੀ ਦੀ ਹੱਤਿਆ ਦੇ ਲਈ
ਏਨਾ ਜ਼ਹਿਰ ਕਿਸ ਤਰ੍ਹਾਂ ਪਹੁੰਚਦਾ ਹੈ?

ਰਾਸ਼ਟਰਵਾਦ

ਜਦੋਂ ਮੇਰਾ ਗੁਆਂਢੀ
ਮੇਰੇ ਖ਼ੂਨ ਦਾ ਪਿਆਸਾ ਹੋ ਗਿਆ
ਮੈਂ ਸਮਝ ਗਿਆ
ਰਾਸ਼ਟਰਵਾਦ ਆ ਗਿਆ।

ਮੈਂ ਕਿਉਂ ਮਾਰਿਆ ਜਾਂਦਾ ਹਾਂ

ਮੈਂ ਜਦੋਂ ਕਿਸੇ ਦੇ ਪਿਆਰ ਵਿੱਚ ਹੁੰਦਾ ਹਾਂ
ਉਸ ਦੀ ਜਾਤ, ਧਰਮ, ਨਸਲ ਭੁੱਲ ਜਾਂਦਾ ਹਾਂ
ਬੱਸ ਇਸੇ ਗੱਲ ਉੱਤੇ
ਹਰ ਵਾਰ ਮਾਰਿਆ ਜਾਂਦਾ ਹਾਂ।
ਜਸਿੰਤਾ ਕੇਰਕੇਟਾ ਨੂੰ ਬੱਸ ਏਨਾ ਹੀ ਪੜ੍ਹ ਕੇ ਮੈਂ ਉਹਦੀ ਕਵਿਤਾ ਦੀ ਤਲਾਸ਼ ਵਿੱਚ ਤੁਰ ਪਿਆ ਸਾਂ।
* * *
ਜਸਿੰਤਾ ਕੇਰਕੇਟਾ ਸਿਰਫ਼ ਸ਼ਾਇਰਾ ਨਹੀਂ। ਉਹ ਕਹਾਣੀਕਾਰ ਵੀ ਹੈ, ਵਾਰਤਕਕਾਰ ਵੀ ਅਤੇ ਸੁਤੰਤਰ ਪੱਤਰਕਾਰ ਵੀ।
‘ਅੰਗੋਰ’ (2016) ਉਸ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਤੇ ‘ਜੜ੍ਹਾਂ ਦੀ ਜ਼ਮੀਨ’ (2018) ਦੂਸਰਾ। ‘ਅੰਗੋਰ’ ਦਾ ਅਨੁਵਾਦ ਅੰਗਰੇਜ਼ੀ, ਜਰਮਨ, ਇਤਾਲਵੀ ਅਤੇ ਫਰੈਂਚ ਭਾਸ਼ਾਵਾਂ ਵਿੱਚ ਹੋਇਆ ਹੈ। ‘ਜੜ੍ਹਾਂ ਦੀ ਜ਼ਮੀਨ’ ਅਨੁਵਾਦ ਹੋ ਕੇ ਅੰਗਰੇਜ਼ੀ ਅਤੇ ਜਰਮਨ ਭਾਸ਼ਾ ਵਿੱਚ ਛਪੀ ਹੈ।
ਕਵਿਤਾ ਪਾਠ ਲਈ ਉਸ ਨੇ ਅਮਰੀਕਾ, ਇੰਗਲੈਂਡ, ਜਰਮਨੀ, ਫਰਾਂਸ, ਇਟਲੀ, ਸਵਿਟਜ਼ਰਲੈਂਡ, ਆਸਟਰੀਆ, ਕੋਸਟਾਰੀਕਾ ਅਤੇ ਥਾਈਲੈਂਡ ਆਦਿ ਦੇਸ਼ਾਂ ਦੀ ਯਾਤਰਾ ਕੀਤੀ ਹੈ। ਜਸਿੰਤਾ ਕੇਰਕੇਟਾ ਨੇ ਵਿਦੇਸ਼ਾਂ ਦੀ ਫੇਰੀ ਨੂੰ ਕਵਿਤਾ ਤਕ ਹੀ ਸੀਮਤ ਨਹੀਂ ਰੱਖਿਆ। ਉੱਥੇ ਉਸ ਨੇ ਆਦਿਵਾਸੀਆਂ ਦੀ ਤ੍ਰਾਸਦਿਕ ਹਾਲਤ ਬਾਰੇ ਵੀ ਮੁਲਕਾਂ ਨੂੰ ਜਾਣੂੰ ਕਰਵਾਇਆ ਹੈ। ਜਸਿੰਤਾ ਦੀ ਕਵਿਤਾ ਲਈ ਉਨ੍ਹਾਂ ਮੁਲਕਾਂ ਦੇ ਭਰੇ ਹੁੰਗਾਰੇ ਦਾ ਇੱਕ ਹਾਸਿਲ ਇਹ ਵੀ ਬਣਿਆ ਹੈ ਕਿ ਉਸ ਦੀਆਂ ਕਵਿਤਾਵਾਂ ਆਸਟਰੇਲੀਆ, ਯੂਕਰੇਨ, ਰੂਸ ਅਤੇ ਇਜ਼ਰਾਈਲ ਦੇ ਵਿਸ਼ਵ ਵਿਦਿਆਲਿਆਂ ਵਿੱਚ ਪੜ੍ਹਾਈਆਂ ਗਈਆਂ ਹਨ।
* * *
ਜਿੱਥੇ ਭਾਰਤੀ ਭਾਸ਼ਾ ਪ੍ਰੀਸ਼ਦ ਨੇ ਵੱਖ ਵੱਖ ਭਾਸ਼ਾਵਾਂ ਦੇ ਲੇਖਕਾਂ ਨੂੰ ਠਹਿਰਾਇਆ ਸੀ, ਉੱਥੇ ਜਸਿੰਤਾ ਕੇਰਕੇਟਾ ਅਤੇ ਮੇਰਾ ਕਮਰਾ ਆਹਮੋ-ਸਾਹਮਣੇ ਸੀ। ਸਾਡਾ ਆਪਸ ਵਿੱਚ ਗੱਲਾਂ ਕਰਨ ਦਾ ਸਬੱਬ ਬਣਿਆ।
ਜਸਿੰਤਾ ਕੇਰਕੇਟਾ ਦੀ ਕਵਿਤਾ ਨੇ ਉਹਨੂੰ ਜ਼ਮੀਨ ਨਾਲ ਜੋੜਿਆ ਸੀ। ਜੰਗਲ, ਪਹਾੜ ਅਤੇ ਨਦੀਆਂ ਉਹਦੀ ਰਹਿਤਲ ਸਨ। ਉਹ ਆਖਦੀ ਸੀ, ‘‘ਕੁਦਰਤ ਦਾ ਇਹ ਪਸਾਰਾ ਸਭ ਦਾ ਹੈ। ਇਨ੍ਹਾਂ ਦਾ ਕਵਿਤਾ ਉੱਤੇ ਅਧਿਕਾਰ ਹੈ।’’
ਮੋਹ ਦੇ ਇਜ਼ਹਾਰ ਵਜੋਂ ਜਸਿੰਤਾ ਨੇ ਮੈਨੂੰ ਆਪਣੀਆਂ ਨਜ਼ਮਾਂ ਦੀਆਂ ਦੋ ਕਿਤਾਬਾਂ ਦਿੱਤੀਆਂ ਸਨ। ‘ਈਸ਼ਵਰ ਔਰ ਬਾਜ਼ਾਰ’ ਅਤੇ ‘ਪ੍ਰੇਮ ਮੇਂ ਪੇੜ ਹੋਨਾ’। ਉਹ ਦੋ ਕਿਤਾਬਾਂ ਮੈਂ ਕਦੋਂ ਵੀ ਪੜ੍ਹ ਸਕਦਾ ਸਾਂ, ਪਰ ਜਸਿੰਤਾ ਦੇ ਮੂੰਹੋਂ ਕਵਿਤਾਵਾਂ ਸੁਣਨਾ ਮੇਰੇ ਲਈ ਚਾਨਣ ਦੀ ਬਰਸਾਤ ਦੇ ਅਹਿਸਾਸ ਵਰਗਾ ਸੀ।
ਜਿਹੜੀਆਂ ਕਵਿਤਾਵਾਂ ਜਸਿੰਤਾ ਨੇ ਸੁਣਾਈਆਂ, ਉਹ ਪ੍ਰੇਮ ਕਵਿਤਾਵਾਂ ਕਹਿ ਕੇ ਸੁਣਾਈਆਂ।
ਮੇਰੇ ਲਈ ਉਹ ਝਟਪਟ ਪਿਆਰ ਕਵਿਤਾਵਾਂ ਨਹੀਂ ਸਨ ਹੋ ਗਈਆਂ। ਜਿਉਂ ਜਿਉਂ ਨਜ਼ਮਾਂ ਅਗਾਂਹ ਤੁਰ ਰਹੀਆਂ ਸਨ, ਮੈਂ ਵੀ ਉਹਦੇ ਪਿਆਰ ਦੇ ਅਰਥਾਂ ਵੱਲ ਤਰ ਰਿਹਾ ਸਾਂ:

ਨਸ਼ਾ

ਅਸੀਂ ਮਹੂਆ ਦੇ ਨਸ਼ੇ ਵਿੱਚ ਸਾਂ
ਅਤੇ ਉਹ ਧਰਮ ਦੇ
ਅਸੀਂ ਨਸ਼ੇ ਵਿੱਚ ਨੱਚਣ ਲੱਗ ਪਏ
ਅਤੇ ਉਹ ਹੱਤਿਆਵਾਂ ਕਰਨ ਲੱਗ ਪਏ।

ਈਸ਼ਵਰ

ਬੰਦੂਕਾਂ ਉੱਤੇ ਸਾਰਾ ਦੋਸ਼ ਨਾ ਥੱਪਿਆ ਜਾਵੇ
ਇਸ ਲਈ ਕੁਛ ਲੋਕਾਂ ਨੇ ਤੈਅ ਕੀਤਾ
ਚਲੋ ਕੋਈ ਈਸ਼ਵਰ ਘੜਿਆ ਜਾਵੇ।

ਪਾਣੀ

ਪਾਣੀ ਦੇ ਰਾਹ ਹੀ ਤੁਸੀਂ
ਨਵੀਂ ਜ਼ਮੀਨ ਲੱਭੀ
ਅਤੇ ਨਵੇਂ ਢੰਗ ਨਾਲ
ਮਨੁੱਖਾਂ ਉੱਤੇ ਹਮਲੇ ਕੀਤੇ
ਪਾਣੀ ਹੁਣ
ਆਪਣੀ ਜ਼ਮੀਨ ਲੱਭ ਰਿਹਾ ਹੈ
ਉਸਦੇ ਹਮਲਿਆਂ ਤੋਂ ਬਚਣ ਦੇ ਲਈ
ਤੁਹਾਡੇ ਕੋਲ ਕਿਹੜੀ ਬੰਦੂਕ ਹੈ?

ਇੱਕ ਦਿਨ ਮੀਂਹ

ਇੱਕ ਦਿਨ ਮੀਂਹ ਘਰ ਤਕ ਆ ਜਾਵੇਗਾ
ਤੇ ਤੁਹਾਡਾ ਸ਼ਹਿਰ ਰੋੜ੍ਹ ਲੈ ਜਾਵੇਗਾ
ਤੁਸੀਂ ਕੀ ਕਰੋਗੇ?
ਕੀ ਉਸ ਨੂੰ ਆਤੰਕੀ ਕਹੋਗੇ
ਅਤੇ ਉਸ ਉੱਤੇ ਬੰਬ ਬਰਸਾਉਗੇ?
ਕਵਿਤਾ ਦੀ ਬਰਸਾਤ ਪਿੱਛੋਂ ਮੈਂ ਜਾਣ ਗਿਆ ਸਾਂ, ਜਸਿੰਤਾ ਦੇ ਪ੍ਰੇਮ ਦਾ ਅਰਥ ਬਿਰਖ ਹੋ ਜਾਣਾ ਸੀ।
* * *
ਉਹ ਜੋ ਜ਼ਿੰਦਗੀ ਦੇ ਪਿਆਰ ਵਿੱਚ ਬਿਰਖ ਹੋ ਗਈ ਸੀ, ਉਸ ਦਾ ਪਹਿਰਾਵਾ ਸਾਦ-ਮੁਰਾਦਾ ਸੀ। ਉਹ ਆਮ ਤੌਰ ਉੱਤੇ ਨੰਗੇ ਪੈਰੀਂ ਹੁੰਦੀ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਹਦੇ ਅਤੇ ਮਿੱਟੀ ਵਿਚਾਲੇ ਕੋਈ ਵਿੱਥ ਹੋਵੇ। ਇਕੱਠਿਆਂ ਫੋਟੋ ਉਤਰਵਾਉਣ ਵੇਲੇ ਉਹ ਉੱਠ ਕੇ ਆਪਣੇ ਕਮਰੇ ਵਿੱਚ ਗਈ ਤੇ ਝੱਟ ਜੁੱਤੀ ਪਾ ਕੇ ਆ ਗਈ।
ਜਸਿੰਤਾ ਨਾਂ ਦੇ ਬਿਰਖ ਦੀ ਛਾਂ ਆਪਣੇ ਪਰਿਵਾਰ ਲਈ ਸੀ, ਆਪਣੇ ਲੋਕਾਂ ਲਈ ਸੀ, ਆਪਣੀ ਮਿੱਟੀ ਲਈ ਸੀ।
ਉਹਦੇ ਆਪਣੇ ਸਿਰ ਉੱਤੇ ਤਿੱਖੜ ਧੁੱਪ ਸੀ।
ਉਸ ਨੇ ਆਪਣੀਆਂ ਭੈਣਾਂ ਨੂੰ ਪੜ੍ਹਾਇਆ ਸੀ। ਉਨ੍ਹਾਂ ਦੇ ਵਿਆਹ ਕੀਤੇ ਸਨ। ਆਪਣੇ ਮਾਪਿਆਂ ਦੀ ਗੱਲ ਕਰਦਿਆਂ ਉਹ ਭਾਵੁਕ ਹੋ ਗਈ ਸੀ। ਉਸ ਨੇ ਦੱਸਿਆ, ‘‘ਮਾਂ ਤੇ ਬਾਬਾ ਬਚਪਨ ਦੇ ਸਾਥੀ ਸਨ। ਸਕੂਲ ਵਿੱਚ ਇਕੱਠੇ ਪੜ੍ਹਦੇ ਸਨ। ਪਿਆਰ ਕਰਦੇ ਸਨ। ਇੱਕ ਦਿਨ ਉਨ੍ਹਾਂ ਦਾ ਵਿਆਹ ਹੋ ਗਿਆ। ਫਿਰ ਉਹ ਕਦੀ ਦੋਸਤ ਨਹੀਂ ਰਹਿ ਸਕੇ। ਵਿਆਹੇ ਹੋਣ ਦੇ ਬਾਵਜੂਦ ਉਹ ਵੱਖ ਵੱਖ ਦਿਸ਼ਾ ਵਿੱਚ ਤੁਰਦੇ ਰਹੇ। ਦੋਹਾਂ ਨੇ ਨਿਤਾਂਤ ਇਕੱਲਤਾ ਦਾ ਜੀਵਨ ਜੀਵਿਆ। ਮਾਂ ਨੇ ਕਿਸੇ ਵੀ ਹਾਲਤ ਵਿੱਚ ਬਾਬਾ ਨੂੰ ਛੱਡਿਆ ਨਹੀਂ। ਸਭ ਦੀ ਸਭ ਤੋਂ ਵੱਧ ਫ਼ਿਕਰ ਕਰਦਿਆਂ ਅਤੇ ਆਪਣਾ ਕਦੀ ਵੀ ਧਿਆਨ ਨਾ ਰੱਖਣ ਕਾਰਨ ਉਹ ਸਭ ਤੋਂ ਪਹਿਲਾਂ ਚਲਾਣਾ ਕਰ ਗਈ।’’
ਜਸਿੰਤਾ ਦੀ ਜ਼ਿੰਦਗੀ ਦੇ ਵਰਕਿਆਂ ਨੂੰ ਫਰੋਲਣ ਦਾ ਇੱਕ ਅਰਥ ਉਸ ਨੂੰ ਉਦਾਸ ਕਰਨਾ ਵੀ ਸੀ।
ਉਹ ਆਪਣੇ ਆਦਿਵਾਸੀ ਕਬੀਲੇ ਨਾਲ ਜੜ੍ਹਾਂ ਤੱਕ ਜੁੜੀ ਹੋਈ ਸੀ। ਉਸ ਦਾ ਇਹ ਰੰਗ ਮੈਂ 20 ਅਪਰੈਲ 2024 ਦੀ ਸ਼ਾਮ ਪੁਰਸਕਾਰ ਵੰਡ ਸਮਾਗਮ ਵੇਲੇ ਵੇਖਿਆ ਸੀ। ਪੁਰਸਕਾਰ ਮਿਲਦੇ ਸਾਰ ਹੀ ਜਸਿੰਤਾ ਨੇ ਇਨਾਮ ਦੀ ਸਾਰੀ ਰਕਮ ਆਦਿਵਾਸੀ ਕੁੜੀਆਂ ਅਤੇ ਔਰਤਾਂ ਦੀ ਭਲਾਈ ਲਈ ਦੇ ਦਿੱਤੀ।
ਥੁੜ੍ਹਾਂ ਵਿੱਚ ਘਿਰੀ ਉਸ ਕੁੜੀ ਦਾ ਇਹ ਬਾਦਸ਼ਾਹੀ ਤੌਰ-ਤਰੀਕਾ ਸੀ।
* * *
ਇਨਾਮਾਂ-ਸਨਮਾਨਾਂ ਦੀ ਗੱਲ ਛਿੜੀ ਤਾਂ ਉਸ ਨੇ ਕਿਹਾ, ‘‘ਸਿਰਫ਼ ਇਨਾਮ ਦੇਣ ਵਾਲੇ ਹੀ ਸਾਨੂੰ ਨਹੀਂ ਚੁਣਦੇ। ਅਸੀਂ ਵੀ ਉਨ੍ਹਾਂ ਦੀ ਚੋਣ ਕਰਦੇ ਹਾਂ। ਇਹ ਹੱਕ ਸਾਡੇ ਕੋਲ ਵੀ ਹੈ। ਹਰ ਇਨਾਮ ਲੈਣ ਯੋਗ ਨਹੀਂ ਹੁੰਦਾ।’’
ਮਿਸਾਲ ਮੇਰੇ ਸਾਹਮਣੇ ਸੀ। ਪ੍ਰਸਿੱਧ ਰਸਾਲੇ ‘ਇੰਡੀਆ ਟੂਡੇ’ ਨੇ ਇੱਕ ਵੱਕਾਰੀ ਇਨਾਮ ਲਈ ਜਸਿੰਤਾ ਕੇਰਕੇਟਾ ਦੀ ਚੋਣ ਕੀਤੀ। ਜਸਿੰਤਾ ਨੇ ਉਹ ਇਨਾਮ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਬਾਅਦ ਵਿੱਚ ਉਹ ਇਨਾਮ ਫਿਲਮਾਂ ਦੀ ਮਸ਼ਹੂਰ ਹਸਤੀ ਸ਼ਾਇਰ ਜਾਵੇਦ ਅਖ਼ਤਰ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ।
‘‘ਤੂੰ ਇਸ ਤਰ੍ਹਾਂ ਕਿਉਂ ਕੀਤਾ?’’ ਮੈਂ ਪੁੱਛਿਆ ਸੀ।
ਉਸ ਨੇ ਬੇਬਾਕ ਹੋ ਕੇ ਦੱਸਿਆ, ‘‘ਜਿਨ੍ਹਾਂ ਨਾਲ ਉਹ ਰਸਾਲਾ ਜੁੜਿਆ ਹੋਇਆ ਸੀ, ਉਨ੍ਹਾਂ ਲੋਕਾਂ ਨੇ ਆਦਿਵਾਸੀਆਂ ਦੀਆਂ ਸਮੱਸਿਆਵਾਂ ਅਤੇ ਹੋ ਰਹੇ ਜ਼ੁਲਮਾਂ ਨੂੰ ਨਜਿੱਠਣ ਲਈ ਕਦੇ ਕੁਝ ਨਹੀਂ ਕੀਤਾ। ਮੈਂ ਉਨ੍ਹਾਂ ਦਾ ਇਨਾਮ ਕਿਉਂ ਲੈਂਦੀ?’’
‘‘ਉਸ ਇਨਾਮ ਦੀ ਰਾਸ਼ੀ ਨਾਲ ਤੇਰੀਆਂ ਕਿੰਨੀਆਂ ਲੋੜਾਂ ਪੂਰੀਆਂ ਹੋ ਜਾਣੀਆਂ ਸਨ।’’ ਗੱਲ ਅਗਾਂਹ ਤੋਰਨ ਲਈ ਮੈਂ ਕਿਹਾ।
ਉਹ ਹੱਸ ਪਈ, ‘‘ਮੇਰੀਆਂ ਲੋੜਾਂ ਬੜੀਆਂ ਥੋੜ੍ਹੀਆਂ ਜਿਹੀਆਂ ਨੇ। ਰਹਿਣ ਲਈ ਮੈਨੂੰ ਬਸ ਇੱਕ ਕਮਰਾ ਚਾਹੀਦਾ ਹੈ ਤੇ ਉਸ ਕਮਰੇ ਵਿੱਚ ਬਹੁਤ ਸਾਰੀਆਂ ਕਿਤਾਬਾਂ।’’
* * *
ਕੋਲਕਾਤਾ ਨੂੰ ਵਿਦਾ ਕਹਿਣ ਵੇਲੇ ਜਸਿੰਤਾ ਕੇਰਕੇਟਾ ਸਾਨੂੰ, ਦੋਹਾਂ ਜੀਆਂ ਨੂੰ ਬਸੇਰੇ ਦੇ ਬਾਹਰਲੇ ਗੇਟ ਤੱਕ ਤੋਰਨ ਆਈ ਸੀ। ਸੜਕ ਦਾ ਮੋੜ ਮੁੜਨ ਵੇਲੇ ਤੱਕ ਉਹਦਾ ਹੱਥ ਹਿਲਦਾ ਦਿਸਦਾ ਰਿਹਾ ਸੀ।
ਹੁਣ ਸ਼ਾਇਦ ਕਦੇ ਜਸਿੰਤਾ ਕੇਰਕੇਟਾ ਨੂੰ ਮਿਲਣ ਦਾ ਸਬੱਬ ਨਾ ਵੀ ਬਣੇ, ਪਰ ਸਾਡੀ ਉਸ ਮੁਲਾਕਾਤ ਦੀ ਅਲਵਿਦਾ ਨਹੀਂ ਸੀ।
ਨਜ਼ਮਾਂ ਰਾਹੀਂ ਤਾਂ ਜਸਿੰਤਾ ਨੂੰ ਮੈਂ ਹੁਣ ਵੀ ਮਿਲਦਾ ਹਾਂ।
ਜਸਿੰਤਾ ਕੇਰਕੇਟਾ ਦੇ ਕਾਵਿ ਨੇ ਮੇਰੇ ਯਕੀਨ ਨੂੰ ਪੱਕਿਆਂ ਕੀਤਾ ਹੈ ਕਿ ਨਜ਼ਮਾਂ ਮਨ ਦੀ ਮੌਜ ਲਈ ਹੀ ਨਹੀਂ ਹੁੰਦੀਆਂ, ਹਥਿਆਰ ਵੀ ਹੁੰਦੀਆਂ ਹਨ।
ਸੰਪਰਕ: 97810-08582

Advertisement
Author Image

Advertisement