For the best experience, open
https://m.punjabitribuneonline.com
on your mobile browser.
Advertisement

ਮੱਕੀ ’ਤੇ ਫਾਲ ਆਰਮੀਵਰਮ ਦਾ ਹਮਲਾ

10:12 AM Jun 15, 2024 IST
ਮੱਕੀ ’ਤੇ ਫਾਲ ਆਰਮੀਵਰਮ ਦਾ ਹਮਲਾ
(1) ਪੱਤਿਆਂ ਤੇ ਲੂਈ ਨਾਲ ਢਕੇ ਹੋਏ ਆਂਡਿਆਂ ਦੇ ਝੁੰਡ, (2) ਫਾਲ ਆਰਮੀਵਰਮ ਦੀ ਸੁੰਡੀ ਅਤੇ (3) ਫਾਲ ਆਰਮੀਵਰਮ ਦੁਆਰਾ ਨੁਕਸਾਨੇ ਮੱਕੀ ਦੇ ਪੌਦੇ।
Advertisement

ਉਰਵੀ ਸ਼ਰਮਾ*

Advertisement

ਪੰਜਾਬ ਵਿੱਚ ਚਾਰੇ ਵਾਲੇ ਮੱਕੀ ਨੂੰ ਲਗਪਗ 1.0 ਲੱਖ ਹੈਕਟੇਅਰ ਖੇਤਰ ਵਿੱਚ ਸਾਉਣੀ ਰੁੱਤ ਦੀ ਇਕ ਮਹੱਤਵਪੂਰਨ ਫ਼ਸਲ ਦੇ ਤੌਰ ’ਤੇ ਉਗਾਇਆ ਜਾਂਦਾ ਹੈ। ਇਸ ਦੀ ਉੱਚ ਪੌਸ਼ਟਿਕ ਗੁਣਵੱਤਾ, ਜ਼ਿਆਦਾ ਬਾਇਓਮਾਸ ਅਤੇ ਰੇਸ਼ੇ ਦੀ ਵੱਧ ਮਾਤਰਾ ਹੋਣ ਕਰ ਕੇ ਇਸ ਨੂੰ ਦੁੱਧ ਦੇਣ ਵਾਲੇ ਪਸ਼ੂਆਂ ਲਈ ਲਾਹੇਵੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਮੱਕੀ ਨੂੰ ਸਾਈਲੇਜ ਅਤੇ ਸੁੱਕੇ ਟਾਂਡੇ ਦੇ ਤੌਰ ’ਤੇ ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਸ ਨੂੰ ਪ੍ਰਤੀਕੂਲ ਮੌਸਮ ਦੌਰਾਨ ਪਸ਼ੂਆਂ ਲਈ ਵਰਤਿਆ ਜਾ ਸਕਦਾ ਹੈ। ਚਾਰਾ ਮੱਕੀ ਦੀ ਬਿਜਾਈ ਆਮ ਤੌਰ ’ਤੇ ਮਾਰਚ ਦੇ ਪਹਿਲੇ ਹਫ਼ਤੇ ਤੋਂ ਸਤੰਬਰ ਦੇ ਅੱਧ ਤੱਕ ਕੀਤੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਨੂੰ ਲਗਾਤਾਰ ਇਸ ਫ਼ਸਲ ਵਿਚ ਫਾਲ ਆਰਮੀਵਰਮ ਕੀੜੇ ਕਾਰਨ ਨੁਕਸਾਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫਾਲ ਆਰਮੀਵਰਮ, ਮੱਕੀ ਅਤੇ ਚਾਰੇ ਵਾਲੀ ਮੱਕੀ ਦਾ ਮੁੱਖ ਕੀੜਾ ਹੈ। ਇਸ ਕੀੜੇ ਦੀ ਸੁੰਡੀ ਮੁੱਖ ਤੌਰ ’ਤੇ ਮੱਕੀ ਦੇ ਗੋਭ ਦੇ ਪੱਤਿਆਂ ਦਾ ਨੁਕਸਾਨ ਕਰਦੀ ਹੈ। ਪੰਜਾਬ ਵਿੱਚ ਇਸ ਕੀੜੇ ਦੀ ਪਹਿਲੀ ਆਮਦ ਅਗਸਤ 2019 ਵਿੱਚ ਪਛੇਤੀ ਬੀਜੀ ਚਾਰਾ ਮੱਕੀ ਵਿੱਚ ਹੋਈ ਸੀ। ਇਸ ਤੋਂ ਬਾਅਦ ਹਰ ਸਾਲ ਇਸ ਕੀੜੇ ਦਾ ਹਮਲਾ ਮੱਕੀ ਅਤੇ ਚਾਰੇ ਵਾਲੇ ਮੱਕੀ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਦੇਖਿਆ ਗਿਆ। ਮੱਕੀ ਤੋਂ ਇਲਾਵਾ ਇਸ ਦਾ ਹਮਲਾ ਹੋਰ ਫ਼ਸਲਾਂ ਜਿਵੇਂ ਕਿ ਬਾਜਰਾ ਅਤੇ ਜੁਆਰ ਵਿੱਚ ਵੀ ਹੁੰਦਾ ਹੈ, ਜਿੱਥੇ ਇਹ ਵੱਖ-ਵੱਖ ਪੱਧਰਾਂ ਦੇ ਨੁਕਸਾਨ ਦਾ ਕਾਰਨ ਬਣਦਾ ਹੈ। ਇਸ ਕੀੜੇ ਦੇ ਹਮਲੇ ਅਤੇ ਨੁਕਸਾਨ ਤੋਂ ਬਚਣ ਲਈ ਇਸ ਦੀ ਪਛਾਣ ਅਤੇ ਰੋਕਥਾਮ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੀੜਾ ਬੜੀ ਤੇਜ਼ੀ ਨਾਲ਼ ਪੱਤਿਆਂ ਨੂੰ ਖਾ ਜਾਂਦਾ ਹੈ। ਜੇ ਅਣਦੇਖਿਆ ਰਹਿ ਜਾਵੇ ਤਾਂ ਇਹ ਸਾਰੀ ਫ਼ਸਲ ਨੂੰ ਵੀ ਖ਼ਤਮ ਕਰ ਦਿੰਦਾ ਹੈ।
ਫਾਲ ਆਰਮੀਵਰਮ ਕੀੜੇ ਦੀ ਮਾਦਾ ਪਤੰਗਾ ਆਪਣੇ ਜੀਵਨ ਕਾਲ ਵਿੱਚ 1500-2000 ਆਂਡੇ ਦੇ ਸਕਦੀ ਹੈ ਅਤੇ ਆਂਡੇ ਝੁੰਡਾਂ ਦੇ ਰੂਪ ਵਿੱਚ (100-150 ਆਂਡੇ ਪ੍ਰਤੀ ਝੁੰਡ) ਪੱਤੇ ਦੇ ਉੱਪਰ ਜਾਂ ਹੇਠਲੇ ਪੱਧਰ ’ਤੇ ਦੇਖੇ ਜਾਂਦੇ ਹਨ। ਆਂਡਿਆਂ ਦੇ ਝੁੰਡ ਪੱਤਿਆਂ ’ਤੇ ਲੂਈ ਨਾਲ ਢਕੇ ਹੁੰਦੇ ਹਨ ਅਤੇ ਆਸਾਨੀ ਨਾਲ ਦਿੱਸ ਜਾਂਦੇ ਹਨ। ਇਸ ਕੀੜੇ ਦੀ ਸੁੰਡੀ ਦੀ ਪਛਾਣ ਇਸ ਦੇ ਪਿਛਲੇ ਸਿਰੇ ਵੱਲ ਚਾਰ ਵਰਗ ਬਣਾਉਂਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਵਾਈ (Y) ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਹਮਲੇ ਦੀ ਸ਼ੁਰੂਆਤ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਉੱਪਰ ਲੰਬੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ। ਵੱਡੀਆਂ ਸੁੰਡੀਆਂ ਪੱਤਿਆਂ ਉੱਪਰ ਬੇਤਰਤੀਬੀਆਂ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਪੰਜਵੀ-ਛੇਵੀਂ ਅਵਸਥਾ ਦੀਆਂ ਸੁੰਡੀਆਂ ਗੋਭ ਦੇ ਪੱਤਿਆਂ ਨੂੰ ਬੁਰੀ ਤਰ੍ਹਾਂ ਖਾ ਕੇ ਇਨ੍ਹਾਂ ਨੂੰ ਲਗਪਗ ਖ਼ਤਮ ਕਰ ਦਿੰਦੀਆਂ ਹਨ ਅਤੇ ਨਾਲ ਹੀ ਭਾਰੀ ਮਾਤਰਾ ਵਿੱਚ ਖਾਧੇ ਹੋਏ ਪੱਤਿਆਂ ਉੱਪਰ ਵਿੱਠਾਂ ਨਜ਼ਰ ਆਉਂਦੀਆਂ ਹਨ। ਇਹ ਸੁੰਡੀਆਂ ਦਿਨ ਦੇ ਸਮੇਂ ਗੋਭ ਵਿੱਚ ਲੁਕ ਜਾਂਦੀਆਂ ਹਨ। ਛੋਟੀ ਉਮਰ ਦੀ ਫ਼ਸਲ ਉੱਪਰ (ਦਸ ਤੋਂ ਚਾਲੀ ਦਿਨਾਂ ਤੱਕ) ਇਸ ਕੀੜੇ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਸਮੇਂ ਕਿਸਾਨਾਂ ਨੂੰ ਇਸ ਕੀੜੇ ਦੇ ਹਮਲੇ ਪ੍ਰਤੀ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਫ਼ਸਲ ਦੀ ਇਹ ਅਵਸਥਾ ਕੀੜੇ ਦੇ ਹਮਲੇ ਲਈ ਅਨੁਕੂਲ ਹੈ। ਆਮ ਤੌਰ ’ਤੇ ਇਸ ਕੀੜੇ ਦਾ ਹਮਲਾ ਇਕ ਵਾਰ ਘੱਟ ਗਿਣਤੀ ਤੋਂ ਸ਼ੁਰੂ ਹੁੰਦਾ ਹੈ ਅਤੇ ਉਸ ਤੋਂ ਬਾਅਦ ਪੂਰੇ ਖੇਤ ਵਿੱਚ ਤੇਜ਼ੀ ਨਾਲ ਫੈਲ ਜਾਂਦਾ ਹੈ। ਹੇਠ ਦਰਸਾਏ ਗਏ ਸਰਬਪੱਖੀ ਰੋਕਥਾਮ ਰਾਹੀਂ ਇਸ ਕੀੜੇ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ:
• ਚਾਰੇ ਵਾਲੀ ਮੱਕੀ ਲਈ ਜ਼ਿਆਦਾ ਸੰਘਣੀ ਬਿਜਾਈ ਨਾ ਕਰੋ ਅਤੇ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿਲੋ ਪ੍ਰਤੀ ਏਕੜ) ਕਤਾਰਾਂ ਵਿੱਚ ਬਿਜਾਈ ਲਈ ਵਰਤੋ।
• ਕਿਸਾਨਾਂ ਨੂੰ ਇਕੱਲੇ ਚਾਰਾ ਮੱਕੀ ਦੀ ਫ਼ਸਲ ਉਗਾਉਣ ਦੀ ਬਜਾਇ ਮੱਕੀ ਵਿੱਚ ਬਾਜਰਾ/ ਰਵਾਂਹ/ ਜਵਾਰ ਰਲਾ ਕੇ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਖੇਤ ਵਿੱਚ ਕੀੜੇ ਦਾ ਫੈਲਾਅ ਰੋਕਿਆ ਜਾ ਸਕੇ।
• ਚਾਰੇ ਵਾਲੀ ਮੱਕੀ ਦੀ ਬਿਜਾਈ ਅੱਧ-ਅਪਰੈਲ ਤੋਂ ਅੱਧ-ਅਗਸਤ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ।
• ਨਾਲ ਲਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ’ਤੇ ਕਰਨ ਦੀ ਬਜਾਇ ਇਕਸਾਰ ਕਰੋ।
• ਖੇਤ ਦਾ ਲਗਾਤਾਰ ਸਰਵੇਖਣ ਕਰੋ।
• ਪੱਤਿਆਂ ਉੱਤੇ ਫਾਲ ਆਰਮੀਵਰਮ ਕੀੜੇ ਦੇ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰਦੇ ਰਹੋ।
• ਕੀੜੇ ਦਾ ਹਮਲਾ ਦਿਖਾਈ ਦੇਣ ’ਤੇ ਤੁਰੰਤ ਇਸ ਦੀ ਰੋਕਥਾਮ ਲਈ 0.4 ਮਿਲੀਲਿਟਰ ਕੋਰਾਜਨ 18.5 ਐਸਸੀ (ਕਲੋਰਐਂਟਰਾਨਿਲੀਪਰੋਲ) ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਅਤੇ ਇਸ ਤੋਂ ਵਡੀ ਫ਼ਸਲ ਉੱਤੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਕੀਤੀ ਜਾ ਸਕਦੀ ਹੈ। ਛਿੜਕਾਅ ਕਰਨ ਲਈ ਗੋਲ ਨੋਜ਼ਲ ਦੀ ਵਰਤੋਂ ਕਰੋ ਅਤੇ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰੱਖੋ, ਕਿਉਂਕਿ ਸੁੰਡੀ ਗੋਭ ਵਿੱਚ ਖਾਣਾ ਪਸੰਦ ਕਰਦੀ ਹੈ। ਖੇਤ ਵਿੱਚ ਕੀੜੇ ਦਾ ਹਮਲਾ ਹੋਣ ਦੀ ਸੂਰਤ ਵਿੱਚ ਕਿਸਾਨ ਖੇਤੀ ਮਾਹਿਰਾਂ ਨਾਲ ਸੰਪਰਕ ਵੀ ਕਰ ਸਕਦੇ ਹਨ।
ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਕਿਸਾਨਾਂ ਨੂੰ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਬਾਅਦ 21 ਦਿਨਾਂ ਤੱਕ ਮੱਕੀ ਦੇ ਚਾਰੇ ਨੂੰ ਪਸ਼ੂਆਂ ਨੂੰ ਚਰਾਉਣ ਜਾਂ ਚਾਰਾ ਇਕੱਠਾ ਨਾ ਕਰਨ ਲਈ ਸਖ਼ਤੀ ਨਾਲ ਰੋਕਿਆ ਜਾਂਦਾ ਹੈ।
*ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ।

Advertisement
Author Image

joginder kumar

View all posts

Advertisement
Advertisement
×