For the best experience, open
https://m.punjabitribuneonline.com
on your mobile browser.
Advertisement

ਨਿਵੇਕਲੀ ਸ਼ੈਲੀ ’ਚ ਗਾਉਣ ਵਾਲੀ ਫ਼ਕੀਰ ਗਾਇਕਾ ਦੁੱਕੀ ਮਾਛਣ

10:29 AM Mar 16, 2024 IST
ਨਿਵੇਕਲੀ ਸ਼ੈਲੀ ’ਚ ਗਾਉਣ ਵਾਲੀ ਫ਼ਕੀਰ ਗਾਇਕਾ ਦੁੱਕੀ ਮਾਛਣ
Advertisement

ਬਲਵਿੰਦਰ ਸਿੰਘ ਭੁੱਲਰ

Advertisement

ਸਦੀਆਂ ਤੋਂ ਅਜਿਹੇ ਇਨਸਾਨ ਦੁਨੀਆ ’ਚ ਜਨਮ ਲੈਂਦੇ ਆਏ ਹਨ ਜਿਨ੍ਹਾਂ ਨੇ ਦੁੱਖਾਂ ਤਕਲੀਫ਼ਾਂ ਨੂੰ ਪਰੇ ਸੁੱਟ ਕੇ ਸਮਝ ਤੇ ਦ੍ਰਿੜਤਾ ਨਾਲ ਨਵੇਂ ਰਸਤਿਆਂ ’ਤੇ ਤੁਰਨ ਦਾ ਹੌਸਲਾ ਕੀਤਾ ਤੇ ਸਫਲ ਹੋਏ। ਅਜਿਹੀ ਹੀ ਪੰਜਾਬੀ ਗਾਇਕਾ ਸੀ ਉਮਦਾ ਮਾਛਣ ਉਰਫ਼ ਦੁੱਕੀ ਮਾਛਣ। ਪੰਜਾਬੀ ਔਰਤਾਂ ਦੀ ਸਟੇਜੀ ਗਾਇਕੀ ਦਾ ਮੁੱਢ ਬੰਨ੍ਹਣ ਵਾਲੀਆਂ ’ਚੋਂ ਦੁੱਕੀ ਮਾਛਣ ਸਾਂਝੇ ਪੰਜਾਬ ਦੀ ਨਿਵੇਕਲੀ ਸ਼ੈਲੀ ਵਿੱਚ ਗਾਉਣ ਵਾਲੀ ਗਾਇਕਾ ਸੀ। ਦੇਸ਼ ਵੰਡ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਦੋ ਹੀ ਪੰਜਾਬੀ ਗਾਇਕਾਵਾਂ ਸਨ, ਦੁੱਕੀ ਮਾਛਣ ਤੇ ਮਿਸ ਨਵਾਬ। ਇਨ੍ਹਾਂ ’ਚੋਂ ਮਿਸ ਨਵਾਬ ਬਾਅਦ ਵਿੱਚ ਤਵਾਇਫ਼ ਬਣ ਗਈ ਸੀ ਪਰ ਦੁੱਕੀ ਨੇ ਆਪਣੀ ਗਾਇਕੀ ਨੂੰ ਸਿਖ਼ਰਾਂ ਤੱਕ ਪਹੁੰਚਾਇਆ ਤੇ ਚੰਗਾ ਮਾਣ ਹਾਸਲ ਕੀਤਾ।
ਮਾਛੀ ਮੁਸਲਮਾਨਾਂ ਦੀ ਗ਼ਰੀਬ ਜਾਤੀ ਸੀ ਜੋ ਲੋਕਾਂ ਦੇ ਘਰਾਂ ਵਿੱਚ ਮਸ਼ਕਾਂ ਨਾਲ ਪਾਣੀ ਭਰਿਆ ਕਰਦੇ ਸਨ। ਮਾਛੀ ਪਰਿਵਾਰ ਵਿੱਚ ਦੁੱਕੀ ਦਾ ਜਨਮ 1910 ਦੇ ਲਗਭਗ ਮੰਨਿਆ ਜਾਂਦਾ ਹੈ। ਉਹ ਉਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੁਬਾਜ ਕੇ ਜਿਸ ਨੂੰ ਅੱਜਕੱਲ੍ਹ ਪ੍ਰਭਾਤ ਸਿੰਘ ਵਾਲਾ ਕਿਹਾ ਜਾਂਦਾ ਹੈ, ਵਿਖੇ ਪਿਤਾ ਖ਼ੁਸ਼ੀ ਮੁਹੰਮਦ ਤੇ ਮਾਤਾ ਬੀਬੀ ਫਾਤਿਮਾ ਦੇ ਘਰ ਪੈਦਾ ਹੋਈ। ਉਹ ਮਾਪਿਆਂ ਦੀ ਇਕਲੌਤੀ ਔਲਾਦ ਸੀ ਅਤੇ ਉਹ ਪੰਜ ਕੁ ਸਾਲ ਦੀ ਹੀ ਜਦੋਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਮਾਪਿਆਂ ਦੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ। ਇਸ ਲਈ ਉਹ ਏਨੀ ਛੋਟੀ ਉਮਰ ਤੋਂ ਹੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਜਾਂ ਹੋਰ ਕੰਮ ਕਰਕੇ ਆਪਣੀ ਭੁੱਖ ਮਿਟਾਉਂਦੀ ਰਹੀ। ਉਹ ਦੁਖੀ ਹੁੰਦੀ ਤਾਂ ਆਪਣੇ ਦੁੱਖਾਂ ਨੂੰ ਉੱਚੀ ਉੱਚੀ ਬੋਲਣ ਲੱਗ ਜਾਂਦੀ। ਉਸ ਦੇ ਦੁੱਖ ਹੂਕ ਬਣ ਕੇ ਨਿਕਲਦੇ। ਇਸ ਦਰਦ ਦੀਆਂ ਚੀਸਾਂ ਨੇ ਹੀ ਉਸ ਦੇ ਦਿਲ ’ਚ ਗਾਉਣ ਦਾ ਸ਼ੌਕ ਪੈਦਾ ਕਰ ਦਿੱਤਾ।
ਉਸ ਦੀ ਆਵਾਜ਼ ਵਿੱਚ ਬਹੁਤ ਦਮ ਸੀ। ਪਿੰਡ ਸੁਬਾਜ ਕੇ ਵਿਖੇ ਇੱਕ ਪੀਰ ਮੁਹੰਮਦ ਸ਼ਾਹ ਦੀ ਮਜ਼ਾਰ ਹੈ, ਜਿੱਥੇ ਹਰ ਸਾਲ ਮੇਲਾ ਲੱਗਦਾ ਸੀ। ਉੱਥੇ ਦੂਰੋਂ ਦੂਰੋਂ ਕਲਾਕਾਰ ਤੇ ਨਚਾਰ ਆਉਂਦੇ ਤੇ ਆਪਣੇ ਕਲਾਮ, ਗੀਤ ਤੇ ਨਾਚ ਪੇਸ਼ ਕਰਦੇ। ਦੁੱਕੀ ਵੀ ਇਸ ਮੇਲੇ ਵਿੱਚ ਆਪਣਾ ਸ਼ੌਕ ਪੂਰਾ ਕਰਨ ਲਈ ਨਚਾਰਾਂ ਨੂੰ ਵੇਖਦਿਆਂ ਝਾਂਜਰਾਂ ਪਾ ਕੇ ਨੱਚਣ ਲੱਗ ਜਾਂਦੀ ਤੇ ਗਾਉਂਦੀ। ਉਸ ਦੀ ਗਾਉਣ ਦੀ ਸ਼ੈਲੀ ਨਿਵੇਕਲੀ ਸੀ, ਜਿਵੇਂ ਤਾਰਾ ਚੜ੍ਹਦੇ ਨਾਲ ਕਿਸਾਨ ਖੇਤਾਂ ਵਿੱਚ ਹਲ਼ ਜੋੜ ਕੇ ਆਵਾਜ਼ਾਂ ਕੱਢਦੇ ਲੰਬੀ ਹੇਕ ਨਾਲ ਕਲੀਆਂ ਲਾਉਂਦੇ ਹੁੰਦੇ ਸਨ। ਉਸੇ ਤਰਜ਼ ’ਤੇ ਉਹ ਦੋਹਰੇ ਛੰਦ ਉੱਚੀ ਸੁਰ ਵਿੱਚ ਗਾਇਆ ਕਰਦੀ ਸੀ। ਉਸ ਦੇ ਗਾਉਣ ਨੂੰ ਜਦੋਂ ਲੋਕਾਂ ਨੇ ਸਲਾਹਿਆ ਤਾਂ ਦੁੱਕੀ ਨੇ ਹੌਸਲਾ ਕਰਕੇ ਇੱਕ ਹਿੰਦੂ ਗਾਇਕ ਖ਼ੁਸ਼ੀ ਰਾਮ ਨੂੰ ਉਸਤਾਦ ਧਾਰ ਕੇ ਉਸ ਤੋਂ ਸਿੱਖਿਆ ਲਈ। ਜਦ ਉਹ ਗਾਇਕਾ ਪ੍ਰਵਾਨ ਹੋ ਗਈ ਤਾਂ ਮੇਲੇ ਦੀ ਸ਼ਾਨ ਸਮਝੀ ਜਾਣ ਲੱਗੀ। ਉਹ ਲੋਕਗੀਤ ਜਾਂ ਲੋਕ ਕਥਾਵਾਂ ਗਾਉਂਦੀ ਉੱਚੀ ਸੁਰ ’ਚ ਆਵਾਜ਼ ਕੱਢਦੀ :
ਓ ਮੇਰਿਆ ਬੇਲੀਆ
ਅੜਿਆ ਸ਼ੀਸ਼ੀ ਭਰੀ ਸ਼ਰਾਬ ਦੀ
ਬੇਲੀਆ ਨਿੱਤਰੀ ਵਾਂਗ ਕਪੂਰ
ਵੇ ਮੈਨੂੰ ਸੁੱਤੀ ਨੂੰ ਕਿਵੇਂ ਦਿਨ ਚੜ੍ਹ ਗਿਆ
ਵੇ ਮੈਂ ਖੇਲਣ ਜਾਣਾ ਦੂਰ
ਅੜਿਆ ਕੱਲ੍ਹ ਚੜ੍ਹਾਈਆਂ ਵੇ ਚੂੜੀਆਂ
ਅੱਜ ਹੋ ਗਈਆਂ ਚਕਨਾਚੂਰ
ਉਹ ਸਰੋਤਿਆਂ ਨੂੰ ਬੰਨ੍ਹ ਕੇ ਬਿਠਾ ਲੈਂਦੀ। ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋਏ ਸੱਥ ਵਿੱਚ ਬੈਠੇ ਬਜ਼ੁਰਗ ਉਸ ਨੂੰ ਤੁਰੀ ਜਾਂਦੀ ਨੂੰ ਰੋਕ ਕੇ ਕੁਝ ਸੁਣਾਉਣ ਲਈ ਕਹਿੰਦੇ ਤਾਂ ਉਹ ਉੱਥੇ ਹੀ ਖੜ੍ਹ ਕੇ ਕੰਨ ’ਤੇ ਹੱਥ ਧਰ ਕੇ ਹੇਕ ਲਾਉਂਦੀ। ਸਰੋਤੇ ਉਸ ਦੀ ਆਵਾਜ਼ ਸੁਣ ਕੇ ਅਸ਼ ਅਸ਼ ਕਰ ਉੱਠਦੇ, ਸ਼ਾਬਾਸ਼ ਦਿੰਦੇ ਅਤੇ ਸਮੁੱਚੇ ਪਿੰਡ ਦੀ ਸਾਂਝੀ ਧੀ ਕਹਿ ਕੇ ਮਾਣ ਕਰਦੇ। ਲੋਕ ਕਥਾਵਾਂ ਤੇ ਲੋਕ ਗੀਤਾਂ ਨੂੰ ਹੀ ਉਹ ਕਲੀ ਦੇ ਰੂਪ ਵਿੱਚ ਪੇਸ਼ ਕਰਦੀ ਸੀ। ਉਸ ਦੀ ਆਵਾਜ਼ ਵਿੱਚ ਦਰਦ ਸੀ, ਗੂੰਜ ਸੀ। ਉਹ ਜਦ ਬਿਰਹਾ ਵਿਛੋੜੇ ਦੇ ਗੀਤ ਪੇਸ਼ ਕਰਦੀ ਤਾਂ ਖ਼ੁਦ ਅੱਖਾਂ ’ਚੋਂ ਅੱਥਰੂ ਕੇਰਦੀ ਰਹਿੰਦੀ ਅਤੇ ਕਈ ਵਾਰ ਦਰਸ਼ਕਾਂ ਨੂੰ ਵੀ ਹੰਝੂ ਸੁੱਟਣ ਲਈ ਮਜਬੂਰ ਕਰ ਦਿੰਦੀ:
ਭੇਜ ਵਾਪਸ ਹੀਰੇ, ਮੁੜ ਜਾਈਏ ਘਰਾਂ ਨੂੰ
ਕਾਹਨੂੰ ਦੇਨੀ ਏਂ, ਅੜੀਏ ਝੂਠੇ ਨੀਂ ਲਾਰੇ।
ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਰਿਸ਼ਤੇਦਾਰੀ ’ਚੋਂ ਚਾਚੇ ਦੇ ਮੁੰਡੇ ਨਾਲ ਪਿੰਡ ‘ਬੱਗੇ ਕੇ ਹਿਠਾੜ’ ਕਰ ਦਿੱਤਾ ਪਰ ਉਸ ਦੇ ਦੁੱਖ ਅਜੇ ਮੁੱਕੇ ਨਹੀਂ ਸਨ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਪਤੀ ਦੀ ਮੌਤ ਹੋ ਗਈ। ਉਸ ਦੇ ਕੋਈ ਬੱਚਾ ਵੀ ਨਹੀਂ ਸੀ ਪਰ ਉਸ ਤੋਂ ਬਾਅਦ ਉਸ ਨੇ ਵਿਆਹ ਦਾ ਖ਼ਿਆਲ ਸਦਾ ਲਈ ਤਿਆਗ ਦਿੱਤਾ ਅਤੇ ਆਪਣੇ ਆਪ ਨੂੰ ਗਾਇਕੀ ਲਈ ਸਮਰਪਿਤ ਕਰ ਲਿਆ। 1938 ਵਿੱਚ ਉਸ ਸਮੇਂ ਦੀ ਪ੍ਰਸਿੱਧ ਗ੍ਰਾਮੋਫੋਨ ਕੰਪਨੀ ਨੇ ਉਸ ਨਾਲ ਸੰਪਰਕ ਕੀਤਾ ਤਾਂ ਜੋ ਉਸ ਦੇ ਗਾਏ ਗੀਤਾਂ ਨੂੰ ਰਿਕਾਰਡ ਕੀਤਾ ਜਾ ਸਕੇ। 1939 ਵਿੱਚ ਉਸ ਦਾ ਪਹਿਲਾ ਗੀਤ ਪੱਥਰ ਦੇ ਤਵੇ ’ਤੇ ਰਿਕਾਰਡ ਹੋ ਕੇ ਮਾਰਕੀਟ ਵਿੱਚ ਆਇਆ ਜਿਸਦਾ ਨੰਬਰ ਐੱਫ 12706 ਸੀ। ਇਸ ਉਪਰੰਤ ਉਸ ਦੇ ਹੋਰ ਕਈ ਰਿਕਾਰਡ ਬਾਜ਼ਾਰ ਵਿੱਚ ਆਏ। ਉਦੋਂ ਵਿਆਹਾਂ ਸਮੇਂ ਕੋਠਿਆਂ ’ਤੇ ਮੰਜੇ ਖੜ੍ਹੇ ਕਰਕੇ ਸਪੀਕਰ ਲਾਏ ਜਾਂਦੇ ਸਨ। ਦੁੱਕੀ ਮਾਛਣ ਦੇ ਰਿਕਾਰਡ ਇੰਨੇ ਮਸ਼ਹੂਰ ਹੋ ਗਏ ਕਿ ਜਦ ਵਿਆਹਾਂ ਲਈ ਸਪੀਕਰ ਬੁੱਕ ਕਰਨਾ ਹੁੰਦਾ ਤਾਂ ਲੋਕ ਸਪੀਕਰ ਵਾਲੇ ਨੂੰ ਪੁੱਛਦੇ ਕਿ ਤੇਰੇ ਕੋਲ ਦੁੱਕੀ ਦੇ ਰਿਕਾਰਡ ਹਨ?
ਇਲਾਕੇ ਵਿੱਚ ਦੁੱਕੀ ਮਾਛਣ ਗਾਇਕਾ ਵਜੋਂ ਬਹੁਤ ਮਸ਼ਹੂਰ ਹੋ ਗਈ ਤਾਂ ਉਹ ਇੱਕ ਨਵੀਂ ਮੁਸੀਬਤ ਵਿੱਚ ਫਸ ਗਈ। ਲਾਹੌਰ ਦੇ ਇੱਕ ਨਵਾਬ ਨੇ ਉਸ ਦੀ ਗਾਇਕੀ ਸੁਣਨ ਲਈ ਉਸ ਨੂੰ ਲਾਹੌਰ ਬੁਲਾਇਆ। ਉਸ ਦੀ ਪੇਸ਼ਕਾਰੀ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤਾਂ ਉਸ ਦੇ ਮਨ ’ਚ ਬੇਈਮਾਨੀ ਜਾਗ ਪਈ ਅਤੇ ਉਸ ਨੂੰ ਵਾਪਸ ਭੇਜਣ ਤੋਂ ਇਨਕਾਰੀ ਹੋ ਗਿਆ। ਉਸ ਨੂੰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਬੰਦੀ ਬਣਾ ਕੇ ਰੱਖ ਲਿਆ। ਪਿੰਡ ਸੁਬਾਜ ਕੇ ਦੇ ਵਸਨੀਕ ਉਸ ਦੀ ਬਹੁਤ ਕਦਰ ਕਰਦੇ ਸਨ ਤੇ ਪਿੰਡ ਦੀ ਧੀ ਸਵੀਕਾਰ ਕਰਦੇ ਸਨ। ਉਨ੍ਹਾਂ ਨੂੰ ਦੁੱਕੀ ਦੇ ਵਾਪਸ ਨਾ ਆਉਣ ਦੀ ਚਿੰਤਾ ਹੋਣ ਲੱਗੀ ਪਰ ਕਿਤੋਂ ਵੀ ਉਸ ਦੀ ਸੂਹ ਨਾ ਮਿਲੀ। ਇੱਕ ਦਿਨ ਕੋਈ ਮੰਗਤਾ ਹੀਰਾ ਮੰਡੀ ਵਿੱਚ ਮੰਗਦਾ ਹੋਇਆ ਜਦ ਉਸ ਦੇ ਚੁਬਾਰੇ ਵਾਲੀ ਗਲੀ ਵਿੱਚ ਆਇਆ ਤਾਂ ਉਸ ਨੇੇ ਹੇਠਾਂ ਮੰਗਤੇ ਕੋਲ ਜਾ ਕੇ ਬੇਨਤੀ ਕੀਤੀ ਕਿ ਉਹ ਮੇਰੇ ਪਿੰਡ ਸੁਬਾਜ ਕੇ ਵਿਖੇ ਜਾ ਕੇ ਸੁਨੇਹਾ ਦੇ ਦੇਵੇ ਕਿ ਮੈਨੂੰ ਨਵਾਬ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਮੰਗਤੇ ਨੇ ਭਲਾ ਕਰਨ ਦੇ ਇਰਾਦੇ ਨਾਲ ਉਸ ਦਾ ਸੁਨੇਹਾ ਪਹੁੰਚਾ ਦਿੱਤਾ। ਇਹ ਪਤਾ ਲੱਗਣ ’ਤੇ ਪਿੰਡ ਦਾ ਇਕੱਠ ਹੋਇਆ ਤੇ ਦੁੱਕੀ ਨੂੰ ਵਾਪਸ ਲਿਆਉਣ ਦਾ ਫ਼ੈਸਲਾ ਕੀਤਾ ਗਿਆ। ਨਵਾਬ ਤਾਂ ਵਾਪਸ ਭੇਜਣ ਤੋਂ ਇਨਕਾਰੀ ਸੀ, ਇਸ ਲਈ ਉਸ ਤੋਂ ਚੋਰੀ ਹੀ ਦੁੱਕੀ ਨੂੰ ਲਿਆਂਦਾ ਜਾ ਸਕਦਾ ਸੀ।
ਪਿੰਡ ਦੇ ਦੋ ਗੱਭਰੂਆਂ ਈਸ਼ਰ ਸਿੰਘ ਤੇ ਗੁਰੀਆ ਸਿੰਘ ਨੇ ਦੁੱਕੀ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਲੈ ਲਈ। ਗੁਰੀਆ ਸਿੰਘ ਜੋਗੀਆਂ ਵਾਲੀ ਬੀਨ ਵਜਾ ਲੈਂਦਾ ਸੀ। ਉਨ੍ਹਾਂ ਦੋਵਾਂ ਨੇ ਜੋਗੀਆਂ ਦਾ ਰੂਪ ਧਾਰ ਲਿਆ ਤੇ ਲਾਹੌਰ ਦੀ ਹੀਰਾ ਮੰਡੀ ਪਹੁੰਚ ਗਏ। ਬੀਨ ਸੁਣ ਕੇ ਜਦ ਦੁੱਕੀ ਨੇ ਬਾਹਰ ਦੇਖਿਆ ਤਾਂ ਉਹ ਪਛਾਣ ਕੇ ਹੇਠਾਂ ਆਈ। ਉਨ੍ਹਾਂ ਨੌਜਵਾਨਾਂ ਨੇ ਉਸ ਨੂੰ ਸਮਝਾਇਆ ਕਿ ਅੱਧੀ ਰਾਤ ਅਸੀਂ ਆਵਾਂਗੇ, ਉਦੋਂ ਤੂੰ ਰੱਸੀ ਨਾਲ ਹੇਠਾਂ ਉਤਰ ਆਵੀਂ ਤੇ ਆਪਾਂ ਭੱਜ ਚੱਲਾਂਗੇ। ਇਸ ਤਰ੍ਹਾਂ ਉਹ ਰਾਤ ਨੂੰ ਉਸ ਨੂੰ ਨਵਾਬ ਦੇ ਕਬਜ਼ੇ ਤੋਂ ਛੁਡਵਾ ਲਿਆਏ ਅਤੇ ਰਾਤ ਦੇ ਹਨੇਰੇ ਵਿੱਚ ਹੀ ਉਨ੍ਹਾਂ ਨੇ ਸਤਲੁਜ ਦਰਿਆ ਪਾਰ ਕੀਤਾ। ਜਦ ਉਹ ਦਰਿਆ ਦੇ ਅੱਧ ਵਿਚਕਾਰ ਸਨ ਤਾਂ ਨੌਜਵਾਨਾਂ ਨੇ ਆਪਣੀ ਜਿੱਤ ਸਮਝ ਕੇ ਦੁੱਕੀ ਨੂੰ ਕਿਹਾ, ‘‘ਤੂੰ ਹੁਣ ਹੇਕ ਲਾ, ਨਵਾਬ ਹੁਣ ਕੁਝ ਨਹੀਂ ਕਰ ਸਕਦਾ।’’ ਦੁੱਕੀ ਨੇ ਹੇਕ ਲਾ ਕੇ ਇੱਕ ਤਰ੍ਹਾਂ ਜਿੱਤ ਦਾ ਜਸ਼ਨ ਮਨਾਇਆ ਤੇ ਦਰਿਆ ਪਾਰ ਕਰਕੇ ਘੋੜੀ ’ਤੇ ਉਹ ਪਿੰਡ ਆ ਪਹੁੰਚੇ। ਦੁੱਕੀ ਦੇ ਪਿੰਡ ਆਉਣ ’ਤੇ ਲੋਕਾਂ ਨੇ ਬਹੁਤ ਖ਼ੁਸ਼ੀ ਮਨਾਈ ਅਤੇ ਦੋਵੇਂ ਨੌਜਵਾਨਾਂ ਦਾ ਸਤਿਕਾਰ ਕੀਤਾ।
ਦੁੱਕੀ ਦੀ ਗਾਇਕੀ ਇਸ ਹੱਦ ਤੱਕ ਪ੍ਰਸਿੱਧ ਹੋ ਗਈ ਕਿ ਦੂਰੋਂ ਦੂਰੋਂ ਜਗੀਰਦਾਰ ਤੇ ਨਵਾਬ ਸੁਣਨ ਲਈ ਉਤਾਵਲੇ ਰਹਿੰਦੇ। ਇੱਕ ਵਾਰ ਜਲਾਲਾਬਾਦ ਸ਼ਹਿਰ ਵਸਾਉਣ ਵਾਲੇ ਜਗੀਰਦਾਰ ਜਲਾਲੂਦੀਨ ਨੇ ਦੁੱਕੀ ਨੂੰ ਗੀਤ ਸੁਣਨ ਲਈ ਬੁਲਾਇਆ। ਦੁੱਕੀ ਦਾ ਅਖਾੜਾ ਸੁਣ ਕੇ ਉਹ ਇਸ ਕਦਰ ਖ਼ੁਸ਼ ਹੋਇਆ ਕਿ ਉਸ ਨੇ ਕਿਹਾ, ‘‘ਦੁੱਕੀ! ਮੰਗ ਜੋ ਕੁਝ ਮੰਗਣਾ ਹੈ।’’ ਦੁੱਕੀ ਫ਼ਕੀਰੀ ਵਾਲਾ ਜੀਵਨ ਬਤੀਤ ਕਰ ਰਹੀ ਸੀ। ਉਹ ਆਪਣੇ ਨਿੱਜ ਤੋਂ ਉੱਪਰ ਉੱਠ ਚੁੱਕੀ ਸੀ। ਉਸ ਨੇ ਜਗੀਰਦਾਰ ਨੂੰ ਕਿਹਾ, ‘‘ਜਲਾਲਾਬਾਦ ਤੋਂ ਬੱਗੇ ਕੇ ਹਿਠਾੜ ਤੱਕ ਸੜਕ ਬਣਾ ਦਿਓ।’’ ਜਲਾਲੂਦੀਨ ਉਸ ਦੀ ਸੋਚ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਦੁੱਕੀ ਦੇ ਸਹੁਰੇ ਪਿੰਡ ਤੱਕ ਸੜਕ ਵੀ ਬਣਵਾ ਦਿੱਤੀ ਅਤੇ ਉਹ ਪਿੰਡ ਬੱਗੇ ਕੇ ਹਿਠਾੜ ਵੀ ਦੁੱਕੀ ਨੂੰ ਜਗੀਰ ਵਜੋਂ ਦੇ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਜਗੀਰਦਾਰ ਨੇ ਪਿੰਡ ‘ਰਾਣਾ’ ਦੁੱਕੀ ਨੂੰ ਜਗੀਰ ਵਜੋਂ ਦੇ ਦਿੱਤਾ ਜਿਸ ਸਦਕਾ ਦੁੱਕੀ ਮਾਛਣ ਦੋ ਪਿੰਡਾਂ ਦੀ ਮਾਲਕ ਬਣੀ।
ਸੰਨ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਦੁੱਕੀ ਨੇ ਮਜਬੂਰਨ ਚੜ੍ਹਦਾ ਪੰਜਾਬ ਛੱਡਣ ਦਾ ਫ਼ੈਸਲਾ ਕਰ ਲਿਆ। ਭਾਵੇਂ ਪਿੰਡ ਵਾਸੀ ਉਸ ਨੂੰ ਭੇਜਣਾ ਤਾਂ ਨਹੀਂ ਸਨ ਚਾਹੁੰਦੇ ਪਰ ਹਾਲਾਤ ਹੀ ਅਜਿਹੇ ਸਨ। ਆਖ਼ਰ ਉਨ੍ਹਾਂ ਨੇ ਫ਼ੈਸਲਾ ਕਰਕੇ ਈਸ਼ਰ ਸਿੰਘ ਤੇ ਗੁਰੀਆ ਸਿੰਘ ਨੂੰ ਦੁੱਕੀ ਨਾਲ ਭੇਜਿਆ ਜੋ ਪੂਰੀ ਸੁਰੱਖਿਆ ਨਾਲ ਉਸ ਨੂੰ ਸਤਲੁਜ ਦਰਿਆ ਪਾਰ ਕਰਵਾ ਕੇ ਲਹਿੰਦੇ ਪੰਜਾਬ ਵੱਲ ਛੱਡ ਕੇ ਆਏ। ਇਸ ਉਪਰੰਤ ਉਹ ਪਾਕਪਟਨ ਸ਼ਹਿਰ ਵਿੱਚ ਰਹਿਣ ਲੱਗੀ। ਓਧਰ ਵੀ ਉਸ ਨੇ ਗਾਇਕੀ ਜਾਰੀ ਰੱਖੀ ਤੇ ਪਾਕਿਸਤਾਨ ਦੇ ਲੋਕਾਂ ਨੇ ਉਸ ਦੀ ਗਾਇਕੀ ਦੀ ਕਦਰ ਕੀਤੀ ਪਰ ਦੁੱਕੀ ਦਾ ਪਾਕਿਸਤਾਨ ਵਿੱਚ ਮਨ ਨਾ ਲੱਗਾ ਤੇ ਪੰਜ ਛੇ ਸਾਲਾਂ ਬਾਅਦ ਉਸ ਦੀ ਮੌਤ ਹੋ ਗਈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਦਹਾਕਿਆਂ ਤੱਕ ਦੋਵੇਂ ਪਿੰਡ ਬੱਗੇ ਕੇ ਹਿਠਾੜ ਤੇ ਰਾਣਾ ਦੁੱਕੀ ਮਾਛਣ ਦੇ ਨਾਂ ਬੋਲਦੇ ਰਹੇ। ਉਸ ਤੋਂ ਬਾਅਦ ਉਸ ਦੀ ਮਲਕੀਅਤ ਸਥਾਨਕ ਸਰਕਾਰਾਂ ਦੇ ਨਾਂ ਕਰ ਦਿੱਤੀ ਗਈ। ਦੁੱਕੀ ਮਾਛਣ ਵੱਲੋਂ ਪੰਜਾਬੀ ਬੋਲੀ ਦੀ ਕੀਤੀ ਸੇਵਾ, ਨਿਵੇਕਲੀ ਸ਼ੈਲੀ ਦੀ ਗਾਇਕੀ ਤੇ ਫ਼ਕੀਰੀ ਸੁਭਾਅ ਨੂੰ ਅੱਜ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਭੁੱਲੇ ਨਹੀਂ ਹਨ।
ਸੰਪਰਕ: 98882-75913

Advertisement
Author Image

joginder kumar

View all posts

Advertisement
Advertisement
×