ਨਾਜਾਇਜ਼ ਵਸੂਲੀ ਕਰਦਾ ਫ਼ਰਜ਼ੀ ਟਿਕਟ ਚੈੱਕਰ ਕਾਬੂ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 30 ਅਗਸਤ
ਰੇਲ ਵਿਭਾਗ ਦੇ ਟਿਕਟ ਚੈਕਿੰਗ ਸਟਾਫ ਨੇ ਅੱਜ ਅੰਮ੍ਰਿਤਸਰ-ਕਟਿਹਾਰ ਐਕਸਪ੍ਰੈੱਸ ਵਿੱਚ ਚੈਕਿੰਗ ਦੌਰਾਨ ਫ਼ਰਜ਼ੀ ਟਿਕਟ ਚੈੱਕਰ ਨੂੰ ਕਾਬੂ ਕੀਤਾ ਹੈ। ਬਾਅਦ ਵਿੱਚ ਉਸ ਨੂੰ ਜੀਆਰਪੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਫ਼ਰਜ਼ੀ ਟਿਕਟ ਚੈੱਕਰ ਤੋਂ ਯਾਤਰੀ ਕੋਲੋਂ ਨਾਜਾਇਜ਼ ਢੰਗ ਨਾਲ ਵਸੂਲੇ ਛੇ ਸੌ ਰੁਪਏ ਵੀ ਬਰਾਮਦ ਕੀਤੇ ਗਏ ਹਨ ਜੋ ਬਾਅਦ ਵਿੱਚ ਉਸ ਯਾਤਰੀ ਨੂੰ ਮੋੜ ਦਿੱਤੇ ਗਏ। ਰੇਲਵੇ ਅਧਿਕਾਰੀ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਦਿਨ ਵੇਲੇ ਜਦੋਂ ਉਨ੍ਹਾਂ ਦਾ ਚੈਕਿੰਗ ਸਟਾਫ ਉਕਤ ਰੇਲ ਗੱਡੀ ਵਿੱਚ ਟਿਕਟਾਂ ਚੈੱਕ ਕਰ ਰਿਹਾ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਖ਼ੁਦ ਨੂੰ ਟਿਕਟ ਚੈੱਕਰ ਦੱਸ ਕੇ ਯਾਤਰੀਆਂ ਤੋਂ ਨਾਜਾਇਜ਼ ਵਸੂਲੀ ਕਰ ਰਿਹਾ ਹੈ। ਇਹ ਸੁਣਦਿਆਂ ਹੀ ਜੀਆਰਪੀ ਦੇ ਜਵਾਨਾਂ ਨੂੰ ਨਾਲ ਲੈ ਕੇ ਉਸ ਨੇ ਫ਼ਰਜ਼ੀ ਟਿਕਟ ਚੈੱਕਰ ਨੂੰ ਕਾਬੂ ਕਰ ਲਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜੀਆਰਪੀ ਸੱਜਣ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਕਰਕੇ ਇਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਰੇਲ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਨੂੰ ਚੌਕਸ ਰਹਿਣ ਦੀ ਅਪੀਲ ਵੀ ਕੀਤੀ ਹੈ।