ਲਿੰਗ ਜਾਂਚ ਕਰਨ ਵਾਲਾ ਜਾਅਲੀ ਡਾਕਟਰ ਕਾਬੂ
ਹਰਜੀਤ ਸਿੰਘ
ਡੇਰਾਬੱਸੀ, 20 ਸਤੰਬਰ
ਸਿਹਤ ਵਿਭਾਗ ਨੇ ਭਰੂਣ ਦੇ ਲਿੰਗ ਦੀ ਜਾਂਚ ਕਰਨ ਵਾਲੇ ਕਥਿਤ ਜਾਅਲੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਡੇਰਾਬੱਸੀ ਹਾਈਵੇਅ ਕੰਢੇ ਮਿਨੀ ਬੱਸ ਵਿੱਚ ਆਪਣਾ ਦੇਸੀ ਦਵਾਖਾਨਾ ਚਲਾ ਰਿਹਾ ਸੀ। ਇਹ ਕਾਰਵਾਈ ਬਰਨਾਲਾ, ਜ਼ਿਲ੍ਹਾ ਮੁਹਾਲੀ ਅਤੇ ਸਿਰਸਾ ਹਰਿਆਣਾ ਤੋਂ ਆਈਆਂ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਕ੍ਰਿਸ਼ਨ ਕੁਮਾਰ ਹਾਲ ਵਾਸੀ ਡੇਰਾਬੱਸੀ ਅਤੇ ਮੂਲਰੂਪ ਵਾਸੀ ਰਾਜਸਥਾਨ ਦੇ ਤੌਰ ’ਤੇ ਹੋਈ ਹੈ। ਪੁਲੀਸ ਨੇ ਡੇਰਾਬੱਸੀ ਸਿਵਲ ਹਸਪਤਾਲ ਦੇ ਐਸਐਮਓ ਡਾ. ਧਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਬਰਨਾਲਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਝੋਲਾ ਛਾਪ ਡਾਕਟਰ ਗਰਭਵਤੀ ਔਰਤਾਂ ਨੂੰ ਬੱਚਿਆਂ ਦੇ ਲਿੰਗ ਜਾਂਚ ਕਰਨ ਦਾ ਝਾਂਸਾ ਦੇ ਕੇ ਲੋਕਾਂ ਨੂੰ ਮੂਰਖ ਬਣਾ ਕੇ ਮੋਟੇ ਪੈਸੇ ਲੁੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਡੇਰਾਬੱਸੀ ਭੂਸ਼ਨ ਫੈਕਟਰੀ ਦੇ ਸਾਹਮਣੇ ਸੜਕ ਕੰਢੇ ਇਕ ਮਿਨੀ ਬੱਸ ਵਿੱਚ ਅਜਿਹਾ ਹੀ ਵਿਅਕਤੀ ਗੋਰਖਧੰਦਾ ਚਲਾ ਰਿਹਾ ਸੀ। ਮੁਲਜ਼ਮ ਔਰਤਾਂ ਨੂੰ ਮੁੰਡੇ ਹੋਣ ਲਈ ਜੜੀ ਬੂਟੀਆਂ ਵੀ ਦਿੰਦਾ ਸੀ। ਸ੍ਰੀ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਫਰਜ਼ੀ ਗਰਭਵਤੀ ਮਹਿਲਾ ਦੀ ਡਾਕਟਰ ਨਾਲ ਗੱਲ ਕਰਵਾਈ ਤੇ ਜਾਂਚ ਲਈ 35 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ ਪੰਜ ਹਜ਼ਾਰ ਪਹਿਲਾਂ ਉਸ ਦੇ ਖ਼ਾਤੇ ’ਚ ਪਾਏ ਗਏ। ਇਸ ਮਗਰੋਂ ਤਿੰਨੇ ਜ਼ਿਲ੍ਹਿਆਂ ਦੀਆਂ ਸਿਹਤ ਵਿਭਾਗ ਦੀ ਟੀਮਾਂ ਨੇ ਔਰਤ ਨੂੰ ਡਾਕਟਰ ਕੋਲ ਭੇਜਿਆ। ਮੁਲਜ਼ਮ ਨੇ ਮਹਿਲਾ ਦੀ ਜਾਂਚ ਕਰਦੇ ਮਰਗੋਂ ਮੁੰਡਾ ਹੋਣ ਦੀ ਗੱਲ ਆਖੀ ਅਤੇ ਜਾਂਚ ਕਰਨ ਮਗਰੋਂ ਮਹਿਲਾ ਤੋਂ ਬਕਾਇਆ 30 ਹਜ਼ਾਰ ਰੁਪਏ ਵੀ ਨਗਦ ਵਸੂਲ ਲਏ। ਸਿਹਤ ਵਿਭਾਗ ਦੀ ਟੀਮ ਵੱਲੋਂ ਮੁਲਜ਼ਮ ਨੂੰ ਪੈਸੇ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ।
ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।