ਫ਼ਰਜ਼ੀ ਪੁਲੀਸ ਅਧਿਕਾਰੀ ਲੱਖਾਂ ਦਾ ਚੂਨਾ ਲਾ ਕੇ ਫ਼ਰਾਰ
ਹਰਜੀਤ ਸਿੰਘ
ਡੇਰਾਬੱਸੀ, 13 ਨਵੰਬਰ
ਇੱਥੋਂ ਨੇੜਲੇ ਪਿੰਡ ਕਾਰਕੌਰ ਵਿੱਚ ਇਕ ਫ਼ਰਜ਼ੀ ਵਿਅਕਤੀ ਪੁਲੀਸ ਅਧਿਕਾਰੀ ਦਾ ਪ੍ਰਭਾਵ ਪਾ ਕੇ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਫ਼ਰਾਰ ਹੋ ਗਿਆ।
ਪਿੰਡ ਦੇ ਸਰਪੰਚ ਜਗਮੀਤ ਸਿੰਘ ਜੱਗੀ ਨੇ ਦੱਸਿਆ ਕਿ ਕਰੀਬ ਪੰਜ ਮਹੀਨੇ ਪਹਿਲਾਂ ਪਿੰਡ ’ਚ ਗੇਜਾ ਸਿੰਘ ਦੇ ਮਕਾਨ ਵਿੱਚ ਇਕ ਵਿਅਕਤੀ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਆਇਆ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਪੰਚਕੂਲਾ ਸੈਕਟਰ-6 ਵਿੱਚ ਡੀਆਈਜੀ ਦਫ਼ਤਰ ਵਿੱਚ ਬਤੌਰ ਸਬ-ਇੰਸਪੈਕਟਰ ਤਾਇਨਾਤ ਹੈ। ਉਸ ਨੇ ਕਿਰਾਏ ਦੇ ਘਰ ਦੇ ਬਾਹਰ ਪੁਲੀਸ ਅਧਿਕਾਰੀ ਦੀ ਨਾਂਅ ਦੀ ਪਲੇਟ ਵੀ ਲਾਈ ਹੋਈ ਸੀ। ਮੁਲਜ਼ਮ ਪਿੰਡ ਦੇ ਲੋਕਾਂ ਨੂੰ ਭਰੋਸੇ ’ਚ ਲੈ ਕੇ ਭਾਜਪਾ ਆਗੂ ਸੰਜੀਵ ਖੰਨਾ ਨੂੰ ਮਿਲਣ ਲਈ ਗਿਆ। ਉਸ ਨੇ ਪਿੰਡ ਦੇ ਲਖਬੀਰ ਸਿੰਘ ਨੂੰ ਰੇਲਵੇ ’ਚ ਦੋ ਗੱਡੀਆਂ ਕਿਰਾਏ ’ਤੇ ਪੁਆਉਣ ਦਾ ਲਾਅਰਾ ਲਾਇਆ। ਉਸ ਨੇ ਆਪਣੀ ਪੁਰਾਣੀ ਕਾਰ ਵੇਚ ਕੇ ਦੋ ਨਵੀਂਆਂ ਗੱਡੀਆਂ ਲੈ ਲਈਆਂ ਜੋ ਮੁਲਜ਼ਮ ਲੈ ਕੇ ਫ਼ਰਾਰ ਹੋ ਗਿਆ। ਉਹ ਪਿੰਡ ਦੇ ਇਕ ਹੋਰ ਵਿਅਕਤੀ ਦੀ ਗੱਡੀ ਉਧਾਰ ਮੰਗ ਕੇ ਲੈ ਗਿਆ। ਉਸ ਨੇ ਇਕ ਵਿਅਕਤੀ ਨੂੰ ਉਸ ਦੀ ਲੜਕੀ ਦੇ ਵਿਆਹ ’ਚ ਮੋਟਰਸਾਈਕਲ ਲੈ ਕੇ ਦੇਣ ਦਾ ਝਾਂਸਾ ਦੇ ਕੇ ਉਸ ਦੇ ਦਸਤਾਵੇਜ਼ਾਂ ’ਤੇ ਲੋਨ ਕਰਵਾ ਮੋਟਰਸਾਈਕਲ ਲੈ ਗਿਆ। ਇੱਕ ਹੋਰ ਵਿਅਕਤੀ ਦੇ ਨਾਂਅ ’ਤੇ ਲੋਨ ਕਰਵਾ ਕੇ ਸਕੂਟਰ ਲੈ ਗਿਆ। ਉਸ ਨੇ ਪਿੰਡ ਦੇ ਕੁਝ ਵਿਅਕਤੀਆਂ ਦੇ ਬੈਂਕ ਖਾਤੇ ਖੁੱਲ੍ਹਵਾ ਕੇ ਉਨ੍ਹਾਂ ਦੇ ਚੈੱਕ ਰੱਖ ਕੇ ਸੱਠ ਹਜ਼ਾਰ ਰੁਪਏ ਵਿਆਜ ’ਤੇ ਲੈ ਲਏ। ਇਕ ਕਰਿਆਨਾ, ਸੈਨੇਟਰੀ ਦੀ ਦੁਕਾਨ ਸਣੇ ਇਕ ਹੋਰ ਦੁਕਾਨ ਤੋਂ ਹਜ਼ਾਰਾਂ ਦਾ ਸਾਮਾਨ ਲੈ ਗਿਆ। ਦੁੱਧ ਵਾਲੇ ਦੇ ਪੰਦਰਾਂ ਹਜ਼ਾਰ, ਮੀਟ ਵਾਲੇ ਤੋਂ ਪੰਜ ਹਜ਼ਾਰ ਦਾ ਮੀਟ ਖਾ ਗਿਆ। ਸਰਪੰਚ ਨੇ ਦੱਸਿਆ ਕਿ ਪੜਤਾਲ ਕੀਤੀ ਤਾਂ ਪਤਾ ਲੱਗਿਆ ਪੰਚਕੂਲਾ ਪੁਲੀਸ ’ਚ ਅਜਿਹਾ ਕੋਈ ਮੁਲਾਜ਼ਮ ਨਹੀਂ ਹੈ।