ਝੂਠਾ ਪੁਲੀਸ ਮੁਕਾਬਲਾ: ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਸੀ ਬਲਦੇਵ ਸਿੰਘ ਦੇਬਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 4 ਫਰਵਰੀ
ਪੰਜਾਬ ਵਿੱਚ ਕਰੀਬ ਤਿੰਨ ਦਹਾਕੇ ਪਹਿਲਾਂ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਿਆ ਨੌਜਵਾਨ ਬਲਦੇਵ ਸਿੰਘ ਉਰਫ਼ ਦੇਬਾ ਵਾਸੀ ਬਾਸਰਕੇ ਭੈਣੀ (ਅੰਮ੍ਰਿਤਸਰ) ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਸੀ ਪਰ ਉਹ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਵਜ਼ਾਰਤ ਸਮੇਂ ਪੰਜਾਬ ਪੁਲੀਸ ਦੀਆਂ ਕਥਿਤ ਵਧੀਕੀਆਂ ਦਾ ਸ਼ਿਕਾਰ ਹੋ ਗਿਆ।
ਕੇਸ ਦੀ ਪੈਰਵਾਈ ਕਰ ਰਹੇ ਵਕੀਲਾਂ ਸਰਬਜੀਤ ਸਿੰਘ ਵੇਰਕਾ, ਪੁਸ਼ਪਿੰਦਰ ਸਿੰਘ ਨੱਤ ਤੇ ਜਗਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਬਲਦੇਵ ਸਿੰਘ ਫੌਜ ਵਿੱਚ ਭਰਤੀ ਹੋ ਗਿਆ ਸੀ ਅਤੇ ਘਟਨਾ ਸਮੇਂ ਉਹ ਛੁੱਟੀ ਕੱਟਣ ਘਰ ਆਇਆ ਹੋਇਆ ਸੀ। 6 ਸਤੰਬਰ 1992 ਨੂੰ ਉਸ ਨੂੰ ਪਿੰਡ ਬਾਸਰਕੇ ਭੈਣੀ ਵਿੱਚ ਘਰ ਤੋਂ ਐੱਸਆਈ ਮਹਿੰਦਰ ਸਿੰਘ ਤੇ ਹਰਭਜਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਚੁੱਕ ਲਿਆ। ਇੰਝ ਹੀ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਪਿੰਡ ਸੁਲਤਾਨਵਿੰਡ ਨੂੰ ਪ੍ਰੀਤਨਗਰ ਅੰਮ੍ਰਿਤਸਰ ਸਥਿਤ ਉਸ ਦੇ ਕਿਰਾਏ ਦੇ ਮਕਾਨ ’ਚੋਂ ਕੁਲਵੰਤ ਸਿੰਘ ਨਾਂ ਦੇ ਵਿਅਕਤੀ ਨਾਲ ਮਜੀਠਾ ਥਾਣਾ ਦੇ ਐੱਸਐੱਚਓ ਗੁਰਭਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਮਗਰੋਂ ਕੁਲਵੰਤ ਸਿੰਘ ਨੂੰ ਤਾਂ ਛੱਡ ਦਿੱਤਾ ਅਤੇ ਕਾਂਗਰਸੀ ਮੰਤਰੀ ਦੇ ਪੁੱਤਰ ’ਤੇ ਹੋਏ ਕਤਲ ਦਾ ਮਾਮਲਾ ਬਲਦੇਵ ਸਿੰਘ ਤੇ ਲਖਵਿੰਦਰ ਸਿੰਘ ’ਤੇ ਪਾ ਦਿੱਤਾ ਗਿਆ ਅਤੇ 13 ਸਤੰਬਰ 1992 ਨੂੰ ਦੋਵੇਂ ਨੌਜਵਾਨਾਂ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ।