ਫਰਜ਼ੀ ਐੱਨਓਸੀ ਕਾਂਡ: ਪੁਲੀਸ ਵੱਲੋਂ ਪੰਜਵਾਂ ਮੁਲਜ਼ਮ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 12 ਮਾਰਚ
ਤਹਿਸੀਲ ਵਿੱਚ ਫਰਜ਼ੀ ਬਹੁਕਰੋੜੀ ਐੱਨਓਸੀ ਨਾਲ ਰਜਿਸਟਰੀਆਂ ਕਰਵਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਮੁੜ ਤੋਂ ਹਰਕਤ ਵਿੱਚ ਆਉਂਦੇ ਹੋਏ ਇਸ ਮਾਮਲੇ ਵਿੱਚ ਸ਼ਾਮਲ ਪੰਜਵੇਂ ਮੁਲਜ਼ਮ ਕਪਿਲ ਗੁਪਤਾ ਵਾਸੀ ਡੇਰਾਬੱਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਕਲੋਨਾਈਜ਼ਰ ਗੁਲਸ਼ਨ ਕੁਮਾਰ, ਅਸਟਾਮ ਫਰੋਸ਼ ਸੁਰੇਸ਼ ਕੁਮਾਰ, ਫਰਜ਼ੀ ਐਨ.ਓ.ਸੀ. ਤਿਆਰ ਕਰਨ ਵਾਲਾ ਰਿਤਿਕ ਜੈਨ ਅਤੇ ਵਿੱਕੀ ਠਾਕੁਰ ਸ਼ਾਮਲ ਹਨ। ਇਸ ਮਾਮਲੇ ਵਿੱਚ ਹਾਲੇ ਵੀ ਕਲੋਨਾਈਜ਼ਰ ਬੰਟੀ ਖੰਨਾ ਸਣੇ ਤਿੰਨ ਜਣੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਰੋਕਣ ਅਤੇ ਨਾਜਾਇਜ਼ ਕਲੋਨੀਆਂ ’ਤੇ ਪਾਬੰਦੀ ਲਾਉਣ ਦੇ ਮਕਸਦ ਨਾਲ ਹਰੇਕ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਐੱਨਓਸੀ (ਕੋਈ ਇਤਰਾਜ਼ ਨਹੀਂ) ਦੀ ਸ਼ਰਤ ਲਾਈ ਗਈ ਸੀ। ਇਸ ਮਾਮਲੇ ਦਾ ਉਸ ਵੇਲੇ ਭੰਡਾ ਫੋੜ ਹੋਇਆ ਜਦ ਪੰਜਾਬੀ ਟ੍ਰਿਬਿਊਨ ਦੇ ਹੱਥ ਇਕ ਜਾਅਲੀ ਐੱਨਓਸੀ ਲੱਗੀ। ਮਾਮਲੇ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਤਹਿਸੀਲ ਵਿੱਚ ਤਕਰੀਬਨ 175 ਜਾਅਲੀ ਐਨ.ਓ.ਸੀ. ਨਾਲ ਰਜਿਸਟਰੀਆਂ ਸਾਹਮਣੇ ਆਈ। ਮਾਮਲੇ ਦੀ ਗੰਭੀਰਤਾਂ ਨੂੰ ਦੇਖਦਿਆਂ ਐੱਸਐੱਸਪੀ ਮੁਹਾਲੀ ਡਾ. ਸੰਦੀਪ ਗਰਗ ਵੱਲੋਂ ਇਕ ਤਿੰਨ ਮੈਂਬਰੀ ਸਿਟ ਕਾਇਮ ਕੀਤੀ ਜਿਨ੍ਹਾਂ ਵੱਲੋਂ ਨੌਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਮੁਖੀ ਅਜੀਤੇਸ਼ ਕੌਸ਼ਲ ਨੇ ਕਿਹਾ ਕਿ ਕਪਿਲ ਗੁਪਤਾ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ।