ਕੁੜੀ ਨਾਲ ਛੇੜਛਾੜ ਕਰਦਾ ਫਰਜ਼ੀ ਸੀਬੀਆਈ ਅਫਸਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 19 ਜੁਲਾਈ
ਪੁਲੀਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਫਰਜ਼ੀ ਸੀਬੀਆਈ ਅਫਸਰ ਬਣ ਕੇ ਘੁੰਮ ਰਿਹਾ ਸੀ। ਨੌਜਵਾਨ ਦੇ ਕਬਜ਼ੇ ’ਚੋਂ ਸੀਬੀਆਈ ਦਾ ਜਾਅਲੀ ਆਈ-ਕਾਰਡ ਵੀ ਬਰਾਮਦ ਹੋਇਆ ਹੈ। ਪੁਲੀਸ ਅਨੁਸਾਰ ਨੌਜਵਾਨ ਮਿਲਾਪ ਚੌਕ ਨੇੜੇ ਮੋਬਾਈਲ ਦੀ ਦੁਕਾਨ ’ਤੇ ਫੋਨ ਠੀਕ ਕਰਵਾਉਣ ਲਈ ਆਇਆ ਸੀ। ਇਸ ਦੌਰਾਨ ਉਸ ਨੇ ਦੁਕਾਨ ’ਤੇ ਬੈਠੀ ਲੜਕੀ ਨਾਲ ਛੇੜਛਾੜ ਕੀਤੀ। ਜਦੋਂ ਉੱਥੇ ਮੌਜੂਦ ਦੁਕਾਨ ਮਾਲਕ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸਿਆ। ਇਸ ਤੋਂ ਬਾਅਦ ਉਸ ਨੇ ਆਪਣੀ ਜੇਬ ਵਿੱਚੋਂ ਵਾਕੀ-ਟਾਕੀ ਅਤੇ ਜਾਅਲੀ ਸੀਬੀਆਈ ਆਈ-ਕਾਰਡ ਕੱਢ ਕੇ ਸਾਹਮਣੇ ਰੱਖ ਦਿੱਤਾ। ਆਈ-ਕਾਰਡ ’ਤੇ ਨੌਜਵਾਨ ਦਾ ਨਾਮ ਮਨਜਸਪ੍ਰੀਤ ਸਿੰਘ ਵਾਸੀ ਲੱਖਣ ਕਾ ਪੱਡਾ, ਕਪੂਰਥਲਾ ਲਿਖਿਆ ਹੋਇਆ ਸੀ। ਆਈ ਕਾਰਡ ਦੇਖ ਕੇ ਦੁਕਾਨਦਾਰ ਨੂੰ ਨੌਜਵਾਨ ’ਤੇ ਸ਼ੱਕ ਹੋ ਗਿਆ। ਇਸ ਤੋਂ ਬਾਅਦ ਦੁਕਾਨਦਾਰ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਹਿਰਾਸਤ ’ਚ ਲੈ ਲਿਆ। ਉਸ ਦੇ ਕਾਰਡ ’ਤੇ ਸਪੈਸ਼ਲ ਅਫਸਰ ਰੈਂਕ ਲਿਖਿਆ ਹੋਇਆ ਸੀ। ਪੁਲੀਸ ਦੇ ਆਉਣ ਤੋਂ ਬਾਅਦ ਨੌਜਵਾਨ ਨੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ। ਐੱਸਐੱਚਓ ਹਰਦੇਵ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।