ਫਰਜ਼ੀ ਕਾਲ ਸੈਂਟਰ ਮਾਮਲਾ: ਸਾਬਕਾ ਕੌਂਸਲਰ ਵੀ ਪੁਲੀਸ ਦੀ ਰਡਾਰ ’ਤੇ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜੁਲਾਈ
ਫਰਜ਼ੀ ਕਾਲ ਸੈਂਟਰ ਰਾਹੀਂ ਵਿਦੇਸ਼ਾਂ ’ਚ ਬੈਠੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਕਾਂਗਰਸ ਦੇ ਬਲਾਕ ਪ੍ਰਧਾਨ ਸਾਹਿਲ ਕਪੂਰ ਉਰਫ਼ ਪੱਪਲ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਸ ਦੇ ਸੰਪਰਕ ’ਚ ਆਉਣ ਵਾਲੇ ਕਈ ਕਾਂਗਰਸੀ ਵੀ ਪੁਲੀਸ ਦੇ ਰਾਡਾਰ ’ਤੇ ਹਨ।
ਸੂਤਰ ਦੱਸਦੇ ਹਨ ਕਿ ਬਲਾਕ ਪ੍ਰਧਾਨ ਸਾਹਿਲ ਕਪੂਰ ਇਹ ਸਾਰਾ ਵਪਾਰ ਸਾਬਕਾ ਕਾਂਗਰਸੀ ਕੌਂਸਲਰ ਦੀ ਸਰਪ੍ਰਸਤੀ ’ਚ ਕਰਦਾ ਸੀ ਤੇ ਹੁਣ ਉਹੀ ਸਾਬਕਾ ਕਾਂਗਰਸੀ ਕੌਂਸਲਰ ਪੁਲੀਸ ਦੇ ਰਾਡਾਰ ’ਤੇ ਹੈ।
ਸੂਤਰ ਦੱਸਦੇ ਹਨ ਕਿ ਜਦੋਂ ਤੋਂ ਸਾਹਿਲ ਕਪੂਰ ਉਰਫ਼ ਪੱਪਲ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ, ਉਸ ਸਮੇਂ ਤੋਂ ਇਹ ਸਾਬਕਾ ਕਾਂਗਰਸੀ ਕੌਂਸਲਰ ਗਾਇਬ ਹੋ ਚੁੱਕਾ ਹੈ।
ਇਸ ਸਾਰੇ ਵਪਾਰ ਦਾ ਕਿੰਗਪਿੰਨ ਵੀ ਉਹੀ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਆਤਮ ਨਗਰ ਹਲਕੇ ਦੇ ਇਲਾਕੇ ’ਚ ਰਹਿਣ ਵਾਲੇ ਕਈ ਲੋਕ ਅਜਿਹੇ ਹਨ, ਜੋ ਸਾਹਿਲ ਕਪੂਰ ਪੱਪਲ ਦੇ ਨਜ਼ਦੀਕੀ ਹਨ ਤੇ ਇਸ ਕੰਮ ’ਚ ਸ਼ਾਮਲ ਹਨ। ਫਰਜ਼ੀ ਕਾਲ ਸੈਂਟਰ ਰਾਹੀਂ ਧੋਖਾਧੜੀ ਕਰਨ ਦਾ ਇਹ ਸਾਰਾ ਕਾਰੋਬਾਰ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ। ਮੁਲਜ਼ਮਾਂ ਨੇ ਇੱਕ ਘਰ ’ਚ ਸੈਂਟਰ ਇਸ ਲਈ ਬਣਾ ਰੱਖਿਆ ਸੀ ਕਿ ਪੁਲੀਸ ਦੀਆਂ ਅੱਖਾਂ ’ਚ ਧੂੜ ਪਾਈ ਜਾ ਸਕੇ।
ਦੱਸਿਆ ਜਾਂਦਾ ਹੈ ਕਿ ਪੁਲੀਸ ਨੂੰ ਇਸ ਫਰਜ਼ੀ ਕਾਲ ਸੈਂਟਰ ਦੀ ਜਾਣਕਾਰੀ ਕਾਫ਼ੀ ਸਮਾਂ ਪਹਿਲਾਂ ਮਿਲ ਗਈ ਸੀ। ਸੂਤਰ ਦੱਸਦੇ ਹਨ ਕਿ ਪੁਲੀਸ ਨੇ ਫਰਜ਼ੀ ਕਾਲ ਸੈਂਟਰ ’ਤੇ ਛਾਪਾ ਮਾਰਨ ਸਬੰਧੀ ਤਿਆਰੀ ਵੀ ਕਰ ਲਈ ਸੀ ਕਿ ਕਦੋਂ ਛਾਪਾਮਾਰੀ ਕਰਨੀ ਹੈ, ਪਰ ਸਾਬਕਾ ਕੌਂਸਲਰ ਦੇ ਕਿਸੇ ਜਾਣਕਾਰ ਨੇ ਉਸ ਨੂੰ ਸੂਚਨਾ ਦੇ ਦਿੱਤੀ ਤਾਂ ਉਸ ਨੇ ਸਾਰਾ ਦਫ਼ਤਰ ਵੀ ਉਥੋਂ ਬਦਲ ਦਿੱਤਾ ਜਿਸ ਤੋਂ ਬਾਅਦ ਉਹ ਦਫ਼ਤਰ ਇੱਕ ਘਰ ’ਚ ਬਣਾਇਆ ਗਿਆ ਤੇ ਉਥੋਂ ਵਪਾਰ ਕੀਤਾ ਜਾਣ ਲੱਗਿਆ।
ਇਸ ਤੋਂ ਬਾਅਦ ਪੁਲੀਸ ਨੇ ਆਪਣੇ ਸੂਤਰਾਂ ਤੋਂ ਉਕਤ ਫਰਜ਼ੀ ਕਾਲ ਸੈਂਟਰ ਦਾ ਦੁਬਾਰਾ ਪਤਾ ਲਾਇਆ ਤੇ ਛਾਪਾ ਮਾਰ ਕੇ ਇਨ੍ਹਾਂ ਲੋਕਾਂ ਨੂੰ ਕਾਬੂ ਕੀਤਾ। ਪੁਲੀਸ ਇਸ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ। ਪੁਲੀਸ ਜਲਦੀ ਹੀ ਇਸ ਮਾਮਲੇ ’ਚ ਵੱਡੇ ਖੁਲਾਸੇ ਕਰ ਸਕਦੀ ਹੈ।