ਫੱਜੂਪੁਰ ਦੀ ਪੰਚਾਇਤ ਵੱਲੋਂ ਚੀਨੀ ਡੋਰ ’ਤੇ ਪਾਬੰਦੀ ਦਾ ਫ਼ੈਸਲਾ
ਪੱਤਰ ਪ੍ਰੇਰਕ
ਧਾਰੀਵਾਲ, 12 ਜਨਵਰੀ
ਪਿੰਡ ਫੱਜੂਪੁਰ ਦੀ ਪੰਚਾਇਤ ਨੇ ਚੀਨੀ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਪਿੰਡ ਵਿੱਚੋਂ ਪੂਰਨ ਤੌਰ ’ਤੇ ਰੋਕਣ ਦਾ ਅਹਿਦ ਲਿਆ ਹੈ। ਪਿੰਡ ਦੇ ਸਰਪੰਚ ਬਲਵਿੰਦਰ ਪਾਲ ਟਾਕ ਅਤੇ ਪੰਚਾਇਤ ਮੈਂਬਰਾਂ ਨੇ ਮੀਟਿੰਗ ਕਰ ਕੇ ਫ਼ੈਸਲਾ ਲਿਆ ਕਿ ਉਹ ਪਿੰਡ ਵਿੱਚ ਦੁਕਾਨਦਾਰਾਂ ਨੂੰ ਚੀਨੀ ਡੋਰ ਨਹੀਂ ਵੇਚਣ ਦੇਣਗੇ। ਸਰਪੰਚ ਬਲਵਿੰਦਰ ਪਾਲ ਟਾਕ ਨੇ ਦੱਸਿਆ ਉਹ ਪਿੰਡ ਦੇ ਦੁਕਾਨਦਾਰਾਂ ਨੂੰ ਜਾਨਲੇਵਾ ਅਤੇ ਪਾਬੰਦੀਸ਼ੁਦਾ ਚੀਨੀ ਡੋਰ ਵੇਚਣ ਦੀ ਬਜਾਇ ਸੂਤੀ ਡੋਰ ਵੇਚਣ ਲਈ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਸੂਤੀ ਧਾਗੇ ਦੀ ਡੋਰ ਸੁਰੱਖਿਅਤ ਹੁੰਦੀ ਹੈ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਸਿੰਥੈਟਿਕ/ ਪਲਾਸਟਿਕ ਡੋਰ ਨਾਲ ਪਤੰਗਬਾਜ਼ੀ ਕਰਨੀ ਖ਼ਤਰਨਾਕ ਹੈ ਅਤੇ ਇਹ ਡੋਰ ਬਿਜਲੀ ਦੀਆਂ ਤਾਰਾਂ ਵਿੱਚ ਫਸਣ ਕਾਰਨ ਸਪਲਾਈ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਅਸਮਾਨ ਵਿੱਚ ਉੱਡਦੇ ਪੰਛੀਆਂ ਲਈ ਵੀ ਜਾਨਲੇਵਾ ਹੁੰਦੀ ਹੈ।
ਸਰਪੰਚ ਬਲਵਿੰਦਰ ਪਾਲ ਨੇ ਦੁਕਾਨਦਾਰਾਂ ਨੂੰ ਚੀਨੀ ਡੋਰ ਨਾ ਵੇਚਣ ਦੀ ਅਪੀਲ ਕੀਤੀ, ਉੱਥੇ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਫ਼ੈਸਲੇ ਨੂੰ ਸਫ਼ਲ ਬਣਾਉਣ ਲਈ ਪੰਚਾਇਤ ਸਾਥ ਦੇਣ ਤੇ ਆਪਣੇ ਬੱਚਿਆਂ ਨੂੰ ਚੀਨੀ ਡੋਰ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ।