ਸਲੇਮਪੁਰਾ ’ਚ ਬਾਬਾ ਗਰੀਬ ਸ਼ਾਹ ਦੀ ਦਰਗਾਹ ’ਤੇ ਮੇਲਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਜੁਲਾਈ
ਕਸਬਾ ਸਿੱਧਵਾਂ ਬੇਟ ਨਾਲ ਲੱਗਦੇ ਪਿੰਡ ਸਲੇਮਪੁਰਾ ਵਿੱਚ ਪੀਰ ਬਾਬਾ ਗਰੀਬ ਸ਼ਾਹ ਦੀ ਦਰਗਾਹ ’ਤੇ ਹਰ ਸਾਲ ਵਾਂਗ ਸਾਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਪੰਚਾਇਤ ਤੇ ਪ੍ਰਬੰਧਕਾਂ ਨੇ ਦਰਗਾਹ 'ਤੇ ਚਾਦਰ ਅਤੇ ਝੰਡਾ ਚੜ੍ਹਾ ਕੇ ਕੀਤੀ। ਮੇਲੇ ਵਿੱਚ ਬੱਚਿਆਂ ਲਈ ਖਿਡੋਣਿਆਂ ਤੇ ਔਰਤਾਂ ਲਈ ਚੂੜੀਆਂ ਤੇ ਹਾਰ ਸ਼ਿੰਗਾਰ ਦੀਆਂ ਦੁਕਾਨਾਂ ਸਜੀਆਂ ਹੋਣ ਤੋਂ ਇਲਾਵਾ ਝੂਲੇ ਤੇ ਚੰਡੋਲ ਵੀ ਖਿੱਚ ਦਾ ਕੇਂਦਰ ਰਹੇ।
ਇਸ ਸਮੇਂ ਸਭਿਆਚਾਰਕ ਮੇਲਾ ਵੀ ਹੋਇਆ ਜਿਸ ਵਿੱਚ ਗਾਇਕ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਸਮੇਂ ਗਾਇਕ ਮਨਮੰਦਰ ਮਨਾਵਾਂ, ਕਾਕਾ ਨੂਰ, ਮਨਮੋਹਣ ਭੱਟੀ ਤੇ ਸੀਮਾ ਭੱਟੀ ਸਮੇਤ ਦਰਜਨਾਂ ਕਲਾਕਾਰਾਂ ਨੇ ਫਨ ਦਾ ਮੁਜ਼ਾਹਰਾ ਕੀਤਾ। ਅਖੀਰ ਵਿੱਚ ਸੁਰੀਲੇ ਗਾਇਕ ਕੁਲਦੀਪ ਰਸੀਲਾ ਤੇ ਸਹਿ ਕਲਾਕਾਰ ਮਿਸ ਨਿਸ਼ੂ ਨੇ ਆਪਣੇ ਗੀਤਾਂ ਰਾਹੀਂ ਪੂਰੇ ਪੰਡਾਲ ਨੂੰ ਝੂਮਣ ਲਾ ਦਿੱਤਾ। ਲੋਕਾਂ ਦੀ ਮੰਗ 'ਤੇ ਕੁਲਦੀਪ ਰਸੀਲਾ ਨੇ ਮਰਹੂਮ ਗਾਇਕ ਧਰਮਪ੍ਰੀਤ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ 'ਬਹਿ ਕੇ ਗੱਲ ਮੁਕਾ ਲੈ' ਤੇ 'ਚੁੰਨੀ ਲੜ ਬੰਨ੍ਹ ਕੇ ਪਿਆਰ ਵੇ' ਗੀਤ ਸੁਣਾਏ। ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੇਐਨਐਸ ਕੰਗ ਪਹੁੰਚੇ ਜਿਨ੍ਹਾਂ ਸਾਢੇ ਪੰਜ ਲੱਖ ਰੁਪਏ ਵੀ ਪਿੰਡ ਦੇ ਵਿਕਾਸ ਕਾਰਜ ਲਈ ਗਰਾਂਟ ਦਾ ਐਲਾਨ ਕੀਤਾ। ਕਾਂਗਰਸ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਵੀ ਇਸ ਮੇਲੇ ਵਿੱਚ ਪਹੁੰਚੇ ਸਨ। ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਲਵਾਉਂਦਿਆਂ ਉਨ੍ਹਾਂ ਦੇ ਅਖਤਿਆਰੀ ਫੰਡ ਵਿੱਚੋਂ ਤਿੰਨ ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ। ਮੇਲਾ ਪ੍ਰਬੰਧਕ ਤੇ ਪਿੰਡ ਸਲੇਮਪੁਰਾ ਦੇ ਸਰਪੰਚ ਦਵਿੰਦਰ ਸਿੰਘ ਸਲੇਮਪੁਰਾ ਨੇ ਸਮੱਚੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ‘ਆਪ’ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸਿੱਧੂ, ਸਰਪੰਚ ਬਲਕਾਰ ਸਿੰਘ ਲਾਡੀ, ਸਰਪੰਚ ਬਲਜਿੰਦਰ ਸਿੰਘ ਤਲਵਾੜਾ, ਲਹਿੰਬਰਜੀਤ ਸਿੰਘ, ਗੁਰਮੇਲ ਸਿੰਘ, ਬਲਜਿੰਦਰ ਸਿੰਘ ਗਿੱਲ, ਲਛਮੀ ਦੇਵੀ, ਅਮਰਜੀਤ ਕੌਰ, ਪ੍ਰਧਾਨ ਪ੍ਰੀਤਮ ਸਿੰਘ, ਪ੍ਰਧਾਨ ਗੰਗਾ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਕੁਲਵਿੰਦਰ ਸਿੰਘ, ਅਰਬਿੰਦ ਤੂਰ, ਕਮਲਜੀਤ ਸਿੰਘ ਮੋਨੂੰ, ਤਰਨਦੀਪ ਸਿੰਘ ਰੰਧਾਵਾ, ਡਾ. ਜਗਰੂਪ ਸਿੰਘ ਤੇ ਹੋਰ ਹਾਜ਼ਰ ਸਨ। ਮੰਚ ਸੰਚਾਲਨ ਬਾਜੀ ਬਲਰਾਜ ਤੇ ਲੱਕੀ ਢੱਟ ਨੇ ਬਾਖੂਬੀ ਕੀਤਾ।