ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਸਫਲਤਾ ਤੋਂ ਜਾਂਦੈ ਸਫਲਤਾ ਦਾ ਰਾਹ

09:54 AM Oct 26, 2024 IST

ਰਵਿੰਦਰ ਸਿੰਘ ਧਾਲੀਵਾਲ

Advertisement

ਖ਼ੂਬਸੂਰਤ ਜ਼ਿੰਦਗੀ ਵਿੱਚ ਸਫਲਤਾ ਦਾ ਅਹਿਮ ਸਥਾਨ ਹੈ। ਇਸ ਦੇ ਰਾਹ ਅਸਫਲਤਾ ਦੇ ਵਲੇਵੇ ਵਿੱਚੋਂ ਨਿਕਲ ਕੇ ਸਫਲਤਾ ਵੱਲ ਲੈ ਜਾਂਦੇ ਹਨ। ਨਾਕਾਮੀ ਦੇ ਡਰ ਨਾਲ ਮਨ ਦੇ ਵਲਵਲੇ ਦਬਾਉਣੇ ਨਹੀਂ ਚਾਹੀਦੇ। ਜਦੋਂ ਮੁਸ਼ਕਿਲਾਂ ਆਉਣ ਤਾਂ ਸਮਝ ਜਾਣਾ ਜ਼ਿੰਦਗੀ ਕੁਝ ਨਵਾਂ ਸਿਖਾਉਣ ਵਾਲੀ ਹੈ। ਉਹ ਸਾਨੂੰ ਪਰਖਣ ਅਤੇ ਕੋਸ਼ਿਸ਼ਾਂ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਵਿਸ਼ਵ ਪ੍ਰਸਿੱਧ ਦੌੜਾਕ ਉਸੈਨ ਬੋਲਟ ਲਿਖਦਾ ਹੈ, ‘‘ਮੈਨੂੰ ਨਹੀਂ ਲੱਗਦਾ ਜੀਵਨ ਵਿੱਚ ਸੀਮਾਵਾਂ ਹਨ, ਪਰ ਅਸਫਲਤਾ ਦਾ ਡਰ ਕੁਝ ਲੋਕਾਂ ਨੂੰ ਸੀਮਤ ਕਰ ਦਿੰਦਾ ਹੈ। ਜੇਕਰ ਉਹ ਕੋਸ਼ਿਸ਼ ਕਰਦੇ ਤਾਂ ਸਫਲ ਹੋ ਸਕਦੇ ਸਨ। ਟੀਚੇ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਜ਼ਰੂਰੀ ਹੈ। ਜਦੋਂ ਇਸ ਕਾਰਜ ਨੂੰ ਜ਼ਰੂਰੀ ਹਿੱਸੇ ਵਜੋਂ ਸਵੀਕਾਰ ਕਰਦੇ ਹੋ, ਤਾਂ ਤੁਸੀਂ ਕਦੇ ਵੀ ਹਾਰ ਮੰਨਣ ਲਈ ਰਾਜ਼ੀ ਨਹੀਂ ਹੋਵੋਗੇ।’’
ਕਈ ਵਾਰ ਸਾਰੇ ਰਾਹ ਸਫਲਤਾ ਵੱਲ ਨਹੀਂ ਜਾਂਦੇ। ਆਪਣੇ ਇੱਛੁਕ ਨਤੀਜੇ ਲਈ ਅਣਥੱਕ ਕੋਸ਼ਿਸ਼ ਕਰਨੀ ਪੈ ਸਕਦੀ ਹੈ। ਜੇ ਕਦੇ ਅਸਫਲ ਨਹੀਂ ਹੋਏ ਤਾਂ ਤੁਸੀਂ ਕੁਝ ਕੀਤਾ ਹੀ ਨਹੀਂ। ਲੋਕ ਅਸਫਲ ਹੋਣ ਜਾਂ ਇਸ ਬਾਰੇ ਗੱਲ ਕਰਨ ਤੋਂ ਵੀ ਡਰਦੇ ਹਨ। ਜਦੋਂ ਅਸਫਲ ਹੋ ਜਾਂਦੇ ਹੋ ਤਾਂ ਬਿਹਤਰ ਬਣਨਾ ਸਿੱਖੋ। ਹਵਾ ਵਿੱਚ ਹੱਥ ਨਾ ਮਾਰੋ। ਇਸ ਦੀ ਬਜਾਏ ਜਦੋਂ ਤੱਕ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਲੈਂਦੇ ਆਪਣੇ ਹੁਨਰ ਨੂੰ ਤਰਾਸ਼ੋ। ਵਿਸ਼ਵਾਸ, ਮਿਹਨਤ ਤੇ ਦ੍ਰਿੜ ਇਰਾਦੇ ਨਾਲ ਦੁਬਾਰਾ ਸਫਲ ਹੋਣਾ ਸੰਭਵ ਹੈ। ਇਹ ਤਿੰਨੇ ਗੁਣ ਉਸ ਸ਼ੀਸ਼ੇ ਦੀ ਸ਼ਕਤੀ ਵਾਂਗ ਹਨ ਜੋ ਸੂਰਜ ਦੀਆਂ ਕਿਰਨਾਂ ਨੂੰ ਇਕੱਤਰ ਕਰ ਕੇ ਕਾਗਜ਼ ਨੂੰ ਸਾੜ ਦਿੰਦਾ ਹੈ, ਪਰ ਇਹ ਖਿੰਡੀਆਂ ਕਿਰਨਾਂ ਲਈ ਸੰਭਵ ਨਹੀਂ। ਅਸਫਲਤਾ ਲੋੜੀਂਦੇ ਨਤੀਜੇ ਨਾ ਮਿਲਣ ਦੀ ਸਥਿਤੀ ਹੈ, ਸਫਲਤਾ ਇੱਕ ਟੀਚਾ, ਉਦੇਸ਼ ਜਾਂ ਇੱਛੁਕ ਨਤੀਜੇ ਤੱਕ ਪਹੁੰਚਣ ਦੀ ਪ੍ਰਾਪਤੀ ਹੈ। ਇਸ ਵਿੱਚ ਦੌਲਤ, ਖ਼ੁਸ਼ੀ, ਨੌਕਰੀ, ਤੰਦਰੁਸਤੀ ਅਤੇ ਸੰਤੁਸ਼ਟੀ ਸ਼ਾਮਲ ਹੋ ਸਕਦੀ ਹੈ। ਇਹ ਹਰੇਕ ਲਈ ਵੱਖਰੀ ਹੁੰਦੀ ਹੈ।
ਅਸਫਲਤਾ ਤੋਂ ਬਾਅਦ ਰੁਕਣਾ ਨਹੀਂ ਬਲਕਿ ਆਪਣੀ ਕਾਬਲੀਅਤ ’ਤੇ ਵਿਸ਼ਵਾਸ ਰੱਖੋ। ਇਹ ਸਾਨੂੰ ਵੱਡੇ ਫ਼ੈਸਲੇ ਲੈਣ ਦੇ ਕਾਬਲ ਬਣਾਉਂਦੀ ਹੈ। ਇਹ ਮੌਕਾ ਸਕਾਰਾਤਮਕ ਸੋਚ ਦੇ ਨਾਲ ਮਾਨਸਿਕ ਸੁਤੰਲਨ ਬਣਾਉਣ ਦਾ ਹੈ। ਕੰਮ ਪ੍ਰਤੀ ਰੁਚੀ ਅਤੇ ਜਿੱਤ ਦੇ ਲਾਵੇ ਅੰਦਰੋਂ ਹੀ ਫੁੱਟਦੇ ਹਨ। ਅਜਿਹਾ ਸਮਾਂ ਜ਼ਿੰਮੇਵਾਰ ਕਾਰਨਾਂ ਅਤੇ ਨਿਯਮਾਂ ਬਾਰੇ ਸ਼ਿਕਾਇਤ ਕਰਨ ਦਾ ਨਹੀਂ ਹੁੰਦਾ। ਇਸ ਨੂੰ ਸਵੀਕਾਰ ਕਰ ਕੇ ਅੱਗੇ ਵਧਣ ਦਾ ਹੈ। ਹਾਰਨ ਦਾ ਮਤਲਬ ਅਸਫਲ ਵਿਅਕਤੀ ਜਾਣਦਾ ਹੈ ਜੋ ਇਸ ਵਿੱਚੋਂ ਜਿੱਤ ਲਈ ਪ੍ਰੇਰਣਾ ਲੱਭਦਾ ਹੈ। ਹਰ ਸੱਚਾ ਜੇਤੂ ਜ਼ਿੰਦਗੀ ਦੇ ਇੱਕ ਬਿੰਦੂ ’ਤੇ ਹਾਰਿਆ ਹੈ। ਵਰਤਮਾਨ ਦੇ ਫ਼ੈਸਲੇ ਭਵਿੱਖ ਦੀ ਤਰੱਕੀ ਤੈਅ ਕਰਦੇ ਹਨ। ਅਸਫਲਤਾ ਪ੍ਰਤੀ ਪ੍ਰਤੀਕਿਰਿਆ ਦਾ ਪ੍ਰਭਾਵ ਤੁਹਾਡੇ ਭਵਿੱਖੀ ਨਤੀਜੇ ਨਿਰਧਾਰਤ ਕਰੇਗਾ। ਇਸ ਦਾ ਨਵਾਂ ਸਬਕ ਦ੍ਰਿਸ਼ਟੀਕੋਣ ਉੱਪਰ ਜੰਮੀ ਧੂੜ ਨੂੰ ਸਾਫ਼ ਕਰਦਾ ਹੈ।
ਆਪਣੇ ਆਲੇ -ਦੁਆਲੇ ਦੇ ਲੋਕਾਂ ਦੀ ਕਦਰ ਕਰੋ। ਜੇ ਕਿਸੇ ਟੀਮ ਨਾਲ ਕੰਮ ਕਰਦੇ ਹੋ ਤਾਂ ਉਸ ਦੀ ਸ਼ਲਾਘਾ ਕਰੋ। ਇਹ ਸਮਝਣਾ, ਸੋਚਣਾ ਤੇ ਮੰਨਣਾ ਜ਼ਰੂਰੀ ਹੈ ਕਿ ਅਸੀਂ ਇੱਕ ਟੀਮ ਦੇ ਰੂਪ ਵਿੱਚ ਜਿੱਤਦੇ ਅਤੇ ਹਾਰਦੇ ਹਾਂ। ਟੀਮ ਦੀ ਲੋੜ ਅਟਲ ਹੈ, ਅਸਫਲਤਾ ਅਸਥਾਈ ਝਟਕਾ ਹੈ। ਜਿੱਤਣ ਲਈ ਕੁਝ ਬਦਲਾਅ ਜ਼ਰੂਰੀ ਹਨ। ਕਈ ਵਾਰ ਟੀਮ ਦੇ ਮੈਂਬਰ ਜਾਂ ਟੀਮ ਬਦਲਣੀ ਪੈ ਸਕਦੀ ਹੈ। ਇਹ ਸਭ ਬੜੀ ਸਿਆਣਪ ਨਾਲ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਦੇ ਵਿਸ਼ਵਾਸ ਨੂੰ ਨੁਕਸਾਨ ਨਾ ਪਹੁੰਚੇ। ਆਪਣੀਆਂ ਗਲਤੀਆਂ ਨੂੰ ਪਹਿਚਾਣ ਕੇ ਵਧੀਆ ਸਿੱਖ ਸਕਦੇ ਹਾਂ। ਉਨ੍ਹਾਂ ਨੂੰ ਦੂਰ ਕਰਨ ਲਈ ਇਕਾਗਰਤਾ ਜ਼ਰੂਰੀ ਹੈ ਜਿਸ ਨਾਲ ਆਉਣ ਵਾਲੀ ਤਿਲ੍ਹਕਣਬਾਜ਼ੀ ਵੀ ਘਟ ਜਾਵੇਗੀ। ਜਦੋਂ ਤੁਸੀਂ ਗ਼ਲਤੀਆਂ ਕਰਨ ਤੋਂ ਡਰੋਗੇ ਤਾਂ ਤੁਸੀਂ ਵੱਖਰਾ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ। ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਲਈ ਡੂੰਘਾਈ ਨਾਲ ਵਿਚਾਰ ਕਰੋ। ਇਸ ਨੂੰ ਸਵੀਕਾਰ ਕਰ ਕੇ ਕਦਰ ਕਰਨੀ ਚਾਹੀਦੀ ਹੈ। ਜਿਉਂ ਜਿਉਂ ਤੁਸੀਂ ਕਰੀਅਰ ਵਿੱਚ ਅੱਗੇ ਵਧਦੇ ਹੋ, ਇਨ੍ਹਾਂ ਦੀਆਂ ਪਰਿਭਾਸ਼ਾਵਾਂ ਬਦਲਦੀਆਂ ਰਹਿੰਦੀਆਂ ਹਨ। ਸਥਿਤੀ ਦੀ ਪੜਚੋਲ ਨਾਲ ਗ਼ਲਤੀਆਂ ਦੂਰ ਹੁੰਦੀਆਂ ਹਨ। ਭਾਵੇਂ ਇਹ ਕਾਰੋਬਾਰ ਜਾਂ ਨਿੱਜੀ ਜੀਵਨ ਵਿੱਚ ਹੋਵਣ, ਪਰ ਇਨ੍ਹਾਂ ਨੂੰ ਸੁਲਝਾਉਣ ਲਈ ਸਮਾਂ ਕੱਢਣਾ ਲਾਜ਼ਮੀ ਹੈ।
ਕਈ ਬਾਰ ਵੱਡੇ ਬ੍ਰਾਂਡ ਵੀ ਅਸਫਲ ਹੋ ਜਾਂਦੇ ਹਨ। ਵਪਾਰੀ ਕਾਰੋਬਾਰ ਨੂੰ ਪ੍ਰਭਾਵਿਤ ਨਹੀਂ ਹੋਣ ਦਿੰਦੇ। ਉਨ੍ਹਾਂ ਦਾ ਸਹੀ ਮੁਲਾਂਕਣ ਕਰ ਕੇ ਮੁਨਾਫੇ ਵੱਲ ਧੱਕਦੇ ਹਨ। ਕੋਸ਼ਿਸ਼ ਨਾ ਕਰਨ ਨਾਲੋਂ ਕੋਸ਼ਿਸ਼ ਕਰ ਕੇ ਅਸਫਲ ਹੋਣਾ ਬਿਹਤਰ ਹੈ। ਇਸੇ ਤਰ੍ਹਾਂ ਬਹੁਤ ਉੱਦਮੀ ਸਫਲਤਾ ਦੇ ਮਾਹਿਰ ਬਣਦੇ ਹਨ। ਜੋ ਕਈ ਵਾਰ ਫੇਲ੍ਹ ਹੋਏ ਹੁੰਦੇ ਹਨ। ਉਂਜ ਅਸੀਂ ਸਿਰਫ਼ ਪ੍ਰਾਪਤੀਆਂ ਹੀ ਦੇਖਦੇ ਹਾਂ। ਉਨ੍ਹਾਂ ਨੇ ਆਪਣੀ ਅਦ੍ਰਿਸ਼ ਚੇਤਨਾ ਸਦਕਾ ਗ਼ਲਤੀਆਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਭਾਵੇਂ ਸੰਭਾਵਿਤ ਟੀਚੇ ਖੁੰਝ ਗਏ ਸਨ, ਪਰ ਉਹ ਸਮਾਂ ਰਹਿੰਦਿਆਂ ਸਫਲਤਾ ਦੀ ਬੇੜੀ ਨਾਲ ਮੁਸੀਬਤਾਂ ਦਾ ਸਮੁੰਦਰ ਪਾਰ ਕਰ ਗਏ।
ਹਰ ਕੰਮ ਲਈ ਵਿਉਂਤਬੰਦੀ ਜ਼ਰੂਰੀ ਹੈ। ਉਸ ਨੂੰ ਨੇਪਰੇ ਲਾਉਣ ਦੀ ਜ਼ਿੱਦ ਜਿੱਤਣ ਦੀ ਭਾਵਨਾ ਪੈਦਾ ਕਰਦੀ ਹੈ। ਤਜਰਬਾ ਸਾਡੀ ਮਨੋਦਸ਼ਾ ਨੂੰ ਮਜ਼ਬੂਤ ਕਰਦਾ ਹੈ। ਹੋ ਸਕਦਾ ਹੈ ਕਿ ਸਫਲਤਾ ਇੱਕ ਵਾਰ ਵਿੱਚ ਨਾ ਮਿਲੇ, ਪਰ ਤੁਸੀਂ ਉਸ ਕੰਮ ਲਈ ਚੋਖਾ ਤਜਰਬਾ ਪ੍ਰਪਤ ਕਰ ਲੈਂਦੇ ਹੋ। ਦ੍ਰਿੜਤਾ ਅਕਸਰ ਉਲਝਣਾਂ ਨਜਿੱਠਣ ਨਾਲ ਹੀ ਵਧਦੀ ਹੈ। ਜਿਹੜੇ ਲੋਕ ਔਕੜਾਂ ਨਾਲ ਜੂਝਦੇ ਹਨ ਉਨ੍ਹਾਂ ਵਿੱਚ ਵਧੇਰੇ ਕਾਬਲੀਅਤਾਂ, ਲਚਕਤਾ, ਦ੍ਰਿੜਤਾ ਅਤੇ ਹਿੰਮਤ ਵਿਕਸਤ ਹੁੰਦੀ ਹੈ। ਥਾਮਸ ਐਡੀਸਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਾਰ ਨਾ ਮੰਨ ਕੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਉਹ ਆਖਦਾ ਹੈ ਕਿ ‘‘ਮੈਂ 10,000 ਵਾਰ ਅਸਫਲ ਨਹੀਂ ਹੋਇਆ, ਸਗੋਂ ਮੈਂ ਸਫਲਤਾਪੂਰਵਕ 10,000 ਤਰੀਕੇ ਲੱਭੇ ਹਨ ਜੋ ਕੰਮ ਨਹੀਂ ਕਰਦੇ।’’
ਅਸਫਲ ਕੋਸ਼ਿਸ਼ ਇਹ ਵਿਚਾਰ ਪੈਦਾ ਕਰਦੀ ਹੈ ਕਿ ਕਿਹੜਾ ਕੰਮ ਕਰਨਾ ਜਾਂ ਨਹੀਂ ਕਰਨਾ ਚਾਹੀਦਾ। ਇਹ ਨਾ ਸੋਚੋ ਕਿ ਹਰ ਸਫਲ ਵਿਅਕਤੀ ਦੀ ਕਿਸਮਤ ਉਸ ਦੇ ਨਾਲ ਸੀ। ਜੁਝਾਰੂ ਲੋਕ ਸਫਲਤਾ ਲਈ ਹੰਭਲਾ ਮਾਰਦੇ ਹਨ। ਉਹ ਸਾਲਾਂਬੱਧੀ ਸੰਘਰਸ਼ ਜਾਂ ਨਾਕਾਮਯਾਬੀ ਦਾ ਗੁਣਗਾਨ ਨਹੀਂ ਗਾਉਂਦੇ। ਉਹ ਸਿਰਫ਼ ਸਫਲਤਾ ਦੀ ਇੱਛਾ ਰੱਖਦੇ ਹਨ। ਇਸ ਲਈ ਅਸਫਲ ਹੋਣ ਤੋਂ ਨਾ ਡਰੋ। ਇਹ ਸਫਲਤਾ ਦੇ ਰਾਹ ਦਾ ਹਿੱਸਾ ਹੈ। ਮੁੱਕੇਬਾਜ਼ ਐਂਥਨੀ ਜੋਸ਼ੂਆ ਨੇ ਇੱਕ ਲੜਾਈ ਵਿੱਚ ਓਲੇਕਸੈਂਡਰ ਯੂਸਿਕ ਤੋਂ ਹਾਰਨ ’ਤੇ ਲਿਖਿਆ, ‘‘ਮੈਂ ਲੜਾਈ ਦੇਖੀ ਹੈ, ਆਪਣੀਆਂ ਤਿਆਰੀਆਂ ਅਤੇ ਗ਼ਲਤੀਆਂ ਦੀ ਪੜਚੋਲ ਕੀਤੀ ਹੈ। ਹੁਣ ਮੈਂ ਜਿੱਤ ਲਈ ਸਬਕ ਸਿੱਖ ਲਿਆ ਹੈ। ਜਦੋਂ ਕੰਮ ਲਈ ਕੋਸ਼ਿਸ਼ ਕਰਦੇ ਹੋ ਤਾਂ ਨਵਾ ਸਿੱਖਣਾ ਸਾਧਾਰਨ ਗੱਲ ਹੈ।’’ ਇਸ ਲਈ ਅਸਫਲਤਾ ਦੇ ਅਭਿਆਸ ਤੋਂ ਬਾਅਦ ਵੀ ਇੱਕ ਹੋਰ ਮੌਕਾ ਲੈਣ ਲਈ ਤਿਆਰ ਰਹੋ। ਸੰਘਰਸ਼ ਵਿਅਕਤੀ ਨੂੰ ਮਜ਼ਬੂਤ ਬਣਾਉਂਦਾ ਹੈ, ਚਾਹੇ ਉਹ ਕਮਜ਼ੋਰ ਕਿਉਂ ਨਾ ਹੋਵੇ। ਉੱਤਮ ਕਰਨ ਦੀ ਤਾਂਘ ਵਿਅਕਤੀ ਨੂੰ ਥੱਕਣ ਨਹੀ ਦਿੰਦੀ। ਨਵੇਂ ਟੀਚੇ ਦੀ ਠੋਸ ਯੋਜਨਾ ਘੜ ਕੇ ਖ਼ੁਦ ਨੂੰ ਸੰਗਠਿਤ ਕਰੋ ਅਤੇ ਇਛੁੱਕ ਨਤੀਜਿਆਂ ਦੀ ਲੜੀ ਲਈ ਜਿੱਤ ਦੇ ਘੋੜੇ ’ਤੇ ਸਵਾਰ ਹੋ ਜਾਵੋ ਤਾਂ ਜੋ ਆਉਣ ਵਾਲਾ ਸੁਨਹਿਰੀ ਸਮਾਂ ਖ਼ੁਸ਼ੀਆਂ, ਖੇੜਿਆਂ ਨਾਲ ਭਰਪੂਰ ਅਤੇ ਤਾਰਿਆਂ ਵਾਂਗ ਚਮਕਦਾ ਹੋਵੇ।
ਸੰਪਰਕ: 78374-90309

Advertisement
Advertisement