For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਪੰਜ ਵਿਧਾਇਕ ਵਿਕਾਸ ਕਾਰਜ ਕਰਵਾਉਣ ’ਚ ਰਹੇ ਫਾਡੀ

08:07 AM Feb 01, 2024 IST
‘ਆਪ’ ਦੇ ਪੰਜ ਵਿਧਾਇਕ ਵਿਕਾਸ ਕਾਰਜ ਕਰਵਾਉਣ ’ਚ ਰਹੇ ਫਾਡੀ
ਪ੍ਰਕਾਸ਼ ਜਰਵਾਲ, ਅਜੈ ਦੱਤ, ਪ੍ਰਮਿਲਾ ਟੋਕਸ, ਅਮਾਨਤੁੱਲ੍ਹਾ ਖਾਨ, ਮਦਨ ਲਾਲ
Advertisement

ਨਵੀਂ ਦਿੱਲੀ, 31 ਜਨਵਰੀ
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪਿਛਲੇ ਸਾਲ ‘ਵਿਧਾਇਕ ਸਥਾਨਕ ਖੇਤਰ ਵਿਕਾਸ ਯੋਜਨਾ’ ਭਾਵ ‘ਐਮਐਲਏ ਫੰਡ’ ਦੀ ਰਕਮ 4 ਕਰੋੜ ਰੁਪਏ ਤੋਂ ਵਧਾ ਕੇ 7 ਕਰੋੜ ਰੁਪਏ ਕਰ ਦਿੱਤੀ ਸੀ ਪਰ ਆਮ ਆਦਮੀ ਪਾਰਟੀ (ਆਪ) ਦੇ ਕੁਝ ਵਿਧਾਇਕ ਅਜਿਹੇ ਹਨ ਜੋ ਆਪਣੇ ਖੇਤਰ ਦੇ ਵਿਕਾਸ ’ਤੇ ਸਾਲਾਨਾ ਮਿਲਣ ਵਾਲੀ ਰਕਮ ਦਾ ਇੱਕ ਚੌਥਾਈ ਹਿੱਸਾ ਵੀ ਖਰਚ ਕਰਨ ਵਿੱਚ ਅਸਫਲ ਰਹੇ ਹਨ। ਦਿੱਲੀ ਸਰਕਾਰ ਦੇ ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਐਕਟ ਤਹਿਤ ਖ਼ਬਰ ਏਜੰਸੀ ਪੀਟੀਆਈ ਦੇ ਪੱਤਰਕਾਰ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਆਰਟੀਆਈ ਰਾਹੀਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਦਿਓਲੀ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਪ੍ਰਕਾਸ਼ ਜਰਵਾਲ ਨੇ 8 ਫਰਵਰੀ 2020 ਨੂੰ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸਤੰਬਰ 2023 ਤੱਕ ਆਪਣੇ ਵਿਧਾਨ ਸਭਾ ਹਲਕੇ ’ਚ ਸਿਰਫ਼ ਤਿੰਨ ਵਿਕਾਸ ਕਾਰਜ ਕਰਵਾਏ ਜਿਸ ਵਿੱਚ ਸਵਾਗਤ ਵਾਲੇ ਸਾਈਨ ਬੋਰਡ ਲਾਉਣ ’ਤੇ ਸਿਰਫ਼ 45 ਲੱਖ ਰੁਪਏ ਖਰਚ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ 1 ਨਵੰਬਰ 2021 ਤੋਂ 30 ਜਨਵਰੀ 2022 ਤੱਕ 21,59,855 ਰੁਪਏ ਦਿਓਲੀ ਵਿਧਾਨ ਸਭਾ ਹਲਕੇ ਵਿੱਚ ਡਸਟਬਿਨ ਲਗਾਉਣ ਲਈ ਅਤੇ 1 ਨਵੰਬਰ 2021 ਤੋਂ 30 ਜਨਵਰੀ 2022 ਤੱਕ ਵੱਖ-ਵੱਖ ਥਾਵਾਂ ’ਤੇ ਪਾਰਕਾਂ ਵਿੱਚ ਵਿਕਟੋਰੀਆ ਬੈਂਚ ਲਗਾਉਣ ਲਈ 75,94,322 ਰੁਪਏ ਖਰਚ ਕੀਤੇ। ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਰਵਾਲ ਨੇ 8 ਫਰਵਰੀ 2020 ਨੂੰ ਵਿਧਾਇਕ ਚੁਣੇ ਜਾਣ ਤੋਂ ਲੈ ਕੇ ਸਤੰਬਰ 2023 ਤੱਕ ਕੁੱਲ 1,43,07,642 ਰੁਪਏ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਹਨ।
ਇਸ ਦੌਰਾਨ ਦਿੱਲੀ ਵਿਧਾਨ ਸਭਾ ਹਲਕਾ 42 ਕਸਤੂਰਬਾ ਨਗਰ ਤੋਂ ‘ਆਪ’ ਵਿਧਾਇਕ ਮਦਨ ਲਾਲ ਨੇ ਨਿਜ਼ਾਮੂਦੀਨ ’ਚ ਇਕ ਕਬਰਿਸਤਾਨ ਦੀ ਮੁਰੰਮਤ ਅਤੇ ਰੱਖ-ਰਖਾਅ ’ਤੇ ਕਰੀਬ 44 ਲੱਖ ਰੁਪਏ ਖਰਚ ਕੀਤੇ। ਇਸੇ ਤਰ੍ਹਾਂ ਉਨ੍ਹਾਂ ਆਯੁਰ ਵਿਗਿਆਨ ਨਗਰ ਵਿੱਚ ਓਪਨ ਜਿਮ ਅਤੇ ਬੱਚਿਆਂ ਦੇ ਝੂਲਿਆਂ ’ਤੇ 20,20,000 ਰੁਪਏ ਖਰਚ ਕੀਤੇ। ਅੰਕੜਿਆਂ ਅਨੁਸਾਰ ‘ਆਪ’ ਵਿਧਾਇਕ ਮਦਨ ਲਾਲ ਨੇ 11 ਨਵੰਬਰ 2019 ਤੋਂ ਸਤੰਬਰ 2023 ਤੱਕ ਕੁੱਲ 1,26,09750 ਰੁਪਏ ਵਿਕਾਸ ਕਾਰਜਾਂ ’ਤੇ ਖਰਚ ਕੀਤੇ।
ਦਿੱਲੀ ਵਿਧਾਨ ਸਭਾ ਵਿੱਚ ਕੁੱਲ 70 ਵਿਧਾਇਕ ਹਨ, ਜਿਨ੍ਹਾਂ ਵਿੱਚੋਂ 62 ਆਮ ਆਦਮੀ ਪਾਰਟੀ ਅਤੇ ਬਾਕੀ ਭਾਜਪਾ ਦੇ ਹਨ ਪਰ ਵਿਭਾਗ ਨੇ ਸਿਰਫ਼ 20 ਵਿਧਾਇਕਾਂ ਨਾਲ ਸਬੰਧਤ ਅੰਕੜੇ ਮੁਹੱਈਆ ਕਰਵਾਏ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ‘ਆਪ’ ਵਿਧਾਇਕ ਹਨ। ਵਿਭਾਗ ਨੇ ਕਿਹਾ ਹੈ ਕਿ ਉਸ ਕੋਲ ਬਾਕੀ ਵਿਧਾਇਕਾਂ ਵੱਲੋਂ ਖਰਚ ਕੀਤੀ ਗਈ ਰਾਸ਼ੀ ਦੀ ਜਾਣਕਾਰੀ ਨਹੀਂ ਹੈ।
ਆਰਟੀਆਈ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਓਖਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਮਾਨਤੁੱਲ੍ਹਾ ਖਾਨ ਨੇ 15 ਦਸੰਬਰ 2019 ਤੋਂ ਸਤੰਬਰ 2023 ਤੱਕ ਕੁੱਲ 3,58,36,112 ਰੁਪਏ ਖਰਚ ਕੀਤੇ। ਇਸੇ ਤਰ੍ਹਾਂ ਦਿੱਲੀ ਵਿਧਾਨ ਸਭਾ ਹਲਕਾ ਨੰਬਰ 44 ਆਰਕੇ ਪੁਰਮ ਤੋਂ ਵਿਧਾਇਕ ਪ੍ਰਮਿਲਾ ਟੋਕਸ ਨੇ 8 ਫਰਵਰੀ, 2020 ਤੋਂ ਸਤੰਬਰ 2023 ਤੱਕ ਕੁੱਲ 2,52,81,342 ਰੁਪਏ ਖਰਚ ਕੀਤੇ। ਆਰਟੀਆਈ ਅਰਜ਼ੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਬੇਡਕਰ ਨਗਰ ਤੋਂ ਵਿਧਾਿਕ ਅਜੈ ਦੱਤ 8 ਫਰਵਰੀ 2020 ਤੋਂ ਸਤੰਬਰ 2023 ਤੱਕ ਕੁੱਲ 2,21,09,391 ਰੁਪਏ ਖਰਚ ਕੀਤੇ ਗਏ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement