ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਦਸੰਬਰ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ‘ਰੀਜਨਰੇਟਿਵ ਡਿਜ਼ਾਈਨ -ਟਰਾਂਸੈਂਡਿੰਗ ਸਸਟੇਨੇਬਿਲਟੀ’ ਵਿਸ਼ੇ ਉੱਤੇ ਇੱਕ ਹਫ਼ਤੇ ਦੇ ਇੰਟਰਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਗਾਜ਼ ਹੋਇਆ। ਇਹ ਪ੍ਰੋਗਰਾਮ ਸਿਵਲ ਇੰਜਨੀਅਰਿੰਗ ਵਿਭਾਗ ਅਤੇ ਜੀਐੱਨਡੀਈਸੀ ਸਕੂਲ ਆਫ਼ ਆਰਕੀਟੈਕਚਰ ਵੱਲੋਂ ਬਲੂ ਪਲੈਨੇਟ, ਕੋਲਕਾਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਜਗਬੀਰ ਸਿੰਘ ਨੇ ਤਕਨੀਕੀ ਸੈਸ਼ਨਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਮਾਹਿਰ ਸਰਕੂਲਰ ਡਿਜ਼ਾਈਨ ਥਿੰਕਿੰਗ, ਬਾਇਓ-ਕਲਾਈਮੈਟਿਕ ਡਿਜ਼ਾਈਨ, ਲਿਵਿੰਗ ਸਿਸਟਮਜ਼ ਅਤੇ ਰੀ-ਜਨਰੇਟਿਵ ਥਿੰਕਿੰਗ ਅਤੇ ਸਸਟੇਨੇਬਲ ਡਿਵੈਲਪਮੈਂਟ ਵਿਸ਼ਿਆਂ ਬਾਰੇ ਜਾਣਕਾਰੀ ਦੇਣਗੇ। ਪ੍ਰੋਗਰਾਮ ਦਾ ਉਦਘਾਟਨ ਡੀਸੀ ਜਤਿੰਦਰ ਜੋਰਵਾਲ, ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ, ਐੱਨਐੱਸਈਟੀ ਡਾਇਰੈਕਟਰ ਇੰਦਰਪਾਲ ਸਿੰਘ, ਸੀਈਓ ਬਲੂ ਪਲੈਨੇਟ ਸੰਗੀਤਾ ਕਪੂਰ, ਸੀਨੀਅਰ ਟਾਊਨ ਪਲਾਨਰ ਨਵਲ ਕਿਸ਼ੋਰ, ਪੰਜਾਬ ਐਂਡ ਸਿੰਧ ਬੈਂਕ ਦੀ ਜ਼ੋਨਲ ਮੈਨੇਜਰ ਸ਼ਿਲਪਾ ਸਿਨਹਾ ਅਤੇ ਪ੍ਰਿੰਸੀਪਲ ਆਰਕੀਟੈਕਟ, ਡਿਜ਼ਾਈਨੈਕਸ, ਲੁਧਿਆਣਾ ਸੰਜੇ ਗੋਇਲ, ਜੀਐੱਨਡੀਈਸੀ ਦੇ ਵਿਭਾਗਾਂ ਦੇ ਮੁਖੀਆਂ ਅਤੇ ਡੀਨਜ਼ ਨੇ ਕੀਤਾ। ਇਸ ਮੌਕੇ ਸ੍ਰੀ ਜੋਰਵਾਲ ਨੇ ਟੈਕਨੋਕਰੇਟਸ ਵੱਲੋਂ ਤਿਆਰ ਕੀਤੇ ਜਾ ਰਹੇ ਜਨਤਕ ਪ੍ਰਾਜੈਕਟਾਂ ਦੀ ਉਪਲਬਧਤਾ, ਪਹੁੰਚਯੋਗਤਾ ਅਤੇ ਸਮਰੱਥਾ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਨਵਲ ਕਿਸ਼ੋਰ ਨੇ ਸ਼ਹਿਰ ਦੀ ਯੋਜਨਾਬੰਦੀ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਐੱਫ਼ਡੀਪੀ ਸੈਸ਼ਨਾਂ ਦੀ ਅਗਵਾਈ ਬਲੂ ਪਲੈਨੇਟ ਤੋਂ ਸੰਗੀਤਾ ਕਪੂਰ ਵੱਲੋਂ ਅੰਤਰਰਾਸ਼ਟਰੀ ਮਾਹਿਰਾਂ ਕ੍ਰੇਗ ਗ੍ਰਿਫਿਥਸ, ਲੌਰੇਂਟ ਫੋਰਨੀਅਰ, ਨੂਨੋ ਡਾ. ਸਿਲਵਾ ਅਤੇ ਡੇਨਿਸ ਡੇਲੂਕਾ ਸਮੇਤ ਰਾਸ਼ਟਰੀ ਮਾਹਿਰ ਆਰਕੀਟੈਕਟ. ਰਾਜਪਾਲ ਸਿੰਘ ਅਤੇ ਆਰਕੀਟੈਕਟ ਸੰਜੇ ਪ੍ਰਕਾਸ਼ ਵੱਲੋਂ ਕੀਤੀ ਗਈ। ਵਰਕਸ਼ਾਪ ਵਿੱਚ ਭਾਗੀਦਾਰਾਂ ਨੂੰ ਨਿਰਧਾਰਤ ਵਿਸ਼ੇ ਉੱਤੇ ਸੰਖੇਪ ਜਾਣਕਾਰੀ ਦੇਣ ਲਈ ਪ੍ਰੈਕਟੀਕਲ ਗਤੀਵਿਧੀਆਂ ਅਤੇ ਟੀਮ ਅਧਾਰਤ ਅਭਿਆਸ ਵੀ ਸ਼ਾਮਲ ਕੀਤੇ ਗਏ। ਜੀਐੱਨਡੀਈਸੀ ਸਕੂਲ ਆਫ਼ ਆਰਕੀਟੈਕਚਰ ਦੇ ਮੁਖੀ ਅਕਾਂਕਸ਼ਾ ਸ਼ਰਮਾ ਨੇ ਡਿਜ਼ਾਈਨ ਵਿੱਚ ਸਥਿਰਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ।