For the best experience, open
https://m.punjabitribuneonline.com
on your mobile browser.
Advertisement

ਫੈਕਟਰੀ ਮਾਮਲਾ: ਸਾਬਕਾ ਸਰਪੰਚ ਅਤੇ ਸਾਥੀ ਦੇ ਬਾਈਕਾਟ ਦਾ ਐਲਾਨ

07:12 AM Jul 03, 2024 IST
ਫੈਕਟਰੀ ਮਾਮਲਾ  ਸਾਬਕਾ ਸਰਪੰਚ ਅਤੇ ਸਾਥੀ ਦੇ ਬਾਈਕਾਟ ਦਾ ਐਲਾਨ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਜੁਲਾਈ
ਇੱਥੋਂ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਬਾਇਓ ਗੈਸ ਫੈਕਟਰੀ ਖਿਲਾਫ਼ ਪਿਛਲੇ 56 ਦਿਨਾਂ ਤੋਂ ਲਗਾਤਾਰ ਸੰਘਰਸ਼ ਕਮੇਟੀ ਅਤੇ ਇਲਾਕੇ ਦੇ ਲੋਕਾਂ ਵੱਲੋਂ ਫੈਕਟਰੀ ਬੰਦ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਫੈਕਟਰੀ ਬੰਦ ਕਰਵਾਉਣ ਲਈ ਇੱਕ ਪਾਸੇ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ ਪਰ ਦੂਜੇ ਪਾਸੇ ਸੰਘਰਸ਼ ਕਮੇਟੀ ਨੇ ਪਿੰਡ ਦੇ ਸਾਬਕਾ ਸਰਪੰਚ ਅਤੇ ਉਨ੍ਹਾਂ ਦੇ ਇੱਕ ਸਾਥੀ ਦਾ ਧਰਨੇ ਤੋਂ ਬਾਈਕਾਟ ਦਾ ਐਲਾਨ ਕੀਤਾ ਹੈ। ਅਜਿਹਾ ਸੋਸ਼ਲ ਮੀਡੀਆ ’ਤੇ ਇੱਕ ਚਿੱਠੀ ਵਾਇਰਲ ਹੋਣ ਉਪਰੰਤ ਕੀਤਾ ਗਿਆ ਹੈ। ਵਾਇਰਲ ਚਿੱਠੀ ਵਿੱਚ ਪਿੰਡ ਦੇ ਸਰਪੰਚ ਤੇ ਫੈਕਟਰੀ ਨੂੰ ਐੱਨਓਸੀ ਦੇਣ ਦਾ ਦੋਸ਼ ਲਾਇਆ ਹੈ। ਇਸ ਮੌਕੇ ਕਰਮਜੀਤ ਸਿੰਘ ਸਹੋਤਾ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਪਿੰਦਰ ਸਿੰਘ ਕੁਲਾਰ, ਅਮਨਦੀਪ ਸਿੰਘ, ਬਲਵੀਰ ਸਿੰਘ, ਜ਼ੋਰਾ ਸਿੰਘ, ਹਰਮਨਜੀਤ ਸਿੰਘ, ਕੁਲਵੰਤ ਸਿੰਘ, ਸਰੂਪ ਸਿੰਘ, ਬਰਿੰਦਰ ਸਿੰਘ ਗਰੇਵਾਲ, ਜਗਦੇਵ ਸਿੰਘ, ਹੈਪੀ ਕੁਲਾਰ, ਅਮਰਜੀਤ ਸਿੰਘ ਤੇ ਧਨਵੀਰ ਸਿੰਘ ਆਦਿ ਨੇ ਕਿਹਾ ਕਿ ਲੋਕ ਗੈਸ ਫੈਕਟਰੀ ਖਿਲਾਫ਼ ਸੰਘਰਸ਼ ਕਰ ਰਹੇ ਹਨ ਪਰ ਦੋ ਸਾਲ ਪਹਿਲਾਂ ਸਾਲ 2022 ਵਿੱਚ ਤਤਕਾਲੀ ਸਰਪੰਚ ਹਰਪਾਲ ਸਿੰਘ ਵੱਲੋਂ ਪੰਚਾਇਤ ਦੇ ਲੈਟਰ ਪੈਡ ’ਤੇ ਐੱਨਓਸੀ ਜਾਰੀ ਕਰਨ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਉਨ੍ਹਾਂ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਪਿੰਡ ਵਿੱਚ ਕਿਸੇ ਕਿਸਮ ਦੀ ਬਦਬੂ ਨਹੀਂ ਆ ਰਹੀ ਜਦੋਂ ਕਿ ਅਸਲੀਅਤ ਇਹ ਹੈ ਕਿ ਪਿੰਡ ਦੇ ਲੋਕ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਸ ਬਦਬੂ ਤੋਂ ਪ੍ਰੇਸ਼ਾਨ ਹਨ। ਹੁਣ ਤਾਂ ਪ੍ਰਦੂਸ਼ਣ ਬੋਰਡ ਵਿਭਾਗ ਨੇ ਵੀ ਐੱਨਓਸੀ ਰੱਦ ਕਰ ਦਿੱਤੀ ਹੈ। ਪੱਤਰ ਸਾਹਮਣੇ ਆਉਣ ਉਪਰੰਤ ਪੰਚਾਇਤ ਭੰਗ ਹੋਣ ਤੋਂ ਬਾਅਦ ਸਰਪੰਚ ਹਰਪਾਲ ਸਿੰਘ ਜੋ ਮੌਜੂਦਾ ਸਮੇਂ ਸਾਬਕਾ ਸਰਪੰਚ ਹਨ, ਦਾ ਪੂਰਨ ਤੌਰ ’ਤੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਲਈ ਮਤਾ ਪਾਸ ਕਰ ਕੇ ਉਨ੍ਹਾਂ ਦਾ ਬਾਈਕਾਟ ਕੀਤਾ ਗਿਆ ਹੈ।

Advertisement

ਸੰਘਰਸ਼ ਰਾਹੀਂ ਬਾਈਕਾਟ ਨਹੀਂ ਕੀਤਾ ਜਾ ਸਕਦਾ: ਸਾਬਕਾ ਸਰਪੰਚ

ਸਾਬਕਾ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਸੰਘਰਸ਼ ਰਾਹੀਂ ਬਾਈਕਾਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੰਘਰਸ਼ ਸਭ ਦਾ ਸਾਂਝਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਬਾਇਓ ਗੈਸ ਫੈਕਟਰੀ ਦੇ ਉੱਚ ਅਧਿਕਾਰੀਆਂ ਵੱਲੋਂ ਪਿੰਡ ਦੀ ਭਲਾਈ ਲਈ ਲੱਖਾਂ ਰੁਪਏ ਦਿੱਤੇ ਜਾ ਚੁੱਕੇ ਹਨ, ਸਾਲ 2022 ਵਿੱਚ ਪਿੰਡ ਦੇ ਛੱਪੜ ਦੀ ਸਫ਼ਾਈ ਲਈ ਕਰੀਬ ਪੰਜ ਲੱਖ ਰੁਪਏ ਦਿੱਤੇ ਗਏ ਸਨ। ਲੈਟਰ ਪੈਡ ’ਤੇ ਸਿਰਫ਼ ਇਹ ਲਿਖਿਆ ਹੋਇਆ ਸੀ ਕਿ ਪਿੰਡ ਦੇ ਛੱਪੜ ਦੀ ਸਫ਼ਾਈ ਕਰਨ ਤੋਂ ਬਾਅਦ ਕਿਸੇ ਕਿਸਮ ਦੀ ਬਦਬੂ ਨਹੀਂ ਆਉਂਦੀ। ਇੱਥੋਂ ਤੱਕ ਕਿ ਕਈ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਰਾਜਨੀਤੀ ਕਰ ਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Advertisement
Author Image

sukhwinder singh

View all posts

Advertisement
Advertisement
×