ਵਿਸ਼ਿਆਂ ਦੀ ਚੋਣ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਤੇ ਪਾੜ੍ਹੇ ਆਹਮੋ-ਸਾਹਮਣੇ
ਸ਼ਗਨ ਕਟਾਰੀਆ
ਬਠਿੰਡਾ, 24 ਅਗਸਤ
ਇੱਥੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀ ਸਬਜੈਕਟ ਕੰਬੀਨੇਸ਼ਨ ਰੱਦ ਕਰਕੇ ਵਿਸ਼ਿਆਂ ਦੀ ਚੋਣ ਯੂਨੀਵਰਸਿਟੀ ਦੇ ਬਣਾਏ ਟੈਂਪਲੇਟ ਮੁਤਾਬਕ ਕਰਾਉਣ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਕਾਲਜ ਪ੍ਰਸ਼ਾਸਨ ਅਤੇ ਵਿਦਿਆਰਥੀ ਆਹਮੋ-ਸਾਹਮਣੇ ਹੋ ਗਏ ਹਨ। ਇਸ ਮੌਕੇ ਵਿਦਿਆਰਥੀਆਂ ਵੱਲੋਂ 27 ਅਗਸਤ ਨੂੰ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ।
ਪੀਐੱਸਯੂ ਦੇ ਆਗੂ ਰਜਿੰਦਰ ਸਿੰਘ ਅਤੇ ਪਾਇਲ ਅਰੋੜਾ ਨੇ ਦੋਸ਼ ਲਾਇਆ ਕਿ ਕਾਲਜ ਪ੍ਰਸ਼ਾਸਨ ਵੱਲੋਂ ਸਬਜੈਕਟ ਕੰਬੀਨੇਸ਼ਨ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਅੱਜ ਕਾਲਜ ’ਚ ਰੈਲੀ ਕਰਕੇ ਪ੍ਰਿੰਸੀਪਲ ਦਫ਼ਤਰ ਤੱਕ ਮੁਜ਼ਾਹਰਾ ਕਰਨ ਉਪਰੰਤ ਪ੍ਰਿੰਸੀਪਲ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ। ਉਨ੍ਹਾਂ ਮੁਤਾਬਕ ਮਸਲੇ ਦੇ ਹੱਲ ਵਜੋਂ ਕਾਲਜ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਦੇਣ ਗਏ ਆਗੂਆਂ ਨੂੰ ਮੌਕੇ ’ਤੇ ਹੀ ਵਿਸ਼ਿਆਂ ਦੀ ਦੁਬਾਰਾ ਚੋਣ ਕਰਵਾਉਣ ਸਬੰਧੀ ਨੋਟਿਸ ਸੌਂਪ ਦਿੱਤਾ ਗਿਆ, ਪਰ ਜਦੋਂ ਵਿਦਿਆਰਥੀ ਵਿਸ਼ੇ ਚੁਣਨ ਲਈ ਗਏ ਤਾਂ ਦੁਬਾਰਾ ਫ਼ੇਰ ਉਨ੍ਹਾਂ ਨੂੰ ਉਹੀ ਸਬਜੈਕਟ ਕੰਬੀਨੇਸ਼ਨ ਚੁਣਨ ਲਈ ਮਜਬੂਰ ਕੀਤਾ ਗਿਆ, ਜਿੱਥੋਂ ਵਿਵਾਦ ਭਖ਼ ਗਿਆ।
ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਨਵੇਂ ਸਬਜੈਕਟ ਕੰਬੀਨੇਸ਼ਨ ਚੁਣਨ ਲਈ ਕਿਹਾ ਗਿਆ ਸੀ, ਪਰ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਮਨਚਾਹੇ ਵਿਸ਼ੇ ਨਹੀਂ ਸਨ ਮਿਲ ਰਹੇ। ਉਨ੍ਹਾਂ ਕਿਹਾ ਕਿ ਸਬਜੈਕਟ ਕੰਬੀਨੇਸ਼ਨ ਚੁਣਨ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਟੈਂਪਲੇਟ ਜਾਰੀ ਕੀਤਾ ਗਿਆ ਸੀ, ਪਰ ਕਾਲਜ ਪ੍ਰਸ਼ਾਸ਼ਨ ਵੱਲੋਂ ਬਣਾਏ ਗਏ ਸਬਜੈਕਟ ਕੰਬੀਨੇਸ਼ਨ ਗਰੁੱਪ ਯੂਨੀਵਰਸਿਟੀ ਦੇ ਬਣਾਏ ਟੈਂਪਲੇਟ ਅਨੁਸਾਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਮਸਲੇ ਦੇ ਹੱਲ ਲਈ ਵਿਦਿਆਰਥੀ ਦੁਬਾਰਾ ਇੱਕਠੇ ਹੋ ਰਹੇ ਸਨ, ਤਾਂ ਵਿਦਿਆਰਥੀਆਂ ਨੂੰ ਕਥਿਤ ਕਾਲਜ ਪ੍ਰਿੰਸੀਪਲ ਅਤੇ ਕੁਝ ਹੋਰ ਪ੍ਰੋਫ਼ੈਸਰਾਂ ਵੱਲੋਂ ਨਾਮ ਕੱਟਣ ਦੀਆਂ ਧਮਕੀਆਂ ਦੇ ਕੇ ਖਿੰਡਾ ਦਿੱਤਾ ਗਿਆ ਅਤੇ ਧੱਕੇ ਨਾਲ ਉਹੀ ਸਬਜੈਕਟ ਕੰਬੀਨੇਸ਼ਨ ਚੁਣਨ ਲਈ ਜਮਾਤਾਂ ਵਿੱਚ ਭੇਜਿਆ ਗਿਆ।
ਆਗੂਆਂ ਨੇ ਕਿਹਾ ਕਿ ਧੱਕੇ ਨਾਲ ਭਰਵਾਏ ਸਬਜੈਕਟ ਕੰਬੀਨੇਸ਼ਨ ਰੱਦ ਕੀਤੇ ਜਾਣ। ਯੂਨੀਵਰਸਿਟੀ ਟੈਂਪਲੇਟ ਅਨੁਸਾਰ ਸਬਜੈਕਟ ਕੰਬੀਨੇਸ਼ਨ ਬਣਾਏ ਜਾਣ। ਵਿਦਿਆਰਥੀਆਂ ਨੂੰ ਨਾਮ ਕੱਟਣ ਦੀਆਂ ਧਮਕੀਆਂ ਦੇ ਕੇ ਧੱਕੇ ਨਾਲ ਸਬਜੈਕਟ ਚੁਣਨ ਲਈ ਮਜਬੂਰ ਕਰਨ ਵਾਲੀ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਪ੍ਰਦਰਸ਼ਨ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਘੁੰਮਣ, ਦੀਪ ਘੁੰਮਣ, ਲਵਪ੍ਰੀਤ ਸਿੰਘ, ਨਾਜ਼ੀਆ ਖ਼ਾਨ, ਕ੍ਰਿਸਟੀ ਬਠਿੰਡਾ, ਸੁਸ਼ੀਲਾ, ਹਰਪ੍ਰੀਤ ਸਿੰਘ ਹਾਜ਼ਰ ਸਨ।