For the best experience, open
https://m.punjabitribuneonline.com
on your mobile browser.
Advertisement

ਵੈਨਕੂਵਰ ਵਿਚਾਰ ਮੰਚ ਵੱਲੋਂ ਸ਼ਾਇਰ ਦਰਸ਼ਨ ਬੁੱਟਰ ਨਾਲ ਰੂਬਰੂ

07:55 AM Nov 15, 2023 IST
ਵੈਨਕੂਵਰ ਵਿਚਾਰ ਮੰਚ ਵੱਲੋਂ ਸ਼ਾਇਰ ਦਰਸ਼ਨ ਬੁੱਟਰ ਨਾਲ ਰੂਬਰੂ
Advertisement

ਹਰਦਮ ਮਾਨ

ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਤੋਂ ਆਏ ਨਾਮਵਰ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿੱਚ ਵੈਨਕੂਵਰ ਖੇਤਰ ਦੀਆਂ ਅਹਿਮ ਸਾਹਿਤਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਦਰਸ਼ਨ ਬੁੱਟਰ ਬਾਰੇ ਕੁਝ ਸ਼ਬਦ ਕਹਿੰਦਿਆਂ ਸ਼ਾਇਰ ਜਸਵਿੰਦਰ ਨੇ ਕਿਹਾ ਕਿ ਦਰਸ਼ਨ ਬੁੱਟਰ ਦੀ ਕਵਿਤਾ ਨੂੰ ਉਨ੍ਹਾਂ ਨੇ ਲਗਾਤਾਰ ਵਿਕਸਤ ਹੁੰਦੇ ਅਤੇ ਪਰਿਪੱਕਤਾ ਦੀ ਪੌੜੀ ਚੜ੍ਹਦਿਆਂ ਦੇਖਿਆ ਹੈ। ਉਸ ਦੀ ਕਵਿਤਾ ਦੀ ਵਿਲੱਖਣ ਖੂਬਸੂਰਤੀ ਇਹ ਹੈ ਕਿ ਇਹ ਤਿੰਨ ਤਿੰਨ ਚਾਰ ਚਾਰ ਸਤਰਾਂ ਦੀਆਂ ਕਵਿਤਾਵਾਂ ਵੀ ਹਨ ਤੇ ਤਿੰਨ ਤਿੰਨ ਚਾਰ ਚਾਰ ਸਫਿਆਂ ਦੀਆਂ ਕਵਿਤਾਵਾਂ ਵੀ। ਉਸ ਨੂੰ ਕਈ ਵਾਰ ‘ਛੋਟੀ ਕਵਿਤਾ ਦਾ ਵੱਡਾ ਕਵੀ’ ਵੀ ਕਿਹਾ ਜਾਂਦਾ ਹੈ ਜਦੋਂ ਕਿ ਉਸ ਨੂੰ ਛੋਟੀ ਕਵਿਤਾ, ਵੱਡੀ ਕਵਿਤਾ ਅਤੇ ਹਰ ਤਰ੍ਹਾਂ ਦੀ ਕਵਿਤਾ ਉੱਪਰ ਆਬੂਰ ਹਾਸਲ ਹੈ।
ਦਰਸ਼ਨ ਬੁੱਟਰ ਨੇ ਆਪਣੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਆਪਣੀ ਕਲਮ ਸਾਧਨਾ ਨੂੰ ਕਾਵਿਕ ਰੰਗ ਵਿੱਚ ਪੇਸ਼ ਕਰਦਿਆਂ ਕਿਹਾ ਕਿ ‘ਮੈਂ ਜ਼ਿੰਦਗੀ ਦੇ ਲੰਮੇ ਸਹਿਰਾਅ ’ਚੋਂ ਕੁਝ ਕਣ ਸਾਂਭੇ ਨੇ, ਰੰਗਾਂ ਦੇ ਅਥਾਹ ਸਮੁੰਦਰ ’ਚੋਂ ਕੁਝ ਲਹਿਰਾਂ ਫੜੀਆਂ ਨੇ, ਸ਼ਬਦਾਂ ਦੀ ਕਿਣਮਿਣ ’ਚ ਪਪੀਹੇ ਵਾਂਗ ਕੁੱਝ ਬੂੰਦਾਂ ਚੱਖੀਆਂ ਨੇ, ਖ਼ੁਦੀ ਤੋਂ ਨਾਬਰ ਹੋ ਬੇਖ਼ੁਦੀ ਦੀ ਇਬਾਰਤ ਲਿਖੀ ਏ, ਅੰਨ੍ਹੀ ਗੁਫ਼ਾ ’ਚੋਂ ਟਟਹਿਣੇ ਫੜ ਰਾਤ ਦੇ ਕੇਸਾਂ ’ਚ ਜੜੇ ਨੇ, ਟਿਕ ਟਿਕ ਕਰਦੀਆਂ ਘੜੀਆਂ ਦੀ ਰਫ਼ਤਾਰ ’ਚੋਂ ਚੰਦ ਧੜਕਣਾਂ ਕਸ਼ੀਦੀਆਂ ਨੇ, ਭੁੱਬਲ ਵਿੱਚੋਂ ਚੁਟਕੀ ਕੁ ਭਬੂਤੀ ਕੋਰੇ ਪੰਨਿਆਂ ’ਤੇ ਜਗਾਈ ਹੈ।’ ‘ਇਹ ਸੰਸਾਰ ਤਾਂ ਬਹੁਤ ਵੱਡਾ ਹੈ, ਬਹੁਤ ਵੱਡੇ ਲੇਖਕ ਨੇ, ਬਹੁਤ ਵੱਡੇ ਫਿਲਾਸਫਰ ਨੇ, ਬਹੁਤ ਵੱਡੇ ਚਿੰਤਕ ਬੈਠੇ ਹਨ, ਅਸੀਂ ਤਾਂ ਇੱਕ ਕਣੀ ਹਾਂ’।
ਦਰਸ਼ਨ ਬੁੱਟਰ ਨੇ ਆਪਣੀਆਂ ਕਾਵਿ ਪੁਸਤਕਾਂ ‘ਔੜ ਦੇ ਬੱਦਲ’, ‘ਸਲ੍ਹਾਬੀ ਹਵਾ’, ‘ਸ਼ਬਦ, ਸ਼ਹਿਰ ਤੇ ਰੇਤ’, ‘ਖੜਾਵਾਂ’, ‘ਦਰਦ ਮਜੀਠੀ’, ‘ਮਹਾਂ ਕੰਬਣੀ’ ਅਤੇ ‘ਅੱਕਾਂ ਦੀ ਕਵਿਤਾ’ ਵਿਚਲੀਆਂ ਰਚਨਾਵਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਪੁਸਤਕਾਂ ਵਿਚਲੀਆਂ ਭਾਵਪੂਰਤ ਰਚਨਾਵਾਂ ਦੇ ਵੱਖ ਵੱਖ ਕਾਵਿਕ ਰੰਗਾਂ ਦੀ ਖੁਸ਼ਬੂ ਨਾਲ ਸਮੁੱਚਾ ਮਾਹੌਲ ਮਹਿਕਾਅ ਦਿੱਤਾ।
ਮੰਚ ਦਾ ਸੰਚਾਲਨ ਸ਼ਾਇਰ ਮੋਹਨ ਗਿੱਲ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਅੰਗਰੇਜ਼ ਬਰਾੜ ਤੋਂ ਇਲਾਵਾ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਅਜਮੇਰ ਰੋਡੇ, ਸੁਰਜੀਤ ਕਲਸੀ, ਰਾਜਵੰਤ ਰਾਜ, ਭੁਪਿੰਦਰ ਮੱਲ੍ਹੀ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਹਰਿੰਦਰਜੀਤ ਸੰਧੂ, ਅਮਨ ਸੀ ਸਿੰਘ, ਡਾ. ਸ਼ਬਨਮ ਮੱਲ੍ਹੀ, ਅਸ਼ੋਕ ਭਾਰਗਵ, ਪ੍ਰੋ. ਅਵਤਾਰ ਵਿਰਦੀ, ਨਵਲਪ੍ਰੀਤ ਰੰਗੀ, ਮਹਿੰਦਰਪਾਲ ਸਿੰਘ ਪਾਲ ਅਤੇ ਕੁਲਦੀਪ ਸਿੰਘ ਬਾਸੀ ਸ਼ਾਮਲ ਸਨ।
ਸੰਪਰਕ: +1 604 308 6663

Advertisement

ਸਰੀ ਵਿਖੇ ਪਈ ਪੰਜਾਬੀ ਲੋਕ ਨਾਚਾਂ ਦੀ ਧੂਮ

ਸਰੀ: ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੁਸਾਇਟੀ ਵੈਨਕੂਵਰ ਵੱਲੋਂ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਪਾਸਾਰ ਹਿੱਤ ਇੱਥੇ ਪਹਿਲੀ ਵਾਰ ਚਾਰ ਰੋਜ਼ਾ ਅੰਤਰਰਾਸ਼ਟਰੀ ਲੋਕ ਨਾਚ ਮੇਲਾ ‘ਵਰਲਡ ਫੋਕ ਫੈਸਟੀਵਲ’ ਬੈਨਰ ਹੇਠ ਕਰਵਾਇਆ ਗਿਆ। ਸੁਸਾਇਟੀ ਦੇ ਮੁੱਖ ਬੁਲਾਰੇ ਡਾ. ਸੁਖਵਿੰਦਰ ਸਿੰਘ ਵਿਰਕ ਨੇ ਮੇਲੇ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਕੈਨੇਡਾ ਵਿੱਚ ਪਹਿਲੀ ਵਾਰ ਗਿੱਧੇ ਅਤੇ ਭੰਗੜੇ ਤੋਂ ਇਲਾਵਾ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਖੇਤਰੀ ਲੋਕ ਨਾਚ ਝੂਮਰ, ਸੰਮੀ, ਲੁੱਡੀ, ਮਲਵਈ ਗਿੱਧਾ ਅਤੇ ਲੋਕ ਗੀਤਾਂ ਦੇ ਮੁਕਾਬਲੇ ਦੇਖਣ ਨੂੰ ਮਿਲੇ। ਜਿੱਥੇ ਇਸ ਮੇਲੇ ਵਿੱਚ ਅਮਰੀਕਾ, ਇੰਗਲੈਂਡ, ਟੋਰਾਂਟੋ, ਐਡਮਿੰਟਨ, ਕੈਲਗਰੀ ਅਤੇ ਲੋਕਲ ਟੀਮਾਂ ਨੇ ਲਾਈਵ ਸਟੇਜ ਪੇਸ਼ਕਾਰੀ ਵਿੱਚ ਹਿੱਸਾ ਲਿਆ ਉੱਥੇ ਨਾਲ ਹੀ ਭਾਰਤੀ ਪੰਜਾਬ, ਨਿਊਜ਼ੀਲੈਂਡ, ਆਸਟਰੇਲੀਆ ਆਦਿ ਦੇਸ਼ਾਂ ਤੋਂ ਬਹੁਤ ਸਾਰੀਆਂ ਟੀਮਾਂ ਨੇ ਆਨਲਾਈਨ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਿਟੀ ਕੌਂਸਲਰ ਨਿਊ ਵੈਸਟ ਮਨਿਸਟਰ ਰੂਬੀ ਕੈਂਬਲ, ਮਨਿਸਟਰ ਆਫ ਸਟੇਟ ਫਾਰ ਟਰੇਡ ਬੀਸੀ ਜਗਰੂਪ ਬਰਾੜ, ਉੱਘੇ ਲੋਕਧਾਰਾ ਵਿਗਿਆਨੀ ਡਾ. ਨਾਹਰ ਸਿੰਘ ਅਤੇ ਸਾਹਿਤਕਾਰ ਡਾ. ਗੋਪਾਲ ਸਿੰਘ ਬੁੱਟਰ ਸ਼ਾਮਲ ਸਨ। ਜਗਰੂਪ ਬਰਾੜ ਅਤੇ ਡਾ. ਨਾਹਰ ਸਿੰਘ ਨੇ ਇਨ੍ਹਾਂ ਮੇਲਿਆਂ ਦੀ ਸੱਭਿਆਚਾਰਕ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਇਨ੍ਹਾਂ ਨੂੰ ਅਗਲੇ ਸਾਲਾਂ ਵਿੱਚ ਜਾਰੀ ਰੱਖਣ ਦੀ ਵਕਾਲਤ ਕੀਤੀ। ਸਮੁੱਚੇ ਮੇਲੇ ਦਾ ਮੰਚ ਸੰਚਾਲਨ ਡਾ. ਸੁਖਵਿੰਦਰ ਵਿਰਕ, ਭੁਪਿੰਦਰ ਮਾਂਗਟ ਅਤੇ ਐਂਜਲਾ ਨੇ ਬਾਖੂਬੀ ਨਿਭਾਇਆ।
ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੁਸਾਇਟੀ ਦੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਸੈਣੀ, ਪਰਮਜੀਤ ਸਿੰਘ, ਕੁਲਵਿੰਦਰ ਹੇਅਰ, ਗੁਰਬਚਨ ਸਿੰਘ ਖੁੱਡੇਵਾਲੀਆ, ਅਮਰਜੀਤ ਸਿੰਘ ਔਜਲਾ, ਨਵਰੂਪ ਸਿੰਘ, ਹਰਜਾਪ ਸਿੰਘ ਅਟਵਾਲ, ਬਲਜੀਤ ਸਿੰਘ ਪੱਤਰ ਨੇ ਮੇਲੇ ਦੀ ਕਾਮਯਾਬੀ ਲਈ ਸਾਰੀਆਂ ਟੀਮਾਂ, ਸਹਿਯੋਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੇਲੇ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਸਮੁੱਚੇ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ:
ਲੋਕ ਗੀਤ (ਜੂਨੀਅਰਜ਼): ਮੰਨਤ ਚਾਹਲ ਵਿਨੀਪੈੱਗ ਪਹਿਲਾ ਸਥਾਨ ਤੇ ਅਗਮਬੀਰ ਚਾਹਲ ਵਿਨੀਪੈੱਗ ਦੂਜਾ ਸਥਾਨ।
ਲੋਕ ਗੀਤ (ਸੀਨੀਅਰਜ਼): ਬਲਜੀਤ ਕੌਰ ਸੰਗੀਤ ਮਹਿਲ ਸਰੀ ਪਹਿਲਾ ਸਥਾਨ, ਮੰਨਤ ਚਾਹਲ ਵਿਨੀਪੈੱਗ ਦੂਜਾ ਸਥਾਨ ਅਤੇ ਦਰਸ਼ਦੀਪ ਸਿੰਘ ਸੰਗੀਤ ਮਹਿਲ ਸਰੀ ਤੀਜਾ ਸਥਾਨ।
ਭੰਗੜਾ (ਮਿਊਜ਼ਕ) ਜੂਨੀਅਰਜ਼: ਕੋਹੀਨੂਰ ਵਿਹੜੇ ਦੀਆਂ ਰੌਣਕਾਂ ਸਰੀ ਪਹਿਲਾ ਸਥਾਨ, ਯੰਗ ਭੰਗੜਾ ਕੈਲਗਰੀ ਦੂਜਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਤੇ ਦਸਮੇਸ਼ ਸਕੂਲ ਵਿਨੀਪੈੱਗ ਤੀਜਾ ਸਥਾਨ।
ਝੂਮਰ (ਜੂਨੀਅਰਜ਼): ਮਾਲਵਾ ਫੋਕ ਆਰਟ ਸੈਂਟਰ ਸਰੀ ਪਹਿਲਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਦੂਜਾ ਸਥਾਨ।
ਜਿੰਦੂਆ: ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਪਹਿਲਾ ਸਥਾਨ।
ਗਿੱਧਾ (ਮਿਊਜ਼ਕ) ਜੂਨੀਅਰਜ਼: ਵੀਸੀਏ ਵਿਰਾਸਤੀ ਛਣਕਾਰ ਅਕੈਡਮੀ ਕੈਲਗਰੀ ਪਹਿਲਾ ਸਥਾਨ, ਵਾਈਵਾਈ ਸੀ ਗਿੱਧਾ ਐਂਡ ਫੋਕ ਅਕੈਡਮੀ ਕੈਲਗਰੀ ਦੂਜਾ ਸਥਾਨ ਅਤੇ ਤ੍ਰਿੰਝਣਾ ਆਇਰਲੈਂਡ ਤੀਜਾ ਸਥਾਨ।
ਗਿੱਧਾ (ਮਿਊਜ਼ਕ) ਸੀਨੀਅਰਜ਼: ਪੰਜਾਬੀ ਹੈਰੀਟੇਜ ਐਂਡ ਫੋਕ ਅਕੈਡਮੀ (ਪੀਐੱਚਐੱਫ) ਐਡਮਿੰਟਨ ਪਹਿਲਾ ਸਥਾਨ, ਏਬੀਸੀ ਅੜਬ ਮੁਟਿਆਰਾਂ ਸਿਆਟਲ ਅਤੇ ਵੀਸੀਏ ਵਿਰਾਸਤੀ ਛਣਕਾਰ ਅਕੈਡਮੀ ਕੈਲਗਰੀ ਦੂਜਾ ਸਥਾਨ ਅਤੇ ਸੁਨਹਿਰੀ ਪਿੱਪਲ ਪੱਤੀਆਂ ਸਰੀ ਤੀਜਾ ਸਥਾਨ।
ਭੰਗੜਾ (ਮਿਊਜ਼ਕ) ਸੀਨੀਅਰਜ਼ : ਨੱਚਦਾ ਪੰਜਾਬ ਕੈਲਗਰੀ ਪਹਿਲਾ ਸਥਾਨ, ਅੜਬ ਮੁਟਿਆਰਾਂ ਬਰੈਂਪਟਨ ਦੂਜਾ ਸਥਾਨ ਅਤੇ ਸੁਨਹਿਰੀ ਫੋਕ ਆਰਟਸ ਕਲੱਬ ਸਰੀ ਤੀਜਾ ਸਥਾਨ।
ਝੂਮਰ (ਸੀਨੀਅਰਜ਼): ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿੰਟਨ ਪਹਿਲਾ ਸਥਾਨ ਅਤੇ ਵਿਨੀਪੈੱਗ ਪੰਜਾਬੀ ਆਰਟਸ ਅਕੈਡਮੀ ਦੂਜਾ ਸਥਾਨ।
ਲੁੱਡੀ: ਪੰਜਾਬੀ ਹੈਰੀਟੇਜ ਐਂਡ ਫੋਕ ਅਕੈਡਮੀ (ਪੀਐੱਚਐੱਫ) ਐਡਮਿੰਟਨ ਪਹਿਲਾ ਸਥਾਨ, ਫੋਕ ਸਟਾਰ ਆਰਟਸ ਅਕੈਡਮੀ ਸਰੀ ਦੂਜਾ ਸਥਾਨ ਅਤੇ ਪੰਜ-ਆਬ ਪ੍ਰੋਫਾਰਮਿੰਗ ਆਰਟਸ ਕੈਲਗਰੀ ਤੀਜਾ ਸਥਾਨ।
ਫੋਕ ਆਰਕੈਸਟਰਾ: ਸੰਗੀਤ ਮਹਿਲ ਸਰੀ ਪਹਿਲਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਦੂਜਾ ਸਥਾਨ।
ਮਲਵਈ ਗਿੱਧਾ: ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਪਹਿਲਾ ਸਥਾਨ।
ਗਿੱਧਾ (ਲਾਈਵ) ਜੂਨੀਅਰਜ਼: ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਪਹਿਲਾ ਸਥਾਨ।
ਗਿੱਧਾ (ਲਾਈਵ) ਸੀਨੀਅਰਜ਼: ਗਿੱਧਾ ਮੇਲਣਾ ਦਾ ਸਰੀ ਪਹਿਲਾ ਸਥਾਨ, ਪੰਜ-ਆਬ ਪ੍ਰੋਫਾਰਮਿੰਗ ਆਰਟਸ ਕੈਲਗਰੀ ਦੂਜਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਤੀਜਾ ਸਥਾਨ।
ਭੰਗੜਾ (ਲਾਈਵ) ਜੂਨੀਅਰਜ਼: ਪੰਜਾਬੀ ਹੈਰੀਟੇਜ ਐਂਡ ਫੋਕ ਅਕੈਡਮੀ (ਪੀਐੱਚਐੱਫ) ਐਡਮਿੰਟਨ ਪਹਿਲਾ ਸਥਾਨ, ਮਾਲਵਾ ਫੋਕ ਆਰਟ ਸੈਂਟਰ ਸਰੀ ਦੂਜਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਤੀਜਾ ਸਥਾਨ।
ਭੰਗੜਾ (ਲਾਈਵ) ਸੀਨੀਅਰਜ਼: ਪੰਜਾਬੀ ਲੋਕ ਨਾਚ ਅਕੈਡਮੀ ਟੋਰਾਂਟੋ ਪਹਿਲਾ ਸਥਾਨ, ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿੰਟਨ ਤੇ ਪੰਜਾਬੀ ਹੈਰੀਟੇਜ ਐਂਡ ਫੋਕ ਅਕੈਡਮੀ (ਪੀਐੱਚਐੱਫ) ਐਡਮਿੰਟਨ ਦੂਜਾ ਸਥਾਨ ਅਤੇ ਵਸਦਾ ਪੰਜਾਬ ਯੂ.ਕੇ. ਤੀਜਾ ਸਥਾਨ।
ਗਿੱਧਾ (ਲਾਈਵ) ਵਿੱਚੋਂ ਸੁਖਮਨ (ਪੰਜ-ਆਬ ਪ੍ਰੋਫਾਰਮਿੰਗ ਆਰਟਸ ਕੈਲਗਰੀ) ਤੇ ਸੁਖਪ੍ਰੀਤ (ਗਿੱਧਾ ਮੇਲਣਾ ਦਾ ਸਰੀ) ਅਤੇ ਭੰਗੜਾ (ਲਾਈਵ) ਵਿੱਚੋਂ ਸੁਖ (ਵਸਦਾ ਪੰਜਾਬ ਯੂ.ਕੇ.) ਤੇ ਯੁਵੀ (ਪੀਐੱਚਐੱਫ ਐਡਮਿੰਟਨ) ਨੂੰ ਬੈਸਟ ਡਾਂਸਰਜ਼ ਨਾਲ ਨਿਵਾਜਿਆ ਗਿਆ।

Advertisement
Author Image

joginder kumar

View all posts

Advertisement
Advertisement
×