ਬੀਤੀ ਸਦੀ ਦੀ ਹਮਸਫ਼ਰ ਦੇ ਰੂ-ਬ-ਰੂ
ਡਾ. ਕੁਲਦੀਪ ਸਿੰਘ ਧੀਰ
ਜਨਮ ਸ਼ਤਾਬਦੀ
1923 ਤੋਂ 2019 ਤਕ ਪੂਰੇ ਛਿਆਨਵੇਂ ਸਾਲ, ਪੂਰੀ ਸਦੀ ਹੋਣ ਵਾਲੀ ਹੈ। ਜਸਵੰਤ ਸਿੰਘ ਕੰਵਲ (ਹੁਣ ਮਰਹੂਮ) ਨੇ ਤਾਂ ਇਹ ਸਦੀ ਪੂਰੀ ਕਰ ਲਈ ਹੈ ਅਤੇ ਸ਼੍ਰੀਮਤੀ ਆਈ.ਕੇ. ਸੰਧੂ ਇਸ ਮੰਜ਼ਿਲ ਤੋਂ ਬਸ ਚਾਰ ਕਦਮ ਦੂਰ ਹੈ। ਬੀਤੀ ਤੇ ਬੀਤ ਰਹੀ ਸਦੀ ਦੇ ਕਿਸੇ ਹਮਸਫ਼ਰ ਨਾਲ ਗੱਲ ਕਰਨ ਦਾ ਅਰਥ ਆਪਣੇ ਆਪ, ਆਪਣੇ ਅਤੀਤ, ਆਪਣੇ ਸਮਿਆਂ ਤੇ ਉਨ੍ਹਾਂ ਦੇ ਸਰੋਕਾਰਾਂ ਦੇ ਰੂ-ਬ-ਰੂ ਹੋਣਾ ਹੈ। ਭਰਪੂਰ ਜ਼ਿੰਦਗੀ ਦੇ ਅਨੁਭਵ ਵਿਚ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਣ ਦੀ ਸਹਿਜ ਸਿਆਣਪ ਹੁੰਦੀ ਹੈ। ਇਸੇ ਲਈ ਮੈਨੂੰ ਵਡੇਰੀ ਉਮਰ ਦੇ ਲੋਕਾਂ ਨਾਲ ਬਹਿਣਾ ਹਮੇਸ਼ਾ ਚੰਗਾ ਲੱਗਦਾ ਰਿਹਾ ਹੈ। ਅਜਿਹੇ ਮੌਕੇ ਮੈਂ ਵਾਹ ਲੱਗਦੀ ਹੱਥੋਂ ਨਹੀਂ ਜਾਣ ਦਿੰਦਾ। ਹੱਥੋਂ ਜਾਣ ਦੇਣਾ ਤਾਂ ਇਕ ਪਾਸੇ, ਮੈਂ ਇਸ ਲਈ ਅੱਡੀਆਂ ਚੁੱਕ ਕੇ ਫਾਹਾ ਲੈਣ ਤਕ ਜਾਂਦਾ ਹਾਂ। ਆਪਣੀ ਇਸੇ ਇੱਛਾ ਦੀ ਪੂਰਤੀ ਹਿਤ ਮੈਂ 1975 ਤੋਂ 1978 ਤਕ ਆਪਣੀ ਵਾਈਸ-ਚਾਂਸਲਰ ਰਹੀ ਬੀਤੀ ਸਦੀ ਦੀ ਹਮਸਫ਼ਰ ਸ਼੍ਰੀਮਤੀ ਆਈ.ਕੇ. ਸੰਧੂ ਨਾਲ ਮਿਲਣ ਦੀ ਇੱਛਾ ਉਸ ਦੇ ਬੇਟੇ ਰੂਪਿੰਦਰ ਨੂੰ ਦੱਸੀ। ਉਸ ਨੇ ਮਾਤਾ ਨਾਲ ਗੱਲ ਕਰ ਕੇ ਡੇਢ ਦੋ ਘੰਟੇ ਸਾਡੇ ਮਿਲ ਬੈਠਣ ਦਾ ਅਵਸਰ ਬਣਾ ਦਿੱਤਾ।
ਸਮਕਾਲ ਤੇ ਅਤੀਤ ਵਿਚ ਦੂਰ ਤਕ ਵਿਅਕਤੀਆਂ, ਘਟਨਾਵਾਂ, ਸਰੋਕਾਰਾਂ ਤੇ ਸਮੱਸਿਆਵਾਂ ਬਾਰੇ ਇਸ ਦੌਰਾਨ ਹੋਈਆਂ ਨਿੱਕੀਆਂ-ਨਿੱਕੀਆਂ ਗੱਲਾਂ ਕਈ ਦਿਨ ਮੇਰੇ ਦਿਲ ਦਿਮਾਗ਼ ਵਿਚ ਵਿਚਾਰ, ਤਰੰਗਾਂ ਉਠਾਉਂਦੀਆਂ ਰਹੀਆਂ। ਮੈਂ ਆਪਣੀ ਯੂਨਿਵਰਸਿਟੀ ਦੇ 1962 ਤੋਂ ਲੈ ਕੇ ਹੁਣ ਤਕ ਦੇ ਇਤਿਹਾਸ ਵਿਚ ਹਰ ਵਾਈਸ-ਚਾਂਸਲਰ ਨੂੰ ਰਤਾ ਵਿੱਥ ਤੋਂ ਵੇਖਿਆ ਸੀ। ਉਸ ਨੂੰ ਨੇੜਿਓਂ ਵੇਖਣਾ ਇਕ ਵੱਖਰੀ ਭਾਂਤ ਦਾ ਅਨੁਭਵ ਸੀ ਜਿਸ ਨੇ ਮੈਨੂੰ ਉਸ ਦੀ ਰਹੱਸਮਈ ਸ਼ਖ਼ਸੀਅਤ ਦੀਆਂ ਵਿਭਿੰਨ ਪਰਤਾਂ ਜਾਣਨ ਸਮਝਣ ਦਾ ਮੌਕਾ ਦਿੱਤਾ। ਇਸ ਰੂ-ਬ-ਰੂ ਤੇ ਇਸ ਦੇ ਪ੍ਰਤੀਕਰਮ ਵਜੋਂ ਅਰਜਿਤ ਅਨੁਭਵ ਨੂੰ ਕਲਮ ਦੀ ਨੋਕ ’ਤੇ ਲਿਆਉਣਾ ਜ਼ਰੂਰੀ ਹੈ ਤਾਂ ਕਿ ਸਨਦ ਰਹੇ।
ਵਿਗਿਆਨ ਦੀਆਂ ਵੱਡੀਆਂ ਪ੍ਰਾਪਤੀਆਂ ਤੇ ਸੁੱਖ ਸਹੂਲਤਾਂ ਵਾਲੇ ਸਮਕਾਲ ਵਿਚ ਅੱਜ ਬਹੁਗਿਣਤੀ ਜਿਵੇਂ ਭਾਂਤ-ਭਾਂਤ ਦੀਆਂ ਬਿਮਾਰੀਆਂ ਨਾਲ ਪ੍ਰੇਸ਼ਾਨ ਹੈ, ਉਸ ਨੂੰ ਦੇਖਦਿਆਂ ਮੈਨੂੰ ਲੱਗਦਾ ਸੀ ਕਿ ਸ਼੍ਰੀਮਤੀ ਸੰਧੂ ਸਰੀਰਕ ਪੱਖੋਂ ਬੁਰੀ ਤਰ੍ਹਾਂ ਰੋਗਾਂ ਨਾਲ ਭੰਨੀ ਹੋਵੇਗੀ। ਪਰ ਅਜਿਹਾ ਕੁਝ ਵੀ ਨਹੀਂ ਸੀ। ਲਗਭਗ ਪੂਰੀ ਸਦੀ ਵੇਖ ਕੇ ਵੀ ਉਸ ਦੇ ਚਿਹਰੇ ਉੱਤੇ ਜਵਾਨਾਂ ਵਾਲੀ ਰੌਣਕ ਸੀ। ਬੋਲਣ, ਸੁਣਨ ਵਿਚ ਪੂਰੀ ਤਰ੍ਹਾਂ ਚੁਸਤ ਦਰੁਸਤ। ਦਿਮਾਗ਼ੀ ਤੌਰ ’ਤੇ ਵਿਚਾਰ ਵਟਾਂਦਰੇ ’ਤੇ ਪੂਰੀ ਤਰ੍ਹਾਂ ਕਾਬਜ਼। ਵਿਵੇਕ ਆਧਾਰਿਤ ਬਹਿਸ ਦੀ ਯੋਗਤਾ। ਪੜ੍ਹਨ ਲਿਖਣ ਦੇ ਸਮਰੱਥ। ਕਲਾ ਸਾਹਿਤ ਨੂੰ ਮਾਣਨ ਦੇ ਸਮਰੱਥ। ਇਸ ਉਮਰੇ ਵੀ ਅੰਮ੍ਰਿਤ ਵੇਲੇ ਉੱਠ ਕੇ ਉਹ ਆਪਣੀ ਨਿਤ ਕ੍ਰਿਆ ਨਿਭਾਅ ਕੇ ਸਵੇਰੇ 9.20 ਤਕ ਕੀਰਤਨ / ਕਥਾ /ਸੰਗੀਤ ਦਾ ਆਨੰਦ ਮਾਣਦੀ ਹੈ। ਉਸ ਨੂੰ ਕੀਰਤਨ ਤੇ ਸੰਗੀਤ ਦੀ ਬਾਰੀਕ ਸਮਝ ਹੈ। ਗੱਲਾਂ ਕਰਦੀ-ਕਰਦੀ ਨੇ ਉਸ ਨੇ ਭਾਈ ਨਿਰਮਲ ਸਿੰਘ ਦੇ ਕੀਰਤਨ ਦੀ ਪ੍ਰਭਾਵਸ਼ਾਲੀ ਅਰਥ ਸੰਚਾਰ ਸਮਰੱਥਾ, ਸ਼ਬਦਾਂ ਦੇ ਉਚਾਰ ਅਤੇ ਮਨੋਵਿਗਿਆਨਿਕ ਪੱਧਰ ਉੱਤੇ ਬਾਣੀ ਨਾਲ ਇਕਸੁਰਤਾ ਜਿਹੇ ਗੁਣਾਂ ਵੱਲ ਮੇਰਾ ਧਿਆਨ ਦਿਵਾ ਕੇ ਮੈਨੂੰ ਚਕ੍ਰਿਤ ਕੀਤਾ। ਅਜੋਕੇ ਯੁੱਗ ਦੇ ਪ੍ਰਸਿੱਧ ਕਥਾਕਾਰ ਭਾਈ ਪਿੰਦਰਪਾਲ ਸਿੰਘ ਦੀ ਕਥਾ ਦੀ ਵਸਤੂ ਤੇ ਅਸਲੀਅਤ ਨੂੰ ਸਾਹਮਣੇ ਲਿਆ ਕੇ ਹੈਰਾਨ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੇ ਬਹੁਗਿਣਤੀ ਕੀਰਤਨਕਾਰਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੇ ਸੁਰ / ਉਚਾਰ / ਮਨੋਵਿਗਿਆਨ ਬਾਰੇ ਕਮਾਲ ਦੀਆਂ ਟਿੱਪਣੀਆਂ ਕੀਤੀਆਂ। ਬਾਣੀ ਦੇ ਸਰਬ ਸਾਂਝੇ ਸੰਦੇਸ਼ ਦੇ ਮਹੱਤਵ ਵੱਲ ਮੇਰਾ ਧਿਆਨ ਆਕਰਸ਼ਿਤ ਕੀਤਾ। ਭਗਤ ਬਾਣੀ, ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਇਤਿਹਾਸ, ਗੁਰਮਤਿ ਸਾਹਿਤ, ਸਾਹਿਤ, ਨਾਟਕ, ਰੰਗਮੰਚ ਦੇ ਵਿਸ਼ਾਲ ਖੇਤਰਾਂ ਨੂੰ ਉਹ ਬੜੇ ਸਹਿਜ ਨਾਲ ਇਕਸੁਰ ਕਰ ਕੇ ਇਕ ਤੋਂ ਦੂਜੇ ਖੇਤਰ ਵਿਚ ਵਿਚਰ ਰਹੀ ਸੀ। ਸਮਕਾਲ ਤੋਂ ਦੂਰ ਅਤੀਤ ਤਕ। ਇਸ ਸਾਰੇ ਕੁਝ ਨਾਲ ਆਪਣੇ ਸੰਬੰਧ, ਭਾਗੀਦਾਰੀ, ਸੋਚ ਤੇ ਫ਼ਿਕਰਾਂ ਤਕ। ਉਸ ਦੇ ਬੋਲ ਮੈਨੂੰ ਉਸ ਦੇ ਨਿੱਜ ਨੂੰ ਜਾਣਨ ਸਮਝਣ ਦਾ ਅਵਸਰ ਦੇ ਰਹੇ ਸਨ।
ਸੰਗੀਤ ਅਤੇ ਕਲਾ ਦਾ ਚੇਤਾ ਆਇਆ ਤਾਂ ਉਸ ਨੇ ਵਿਮੈਨ ਕਾਲਜ ਪਟਿਆਲਾ ਤੇ ਪੰਜਾਬੀ ਯੂਨਿਵਰਸਿਟੀ ਦੀਆਂ ਗੱਲਾਂ ਛੇੜ ਦਿੱਤੀਆਂ। ਵਿਮੈਨ ਕਾਲਜ ਦੇ ਆਡੀਟੋਰੀਅਮ, ਸਾਇੰਸ ਬਲਾਕ ਤੇ ਸਾਈਕਲ ਸ਼ੈੱਡ ਨੂੰ ਉਸਾਰਨ ਲਈ ਉਸ ਨੇ ਸਰਕਾਰ ਵੱਲ ਝਾਕਣ ਦੀ ਥਾਂ ਆਪਣੇ ਉੱਦਮ ਨਾਲ ਪੈਸਾ ਇਕੱਠਾ ਕੀਤਾ। ਕਾਲਜ ਵਿਚ ਸੰਗੀਤ ਦੀ ਸਿੱਖਿਆ ਲਈ ਪ੍ਰੋ. ਤਾਰਾ ਸਿੰਘ ਨੂੰ ਪਟਿਆਲੇ ਦੇ ਬਹੁਤ ਲੋਕ ਜਾਣਦੇ ਹਨ, ਸ਼੍ਰੀਮਤੀ ਸੰਧੂ ਨੇ ਇਸ ਲਈ ਉਸਤਾਦ ਸੋਹਣ ਸਿੰਘ ਦੀਆਂ ਸੇਵਾਵਾਂ ਲਈਆਂ। ਉਸਤਾਦ ਸੋਹਣ ਸਿੰਘ ਕੋਲ ਸੰਗੀਤ ਦੀਆਂ ਰਸਮੀ ਯੂਨੀਵਰਸਿਟੀ ਡਿਗਰੀਆਂ ਨਹੀਂ ਸਨ। ਸਰਕਾਰ ਉਸ ਨੂੰ ਰੱਖਣ ਤੋਂ ਇਨਕਾਰੀ ਸੀ ਤੇ ਸ਼੍ਰੀਮਤੀ ਸੰਧੂ ਬਜ਼ਿੱਦ। ਬੜੀ ਲੰਬੀ ਜੱਦੋ-ਜਹਿਦ ਬਾਅਦ ਉਹ ਸਫਲ ਹੋਈ। ਉਸਤਾਦ ਜੀ ਦੇ ਆਉਣ ਨਾਲ ਕਾਲਜ ਦਾ ਨਾਂ ਸੰਗੀਤ ਦੇ ਖੇਤਰ ਵਿਚ ਖ਼ੂਬ ਚਮਕਿਆ। ਕੀਰਤਨ ਤੇ ਗਿੱਧੇ ਵਿਚ ਕਾਲਜ ਦੀ ਝੰਡੀ ਉਦੋਂ ਤੋਂ ਲੈ ਕੇ ਵਰ੍ਹਿਆਂਬੱਧੀ ਰਹੀ। ਸ਼੍ਰੀਮਤੀ ਸੰਧੂ ਨੇ ਗਿੱਧੇ ਦੀ ਟੀਮ ਆਪ ਦਿੱਲੀ ਦੀ ਰਿਪਬਲਿਕ-ਡੇ ਪਰੇਡ ਵਿਚ ਲੈ ਕੇ ਜਾਣ ਦਾ ਉਚੇਚਾ ਜ਼ਿਕਰ ਕੀਤਾ। ਉਸ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਸਰਦਾਰਨੀ ਗੁਰਸ਼ਰਨ ਕੌਰ ਦੇ ਕਾਲਜ ਦੀ ਵਿਦਿਆਰਥਣ ਹੋਣ ਦੀ ਦੱਸ ਪਾਉਂਦਿਆਂ ਉਸ ਦੀ ਸ਼ਰਾਫਤ ਤੇ ਨਿਮਰਤਾ ਦੀ ਖ਼ੂਬ ਪ੍ਰਸ਼ੰਸਾ ਕੀਤੀ। ਵਿਦਿਆਰਥਣਾਂ ਦੀ ਗੱਲ ਛਿੜੀ ਤਾਂ ਉਸ ਨੇ ਦਲੀਪ ਕੌਰ ਟਿਵਾਣਾ ਦਾ ਨਾਮ ਲਿਆ ਤੇ ਦੱਸਿਆ ਕਿ ਉਹ ਵਿਦਿਆਰਥੀ ਜੀਵਨ ਵਿਚ ਹੀ ਕਹਾਣੀ ਲਿਖਣ ਲੱਗ ਪਈ ਸੀ। ਉਸ ਦੇ ਇਸ ਖੇਤਰ ਦੀ ਸ਼ਾਹਸਵਾਰ ਹੋਣ ਉੱਤੇ ਉਸ ਨੂੰ ਮਾਣ ਹੈ।
ਮੇਰੀ ਵਾਈਸ-ਚਾਂਸਲਰ ਵੀ ਰਹੀ ਹੈ ਉਹ। ਉਸ ਕਾਲ ਦੀਆਂ ਧੁੰਦਲੀਆਂ ਯਾਦਾਂ ਨੂੰ ਉਸ ਨੇ ਲਿਸ਼ਕਾ ਕੇ ਉਹ ਸਮਾਂ ਮੇਰੇ ਸਾਹਮਣੇ ਸਾਕਾਰ ਕਰ ਦਿੱਤਾ। 1975 ਦੇ ਅੰਤਰਰਾਸ਼ਟਰੀ ਨਾਰੀ ਵਰ੍ਹੇ ਉੱਤੇ ਉਸ ਨੂੰ ਪੰਜਾਬੀ ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਬਣਾਇਆ ਗਿਆ ਸੀ। ਆਪਣੇ ਸਮੇਂ ਤੱਕ ਉਹ ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਸੀ। ਉਮਰ ਬਵੰਜਾ ਕੁ ਵਰ੍ਹੇ। ਚੰਡੀਗੜ੍ਹ, ਅੰਮ੍ਰਿਤਸਰ ਤੇ ਪਟਿਆਲਾ ਵਿਚ ਕਈ ਸਾਲ ਪ੍ਰੋਫੈਸਰੀ ਅਤੇ ਪ੍ਰਿੰਸੀਪਲੀ ਕਰ ਚੁੱਕੀ ਸੀ ਉਦੋਂ ਤੱਕ ਉਹ। 1946 ਤੋਂ ਲੈ ਕੇ ਉਨੱਤੀ ਵਰ੍ਹੇ ਗੌਰਮੈਂਟ ਕਾਲਜ ਦੇ/ਅਹੁਦੇ ਦੇ ਮਾਣ ਦੀ ਆਕੜ ਦੀ ਥਾਂ ਉਸ ਕੋਲ ਨਿਮਰਤਾ, ਮਿਠਾਸ ਤੇ ਸ਼ਰਾਫਤ ਸੀ। ਪੰਜਾਬੀ ਭਾਸ਼ਾ, ਸਾਹਿਤ ਸਭਿਆਚਾਰ ਨਾਲ ਮੋਹ। ਗੁਰਬਾਣੀ, ਪੁਰਾਤਨ ਬੀੜਾਂ, ਸਿੱਖ ਇਤਿਹਾਸਕ ਵਿਰਸੇ ਦੀ ਸੰਭਾਲ ਦਾ ਚਾਅ ਅਤੇ ਯੂਨੀਵਰਸਿਟੀ ਨੂੰ ਪੰਜਾਬ ਦੀ ਸਮੁੱਚੀ ਵਿਰਾਸਤ ਦੇ ਅੰਤਰਰਾਸ਼ਟਰੀ ਕੇਂਦਰ ਵਜੋਂ ਉਭਾਰਨ ਦੀ ਉਮੰਗ। ਪੰਜਾਬੀ ਯੂਨੀਵਰਸਿਟੀ ਦੀ ਪਛਾਣ ਵਿਦੇਸ਼ਾਂ ਵਿਚ ਕਰਾਉਣ ਦੀ ਰੀਝ। ਬਥੇਰਾ ਕੁਝ ਉਸ ਨੇ ਥੋੜ੍ਹੇ ਜਿਹੇ ਸਮੇਂ ਵਿਚ ਕੀਤਾ।
ਸੂਫ਼ੀ ਕਾਵਿ ਪੰਜਾਬੀ ਦਾ ਮਾਣਯੋਗ ਵਿਰਸਾ ਹੈ। ਬਾਬਾ ਫ਼ਰੀਦ ਪਹਿਲੇ ਪੰਜਾਬੀ ਕਵੀ ਸਨ। ਉਰਦੂ ਫ਼ਾਰਸੀ ਦਾ ਪੰਜਾਬੀ ਨਾਲ ਨੇੜਲਾ ਨਾਤਾ ਹੈ। ਸ਼੍ਰੀਮਤੀ ਸੰਧੂ ਨੇ ਇਸ ਵਿਰਸੇ ਦੀ ਸੰਭਾਲ ਲਈ ਬਾਬਾ ਫ਼ਰੀਦ ਚੇਅਰ ਆਫ ਸੂਫ਼ੀਜ਼ਮ ਸਥਾਪਤ ਕਰ ਕੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਵਿਦਵਾਨ ਪ੍ਰੋ. ਗੁਲਵੰਤ ਸਿੰਘ ਨੂੰ ਇਸ ਉੱਤੇ ਨਿਯੁਕਤ ਕੀਤਾ। ਯੂਨੀਵਰਸਿਟੀ ਨੂੰ ਸਮਾਜਿਕ ਵਿਕਾਸ ਵਿਚ ਵਧੇਰੇ ਸਰਗਰਮ ਰੋਲ ਅਦਾ ਕਰਨ ਯੋਗ ਬਣਾਉਣ ਲਈ ਉਸ ਨੇ ਵੋਕੇਸ਼ਨਲ ਕੋਰਸਿਜ਼ ਦੀ ਵੱਖਰੀ ਫੈਕਲਟੀ ਸਥਾਪਤ ਕੀਤੀ। ਨਾਟਕ ਵਿਭਾਗ ਦੇ ਡਾ. ਸੁਰਜੀਤ ਸਿੰਘ ਸੇਠੀ ਦੀ ਸਲਾਹ ਨਾਲ ਥੀਏਟਰ ਵਿਭਾਗ ਵਿਚ ਅੱਗੇ ਵਧਣ ਦੇ ਅਵਸਰ ਦਿੱਤੇ। ਕਈ ਨਾਟਕ ਇਸ ਰਿਪਰਟਰੀ ਨੇ ਖੇਡੇ। ਲੋਕ ਨਾਟਕ ਮੇਲਾ ਵੀ ਪਹਿਲੀ ਵਾਰ ਸ਼੍ਰੀਮਤੀ ਸੰਧੂ ਨੇ ਹੀ ਲਾਇਆ।
ਪੰਜਾਬੀ ਸੱਭਿਆਚਾਰ ਦੀ ਸੰਭਾਲ ਲਈ ਡਾ. ਹਰਜੀਤ ਸਿੰਘ ਗਿੱਲ ਦੇ ਵਿਭਾਗ ਨੂੰ ਉਤਸ਼ਾਹਿਤ ਕੀਤਾ। ਭਾਸ਼ਾ ਵਿਗਿਆਨ ਪੜ੍ਹੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਅਵਸਰ ਸਿਰਜਣ ਲਈ ਕਾਲਜਾਂ ਵਿਚ ਇਸ ਵਿਸ਼ੇ ਦੀ ਸਿੱਖਿਆ ਦਾ ਪ੍ਰੋਗਰਾਮ ਉਲੀਕਿਆ। ਇੰਸਟੀਚਿਊਟ ਆਫ ਪੰਜਾਬੀ ਕਲਚਰ ਤੇ ਪੰਜਾਬੀ ਸੱਭਿਆਚਾਰ ਦਾ ਮਿਊਜ਼ੀਅਮ ਉਸ ਵੱਲੋਂ ਕੀਤੇ ਦੋ ਹੋਰ ਯਾਦਗਾਰੀ ਕੰਮ ਹਨ। ਪੰਜਾਬ ਦੇ ਪਿੰਡਾਂ ਵਿਚੋਂ ਦਰੀਆਂ ਫੁਲਕਾਰੀਆਂ ਲੱਭ-ਲੱਭ ਕੇ ਇਕੱਠੀਆਂ ਕਰਵਾਈਆਂ। ਇਸ ਉੱਤੇ ‘ਫੁਲਕਾਰੀ’ ਨਾਮ ਦੀ ਖੋਜ ਭਰਪੂਰ ਪੁਸਤਕ ਤਿਆਰ ਕਰਵਾਈ। ਪੰਜਾਬ ਦੀ ਵਿਸਤ੍ਰਿਤ ਭਾਸ਼ਾਈ ਐਟਲਸ ਉਸ ਦੇ ਉੱਦਮ ਨਾਲ ਤਿਆਰ ਹੋਈ। ਗ਼ੈਰ-ਪੰਜਾਬੀ ਵਿਦਿਆਰਥੀਆਂ ਨੂੰ ਪੰਜਾਬ ਨਾਲ ਜੋੜਨ ਲਈ ਉਸ ਨੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਦਾ ਨਵਾਂ ਵਿਸ਼ਾ ਬੀ.ਏ. ਦੇ ਪੱਧਰ ’ਤੇ ਸ਼ੁਰੂ ਕਰਵਾਇਆ। ਗੁਰਬਾਣੀ ਤੇ ਭਗਤੀ ਕਾਵਿ ਦੇ ਅਧਿਐਨ/ਖੋਜ ਲਈ ਭਗਤ ਨਾਮਦੇਵ, ਭਗਤ ਰਵੀਦਾਸ, ਸ਼ੰਕਰ ਦੇਵ ਤੇ ਬਾਲਮੀਕ ਚੇਅਰਾਂ ਬਣਾ ਕੇ ਉਨ੍ਹਾਂ ਉੱਤੇ ਯੋਗ ਵਿਦਵਾਨ ਨਿਯੁਕਤ ਕੀਤੇ। ਦੂਰ ਦੁਰਾਡੇ ਤੋਂ ਪੁਰਾਤਨ ਹੱਥ-ਲਿਖਤਾਂ, ਪੁਰਾਤਨ ਬੀੜਾਂ, ਦੁਰਲੱਭ ਖਰੜੇ ਲੱਭਣ-ਸਾਂਭਣ ਲਈ ਫੈਲੋਸ਼ਿਪ ਸਥਾਪਿਤ ਕਰ ਕੇ ਢੇਰ ਸਾਰੀ ਮੁੱਲਵਾਨ ਸਮੱਗਰੀ ਇਕੱਠੀ ਕਰ ਕੇ ਯੂਨੀਵਰਸਿਟੀ ਵਿਚ ਰੱਖੀ। ਗੁਰੂ ਗ੍ਰੰਥ ਸਾਹਿਬ ਦੇ ਰੋਮਨ ਲਿਪੀਅੰਤਰਨ ਕਰਨ ਤੇ ਅੰਗਰੇਜ਼ੀ ਅਨੁਵਾਦ ਦੇ ਪ੍ਰੋਜੈਕਟ ਸ਼ੁਰੂ ਕੀਤੇ।
... ਤੇ ਗੱਲ ਚੱਲ ਰਹੀ ਸੀ ਉਸ ਵੱਲੋਂ ਯੂਨੀਵਰਸਿਟੀ ਵਿਚ ਗੁਜ਼ਾਰੇ ਸਮੇਂ ਦੀ। ਉਸ ਦੇ ਸਮੇਂ ਦੌਰਾਨ ਯੂਨੀਵਰਸਿਟੀ ਵੱਲੋਂ ਹਰ ਸਾਲ ਪ੍ਰਕਾਸ਼ਿਤ ਹੁੰਦੀਆਂ ਪੁਸਤਕਾਂ ਦੀ ਗਿਣਤੀ ਪੁਰਾਣੇ ਸਾਰੇ ਰਿਕਾਰਡ ਤੋੜ ਗਈ। ਗਿਣਤੀ ਵਿਚ ਹੀ ਨਹੀਂ, ਸਾਰਥਕਤਾ ਪੱਖੋਂ ਵੀ ਵੱਡੀ ਗਿਣਤੀ ਵਿਚ ਕਿਤਾਬਾਂ ਦਾ ਪ੍ਰਕਾਸ਼ਨ ਇਸ ਸਮੇਂ ਹੋਇਆ।
ਗੁਰਬਾਣੀ, ਰਾਗ, ਕੀਰਤਨ, ਵਿਆਖਿਆ, ਕੋਸ਼ਕਾਰੀ ਨਾਲ ਸੰਬੰਧਤ ਮੁੱਲਵਾਨ ਕਾਰਜ ਇਸ ਸਮੇਂ ਵਿਚ ਹੋਇਆ। ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਦੀ ਰਾਗ ਰਤਨਾਵਲੀ, ਡਾ. ਤਾਰਨ ਸਿੰਘ ਦੀ ਗੁਰਬਾਣੀ ਵਿਆਖਿਆ ਪ੍ਰਣਾਲੀਆਂ, ਡਾ. ਜੀਤ ਸਿੰਘ ਦੀ ਗੁਰੂ ਗ੍ਰੰਥ ਸਾਹਿਬ ਸ਼ਬਦ ਅਨੁਕ੍ਰਮਿਕਾ ਜਿਹੇ ਪ੍ਰਕਾਸ਼ਨ ਇਸ ਦਾ ਪ੍ਰਮਾਣ ਹਨ। ਪੰਜਾਬ ਦੇ ਸਮਾਜਿਕ, ਆਰਥਿਕ ਹਾਲਾਤ ਨੂੰ ਸਮਝਣ ਸੁਧਾਰਨ ਲਈ ਉਸ ਨੇ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਿਚ ਇਕ ਵਿਸ਼ੇਸ਼ ਕੇਂਦਰ ਬਣਾਇਆ। ਇਸ ਕੇਂਦਰ ਨੇ ਆਰਥਿਕ ਸਮਾਜਿਕ ਹਾਲਾਤ ਬਾਰੇ ਉਦੋਂ ਵੀ ਤੇ ਬਾਅਦ ਵਿਚ ਵੀ ਪ੍ਰਸ਼ੰਸਾ ਯੋਗ ਕਾਰਜ ਕੀਤਾ। ਪੌਦਿਆਂ, ਫੁੱਲ-ਬੂਟਿਆਂ ਅਤੇ ਬਨਸਪਤੀ ਵਿਚ ਉਸ ਦੀ ਵਿਸ਼ੇਸ਼ ਰੁਚੀ ਰਹੀ ਹੈ। ਜਿਹੜੀ ਵੀ ਸੰਸਥਾ ਵਿਚ ਰਹੀ, ਉਹ ਰਕੜ ਮੈਦਾਨਾਂ ਨੂੰ ਘਾਹ, ਫੁੱਲ-ਬੂਟਿਆਂ ਨਾਲ ਹਰਾ-ਭਰਾ ਕਰਦੀ ਰਹੀ ਹੈ। ਯੂਨੀਵਰਸਿਟੀ ਵਿਚ ਤਾਂ ਇਸ ਲਈ ਵਿਸ਼ੇਸ਼ ਅਵਸਰ ਸੀ। ਇਸ ਦਾ ਲਾਭ ਉਠਾ ਕੇ ਉਸ ਨੇ ਬੌਟਨੀ ਵਿਭਾਗ ਦੇ ਹਾਰਬੇਰੀਅਮ ਨੂੰ ਖ਼ੂਬ ਵਿਕਸਿਤ ਕੀਤਾ। ਇਸ ਸਦਕਾ ਇਹ ਦੇਸ਼ ਹੀ ਨਹੀਂ, ਏਸ਼ੀਆ ਦੇ ਪੰਜ ਮੁੱਖ ਹਾਰਬੇਰੀਅਮਾਂ ਵਿਚ ਗਿਣਿਆ ਜਾਣ ਲੱਗਾ।
ਯੂਨੀਵਰਸਿਟੀ ਦਾ ਮੁੱਖ ਕਾਰਜ ਅਧਿਐਨ ਅਧਿਆਪਨ ਅਤੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਹੈ। ਅਧਿਆਪਕਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲਈ ਉਸ ਨੇ ਨਾ ਕੇਵਲ ਨਿਮਰਤਾ ਨਾਲ ਪ੍ਰੇਰਿਆ ਸਗੋਂ ਹਰ ਵਿਭਾਗ ਅਤੇ ਹਰ ਅਧਿਆਪਕ ਨੂੰ ਇਸ ਲਈ ਜਵਾਬਦੇਹ ਬਣਾਉਣ ਦਾ ਯਤਨ ਕੀਤਾ। ਇਕੱਲੇ ਇਕੱਲੇ ਅਧਿਆਪਕ ਤੋਂ ਉਸ ਦੀ ਕਾਰਗੁਜ਼ਾਰੀ ਦੀ ਰਿਪੋਰਟ ਵਿਸ਼ੇਸ਼ ਪ੍ਰਫਾਰਮੇ ਉੱਤੇ ਮੰਗਣ ਦੀ ਪਿਰਤ ਉਸ ਨੇ ਪਾਈ। ਹਰ ਵਿਭਾਗ ਦੇ ਕਾਰਜ ਦੇ ਮੁਲਾਂਕਣ ਦੀ ਪਰੰਪਰਾ ਤੋਰੀ। ਇਸ ਕਿਸਮ ਦੇ ਕਰੜੇ ਅਨੁਸ਼ਾਸਨ ਦਾ ਵਿਰੋਧ ਵੀ ਹੋਇਆ, ਪਰ ਫਿਰ ਵੀ ਉਸ ਨੇ ਇਸ ਤਰ੍ਹਾਂ ਦੀਆਂ ਨਵੀਆਂ ਲੀਹਾਂ ਪਾਉਣ ਤੋਂ ਪੈਰ ਪਿੱਛੇ ਨਾ ਖਿੱਚਿਆ। ਕਾਰਸਪੌਂਡੈਂਸ ਕੋਰਸ ਰਾਹੀਂ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਉਸ ਨੇ ਬੁੱਕ ਬੈਂਕ ਸਥਾਪਿਤ ਕੀਤਾ ਤਾਂ ਕਿ ਲੋੜਵੰਦ ਵਿਦਿਆਰਥੀ ਡਾਕ ਰਾਹੀਂ ਇਸ ਤੋਂ ਕਿਤਾਬਾਂ ਲੈ ਸਕਣ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਸਾਜ਼ੋ-ਸਾਮਾਨ ਦੀ ਮੁਰੰਮਤ ਲਈ ਯੂਨੀਵਰਸਿਟੀ ਇੰਸਟਰੂਮੈਂਟੇਸ਼ਨ ਸੈਂਟਰ ਵੀ ਸ਼੍ਰੀਮਤੀ ਸੰਧੂ ਦੀ ਕਲਪਨਾ ਹੈ। ਅਧਿਆਪਨ ਭਾਈਚਾਰੇ ਨੂੰ ਮਿਲ ਬੈਠ ਕੇ ਉਸਾਰੂ ਵਿਚਾਰ ਵਟਾਂਦਰੇ ਲਈ ਉਤਸ਼ਾਹਿਤ ਕਰਨ ਲਈ ਉਸ ਨੇ ਟੀਚਰਜ਼ ਹੋਮ ਅਤੇ ਫੈਕਲਟੀ ਕਲੱਬ ਸਥਾਪਿਤ ਕੀਤੇ।
ਯੂਨੀਵਰਸਿਟੀ ਵਿਚ ਸਿਆਸੀ ਦਖ਼ਲਅੰਦਾਜ਼ੀ ਦੇ ਸਿੱਟੇ ਵਜੋਂ ਉਸ ਨੇ ਯੂਨੀਵਰਸਿਟੀ, ਆਪਣੀ ਨਿਯੁਕਤੀ ਦੀ ਅਵਧੀ ਪੂਰੀ ਹੋਣ ਤੋਂ ਪੰਜ ਮਹੀਨੇ ਪਹਿਲਾਂ ਛੱਡ ਦਿੱਤੀ। ਇਸੇ ਦੌਰਾਨ ਉਸ ਨੇ ਯੂਨੀਵਰਸਿਟੀ ਦੇ ਅਕਾਦਮਿਕ/ਪ੍ਰਸ਼ਾਸਨਿਕ ਇਤਿਹਾਸ ਵਿਚ ਆਪਣੀ ਹੋਂਦ ਦੇ ਗਹਿਰੇ ਨਕਸ਼ ਉਲੀਕੇ। ਵਿਦੇਸ਼ੀ ਯੂਨੀਵਰਸਿਟੀਆਂ ਵਿਚ ਇਸ ਦੌਰਾਨ ਭਾਸ਼ਣ ਦੇ ਕੇ ਆਪਣੀ ਤੇ ਪੰਜਾਬੀ ਯੂਨੀਵਰਸਿਟੀ ਦੀ ਹਾਜ਼ਰੀ ਲੁਆਈ। ਕਿਸੇ ਨਾ ਕਿਸੇ ਰੂਪ ਵਿਚ ਉਹ ਸਿੱਖਿਆ ਸ਼ਾਸਤਰੀ ਵਜੋਂ ਵੀ ਸਰਗਰਮ ਰਹੀ; ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਅਲੰਬਰਦਾਰ ਵਜੋਂ ਵੀ; ਅਤੇ ਗੁਰਬਾਣੀ/ਸਿੱਖ ਚਿੰਤਨ ਤੇ ਸਿੱਖ ਸਾਹਿਤ ਦੀ ਸੰਭਾਲ ਲਈ ਫ਼ਿਕਰਮੰਦ ਬੁੱਧੀਜੀਵੀ ਵਜੋਂ ਵੀ।
- ਡਾ. ਕੁਲਦੀਪ ਸਿੰਘ ਧੀਰ (1943-2020) ਸਾਬਕਾ ਪ੍ਰੋਫ਼ੈਸਰ ਅਤੇ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨਿਵਰਸਿਟੀ, ਪਟਿਆਲਾ ਸਨ। ਉਨ੍ਹਾਂ ਨੇ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ (1 ਸਤੰਬਰ 1923 ਤੋਂ 27 ਜਨਵਰੀ 2022) ਬਾਰੇ ਇਹ ਲੇਖ 2019 ਵਿਚ ਲਿਖਿਆ ਸੀ।