ਲੇਖਕ ਬਲਵਿੰਦਰ ਸੋਢੀ ਨਾਲ ਰੂ-ਬ-ਰੂ ਸਮਾਗਮ
ਪੱਤਰ ਪ੍ਰੇਰਕ
ਭਗਤਾ ਭਾਈ, 8 ਜੂਨ
ਸਾਹਿਤਕ ਮੰਚ ਭਗਤਾ ਭਾਈ ਵੱਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਅੱਡਾ) ਵਿੱਚ ਪੰਜਾਬੀ ਲੇਖਕ ਡਾ. ਬਲਵਿੰਦਰ ਸਿੰਘ ਸੋਢੀ (ਕੋਠਾ ਗੁਰੂ) ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਹਰਬੰਸ ਸਿੰਘ ਬਰਾੜ (ਕੇਸਰਵਾਲਾ) ਸਨ, ਜਦਕਿ ਵਾਤਾਵਰਨ ਪ੍ਰੇਮੀ ਸਰਬਪਾਲ ਸ਼ਰਮਾ, ਉੱਘੇ ਖੋਜਕਾਰ ਗੁਰਦਰਸ਼ਨ ਸਿੰਘ ਲੁੱਧੜ ਤੇ ਸਭਾ ਦੇ ਪ੍ਰਧਾਨ ਬਲੌਰ ਸਿੰਘ ਸਿੱਧੂ ਵਿਸੇਸ਼ ਤੌਰ ‘ਤੇ ਹਾਜ਼ਰ ਸਨ। ਪੰਜਾਬੀ ਸਾਹਿਤ ਦੀ ਝੋਲੀ ਦੋ ਪੁਸਤਕਾਂ ‘ਗੁਆਚੇ ਹਰਫ਼’ (ਕਾਵਿ ਸੰਗ੍ਰਹਿ) ਅਤੇ ‘ਸੋਢੀ ਵੰਸ਼ ਦੀ ਧੁੱਪ ਛਾਂ’ (ਵਾਰਤਕ) ਪਾਉਣ ਵਾਲੇ ਡਾ. ਬਲਵਿੰਦਰ ਸਿੰਘ ਸੋਢੀ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਹਾਜ਼ਰ ਪਾਠਕਾਂ ਨਾਲ ਸਾਂਝ ਪਾਈ। ਸਾਹਿਤਕ ਮੰਚ ਵੱਲੋਂ ਡਾ. ਬਲਵਿੰਦਰ ਸਿੰਘ ਸੋਢੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਰੰਗਕਰਮੀ ਸੁਖਵਿੰਦਰ ਚੀਦਾ ਦਾ ਲਿਖਿਆ ਨਾਟਕ ‘ਬਲਿਹਾਰੀ ਕੁਦਰਤਿ ਵਸਿਆ’ ਖੇਡਿਆ ਗਿਆ। ਸਟੇਜ ਦੀ ਕਾਰਵਾਈ ਸਾਹਿਤਕ ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਚੀਦਾ ਨੇ ਚਲਾਈ। ਮੰਚ ਦੇ ਪ੍ਰਧਾਨ ਬਲੌਰ ਸਿੰਘ ਸਿੱਧੂ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪਹੁੰਚੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਸੋਹਣ ਸਿੰਘ ਕੇਸਰਵਾਲੀਆ, ਸੰਦੀਪ ਸਿੰਘ ਭਗਤਾ, ਪਰਮਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।