For the best experience, open
https://m.punjabitribuneonline.com
on your mobile browser.
Advertisement

ਫਬਦਾ ਪੰਜਾਬ: ਤੇਰਾ ਰੂਪ ਮਾਰੇ ਲਿਸ਼ਕਾਰੇ..!

07:45 AM Dec 08, 2024 IST
ਫਬਦਾ ਪੰਜਾਬ  ਤੇਰਾ ਰੂਪ ਮਾਰੇ ਲਿਸ਼ਕਾਰੇ
Advertisement

ਮਿਜ਼ਾਜ-ਏ-ਪੰਜਾਬ
ਭਾਗ ਚੌਥਾ

ਚਰਨਜੀਤ ਭੁੱਲਰ
ਚੰਡੀਗੜ੍ਹ, 7 ਦਸੰਬਰ
ਬੀਬੀਆਂ ਦਾ ਹਾਰ-ਸ਼ਿੰਗਾਰ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਪੱਛਮ ਦਾ ਫ਼ੈਸ਼ਨ ਹੁਣ ਪੰਜਾਬ ਆਣ ਬੈਠਾ ਹੋਵੇ। ਔਰਤਾਂ ’ਚ ਸਜਣ-ਧਜਣ ਦੀ ਲੋਚਾ ਨੂੰ ਹੁਣ ਖੰਭ ਲੱਗੇ ਹਨ। ਕਾਸਮੈਟਿਕ ਤੇ ਮੇਕਅੱਪ ਦੇ ਕੌਮਾਂਤਰੀ ਬਰਾਂਡਾਂ ਨੇ ਮੂੰਹ ਪੰਜਾਬ ਵੱਲ ਕੀਤਾ ਹੈ। ਉਂਜ ਤਾਂ ਸ਼ਿੰਗਾਰ ਉਤਪਾਦਾਂ ਦੇ ਕਾਰੋਬਾਰ ’ਚ ਭਾਰਤ ਇਸ ਵੇਲੇ ਦੁਨੀਆ ’ਚੋਂ ਚੌਥੇ ਨੰਬਰ ’ਤੇ ਹੈ ਪਰ ਪੰਜਾਬ ਦੀਆਂ ਬੀਬੀਆਂ ਦਾ ਇਸ ਪਾਸੇ ਯੋਗਦਾਨ ਕੋਈ ਘੱਟ ਨਹੀਂ ਹੈ। ਅੱਗੇ ਪਟਿਆਲਾ ਨੇ ਤਾਂ ਸਭ ਨੂੰ ਪਿੱਛੇ ਛੱਡ ਦਿੱਤਾ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ’ਚ ਹਾਰ ਸ਼ਿੰਗਾਰ ਉਤਪਾਦਾਂ ਦਾ ਬਾਜ਼ਾਰ ਸਾਲਾਨਾ ਨੌਂ ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਸਾਲ 2017-18 ਵਿੱਚ ਕਾਸਮੈਟਿਕ ਉਤਪਾਦਾਂ ਦਾ ਸੂਬੇ ਵਿੱਚ ਕਾਰੋਬਾਰ ਸਿਰਫ਼ 1640.40 ਕਰੋੜ ਦਾ ਸੀ ਜੋ ਸਾਲ 2023-24 ਵਿੱਚ ਵੱਧ ਕੇ 9018.13 ਕਰੋੜ ਦਾ ਹੋ ਗਿਆ ਹੈ। ਲੰਘੇ ਸਾਢੇ ਸੱਤ ਵਰ੍ਹਿਆਂ ’ਚ (ਸਤੰਬਰ 2024 ਤੱਕ) ਪੰਜਾਬ ਦੇ ‘ਸੁੰਦਰਤਾ ਬਾਜ਼ਾਰ’ ਵਿੱਚ 41,239 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ।
ਕੋਈ ਯੁੱਗ ‘ਦੰਦਾਸੇ’ ਤੇ ‘ਸੁਰਖ਼ੀ-ਬਿੰਦੀ’ ਦਾ ਸੀ। ਫਿਰ ‘ਫੇਅਰ ਐਂਡ ਲਵਲੀ’ ਨੇ ਰਾਹ ਮੋਕਲਾ ਕਰ ਦਿੱਤਾ। ਸਕਿਨ ਕੇਅਰ ਅਤੇ ਮੇਕਅੱਪ ਦੇ ਉਤਪਾਦਾਂ ਨਾਲ ਬਾਜ਼ਾਰ ਭਰੇ ਪਏ ਹਨ। ਜੈਵਿਕ, ਹਰਬਲ ਤੇ ਆਯੁਰਵੈਦ ਦੀ ਹਰ ਵੰਨਗੀ ਮੌਜੂਦ ਹੈ। ਪੰਜਾਬ ’ਚ ਬੀਬੀਆਂ ਦੀ ਸੋਹਣੇ ਦਿਖਣ ਦੀ ਰੀਝ ਨੇ ਵੱਡਾ ਰੁਜ਼ਗਾਰ ਵੀ ਪੈਦਾ ਕੀਤਾ ਹੈ। ਸਰਕਾਰੀ ਖ਼ਜ਼ਾਨੇ ਨੂੰ ਇਸ ਬਦੌਲਤ ਹੀ ਲੰਘੇ ਸਾਢੇ ਸੱਤ ਸਾਲਾਂ ’ਚ 636.66 ਕਰੋੜ ਰੁਪਏ ਦੇ ਟੈਕਸ ਮਿਲੇ ਹਨ। ਕਾਸਮੈਟਿਕ ’ਤੇ 18 ਫ਼ੀਸਦੀ ਜੀਐੱਸਟੀ ਹੈ। ਪੰਜਾਬੀ ਰੋਜ਼ਾਨਾ ਔਸਤਨ 15.06 ਕਰੋੜ ਰੁਪਏ ਹਾਰ ਸ਼ਿੰਗਾਰ ਦੇ ਉਤਪਾਦਾਂ ’ਤੇ ਖ਼ਰਚਦੇ ਹਨ ਜਿਸ ’ਚ 70 ਫ਼ੀਸਦੀ ਹਿੱਸੇਦਾਰੀ ਔਰਤਾਂ ਦੀ ਹੈ। ਕਰੋਨਾ ਵਾਲਾ ਵਰ੍ਹਾ 2020-21 ’ਚ ਵੀ ਇਹ ਕਾਰੋਬਾਰ ਰੁਕਿਆ ਨਹੀਂ ਅਤੇ ਉਸ ਸਾਲ ’ਚ 4392.63 ਕਰੋੜ ਰੁਪਏ ਇਨ੍ਹਾਂ ਉਤਪਾਦਾਂ ’ਤੇ ਖ਼ਰਚ ਕੀਤੇ ਗਏ ਹਨ। ਚਾਲੂ ਵਿੱਤੀ ਵਰ੍ਹੇ ਦੇ ਸਤੰਬਰ ਤੱਕ ਵੀ 4662.69 ਕਰੋੜ ਦਾ ਕਾਰੋਬਾਰ ਹੋ ਚੁੱਕਾ ਹੈ। ਫ਼ੈਸ਼ਨ ਦੀ ਦੁਨੀਆ ਕਾਰਪੋਰੇਟਾਂ ਨੂੰ ਰਾਸ ਆ ਗਈ ਹੈ। ਵਿਸ਼ਵ ਸੁੰਦਰੀਆਂ ਤੇ ਫ਼ਿਲਮੀ ਅਦਾਕਾਰਾਂ ਨੇ ਸੁੰਦਰਤਾ ਦੇ ਐਸੇ ਨੁਕਤੇ ਸੁਝਾਏ ਕਿ ਪੰਜਾਬ ਦੇ ਔਰਤਾਂ ਤੇ ਪੁਰਸ਼ਾਂ ਨੇ ਲੜ ਬੰਨ੍ਹ ਲਏ। ਕੰਮ ਕਾਜੀ ਔਰਤਾਂ ਨੂੰ ‘ਸ਼ਿੰਗਾਰ ਬਾਜ਼ਾਰ’ ਹਮੇਸ਼ਾ ਘੇਰਦਾ ਹੈ ਤੇ ਵਿਆਹਾਂ-ਸਾਹਿਆਂ ਮੌਕੇ ਇਹ ਬਾਜ਼ਾਰ ਹੀ ਘਰਾਂ ਦੀ ਦੇਹਲੀ ’ਤੇ ਆ ਬੈਠਦਾ ਹੈ। ਸਮੁੱਚੇ ਪੰਜਾਬ ’ਚ ਸੁੰਦਰਤਾ ਉਤਪਾਦ ਵੇਚਣ ਵਾਲੇ 7,571 ਡੀਲਰ ਹਨ ਤੇ ਸਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ’ਚ 1420, ਮੁਹਾਲੀ ਜ਼ਿਲ੍ਹੇ ’ਚ 1042, ਅੰਮ੍ਰਿਤਸਰ ’ਚ 923, ਜਲੰਧਰ ’ਚ 861 ਅਤੇ ਪਟਿਆਲਾ ਵਿੱਚ 481 ਡੀਲਰ ਹਨ। ਇਨ੍ਹਾਂ ਉਤਪਾਦਾਂ ਦਾ ਸਭ ਤੋਂ ਵੱਧ ਕਾਰੋਬਾਰ ਜ਼ਿਲ੍ਹਾ ਪਟਿਆਲਾ ’ਚ ਹੈ ਜਿੱਥੇ ਸਾਲ 2023-24 ’ਚ ਇੱਕ ਕੌਮਾਂਤਰੀ ਬਰਾਂਡ ਨੇ 1466.08 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸੇ ਤਰ੍ਹਾਂ ਇੱਕੋ ਸਾਲ ’ਚ ਲੁਧਿਆਣਾ ’ਚ ਇੱਕ ਬਰਾਂਡ ਨੇ 479.34 ਕਰੋੜ ਦਾ ਤੇ ਮੁਹਾਲੀ ਵਿਚ ਇੱਕ ਕਾਰੋਬਾਰੀ ਨੇ 200.08 ਕਰੋੜ ਦਾ ਕਾਰੋਬਾਰ ਕੀਤਾ ਹੈ। ਦੇਖਿਆ ਗਿਆ ਹੈ ਕਿ ਹੁਣ ਤਾਂ ਪਿੰਡਾਂ ’ਚ ਵੀ ਬਿਊਟੀ ਸੈਲੂਨ ਖੁੱਲ੍ਹ ਗਏ ਹਨ। ਸਕੂਲਾਂ ਦੀਆਂ ਬੱਚੀਆਂ ਤੱਕ ਵੀ ਕਾਸਮੈਟਿਕ ਦੀ ਵਰਤੋਂ ਕਰ ਰਹੀਆਂ ਹਨ। ਨਾਭਾ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਆਖਦੇ ਹਨ ਕਿ ਇਹ ਸਭ ਪੱਛਮ ਦੇ ਪੰਜਾਬੀ ਜੀਵਨ ’ਤੇ ਹਾਵੀ ਹੋਣ ਦੀ ਨਿਸ਼ਾਨੀ ਹੈ।

Advertisement

ਪੰਜਾਬੀ ਜੜ੍ਹਾਂ ਨਾਲੋਂ ਉੱਖੜੇ: ਡਾ. ਭੱਟੀ

ਪੰਜਾਬੀ ’ਵਰਸਿਟੀ ਦੇ ਸਮਾਜ ਵਿਗਿਆਨ ਦੇ ਸੇਵਾਮੁਕਤ ਪ੍ਰੋ. ਡਾ. ਹਰਵਿੰਦਰ ਭੱਟੀ ਦਾ ਕਹਿਣਾ ਹੈ ਕਿ ਅਸਲ ’ਚ ਪੰਜਾਬੀ ਜੜ੍ਹਾਂ ਨਾਲੋਂ ਐਸੇ ਉੱਖੜੇ ਕਿ ਸ਼ਰੀਕਪੁਣੇ ਅਤੇ ਦਿਖਾਵੇਬਾਜ਼ੀ ਦੀ ਪ੍ਰਵਿਰਤੀ ਭਾਰੂ ਹੋ ਗਈ ਜਿਸ ਨੂੰ ਆਧੁਨਿਕ ਬਾਜ਼ਾਰ ਨੇ ਖ਼ੂਬ ਵਰਤਿਆ। ਨਤੀਜੇ ਵਜੋਂ ਅੱਜ ਫੈਸ਼ਨ ਉਤਪਾਦਾਂ ਦਾ ਵੱਡਾ ਸਾਮਰਾਜ ਖੜ੍ਹਾ ਹੋ ਗਿਆ ਹੈ। ਪੰਜਾਬੀ ਮਾਨਸਿਕਤਾ ਨੂੰ ਮੰਡੀ ਦੇ ਜਕੜ ’ਚ ਲੈਣ ਕਰਕੇ ਹੀ ਕਾਸਮੈਟਿਕ ਬਾਜ਼ਾਰ ਤੇਜ਼ ਰਫ਼ਤਾਰ ਨਾਲ ਵਧਿਆ ਹੈ।

Advertisement

Advertisement
Author Image

Advertisement