For the best experience, open
https://m.punjabitribuneonline.com
on your mobile browser.
Advertisement

ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾ...

11:39 AM Mar 09, 2024 IST
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾ
ਸਕੈੱਚ: ਬਲਰਾਜ ਬਰਾੜ ਮਾਨਸਾ
Advertisement

ਦੀਪਕ ਜੈਤੋਈ

ਅਸ਼ੋਕ ਬਾਂਸਲ ਮਾਨਸਾ

ਜੈਤੋ, ਮਾਲਵੇ ਦੀ ਸਿਰਕੱਢ ਭੂਮੀ ਹੈ। ਸਾਰੇ ਇਸ ਧਰਤੀ ਨੂੰ ‘ਦੀਪਕ ਜੈਤੋਈ’ ਕਰਕੇ ਜਾਣਦੇ ਹਨ ਜਿਸ ਦਾ ਪੂਰਾ ਨਾਮ ਗੁਰਚਰਨ ਸਿੰਘ ਸੀ। ਗੁਰਚਰਨ ਦਾ ਜਨਮ 18 ਅਪਰੈਲ 1925 ਨੂੰ ਮਾਤਾ ਵੀਰ ਕੌਰ ਤੇ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਕਵਿਤਾ ਦੀ ਚੇਟਕ ਤਾਂ ਉਸ ਨੂੰ ਬਚਪਨ ਵਿੱਚ ਹੀ ਲੱਗ ਗਈ ਸੀ ਪਰ ਉਸ ਨੇ ਸ਼ਾਇਰੀ ਦੀਆਂ ਬਾਰੀਕੀਆਂ ਉਸਤਾਦ ‘ਮੁਜਰਮ ਦਸੂਹੀ’ ਤੋਂ ਸਿੱਖੀਆਂ। ਗੁਰਚਰਨ ਸਿੰਘ ਉਰਫ਼ ਦੀਪਕ ਜੈਤੋਈ ਸਾਧਾਰਨ ਬੰਦਾ ਨਹੀਂ ਸੀ। ਦੀਪਕ ਉਸ ਦਾ ਤਖ਼ੱਲਸ ਸੀ ਤੇ ਜੈਤੋ ਉਸ ਦਾ ਗਰਾਂ। ਉਸ ਦੇ ਘਰਦਿਆਂ ਨੇ ਨਾਮ ਤਾਂ ਗੁਰਚਰਨ ਰੱਖਿਆ ਸੀ ਪਰ ਬਾਅਦ ਵਿੱਚ ਐਸਾ
ਸਬੱਬ ਬਣਿਆ ਕਿ ਗੁਰਚਰਨ ਮਨਫੀ ਹੁੰਦਾ ਗਿਆ, ਜਿਹੜਾ ਮਕਬੂਲ ਹੋਇਆ ਉਹ ਸੀ ਦੀਪਕ ਜੈਤੋਈ। ਗ਼ਜ਼ਲ ਨੂੰ ਇਸ਼ਕ ਕਰਨ ਵਾਲੇ ਦੀਪਕ ਨੂੰ ਗ਼ਜ਼ਲ ਦਾ ਬਾਦਸ਼ਾਹ ਕਹਿੰਦੇ ਹਨ ਪਰ ਇੱਥੇ ਮੈਂ ਗ਼ਜ਼ਲ ਦੀ ਵਿਧਾ ਤੋਂ ਬੇਖ਼ਬਰ ਹਾਂ।
ਵੇਲੇ-ਵੇਲੇ ਦੇ ਰਾਗ ਹੁੰਦੇ ਹਨ। ਇੱਕ ਜ਼ਮਾਨਾ ਅਜਿਹਾ ਸੀ ਕਿ ਪੇਂਡੂ ਕੁੜੀਆਂ ਕੱਪੜੇ ਉੱਪਰ ਸੂਈ ਨਾਲ ਕਢਾਈ ਕਰਕੇ ਤਸਵੀਰਾਂ ਬਣਾ ਲੈਂਦੀਆਂ ਸਨ। ਤਸਵੀਰ ’ਤੇ ਕੁਝ ਸ਼ਬਦ ਉੱਕਰਦੀਆਂ ਸਨ। ਫਿਰ ਉਹ ਕੱਪੜੇ ਨੂੰ ਫਰੇਮ ਵਿੱਚ ਜੜਾ ਲੈਂਦੀਆਂ। ਜਿੰਨੀ ਦੇਰ ਉਹ ਦੁਕਾਨ ਤੋਂ ਨਾ ਲੈਂਦੀਆਂ, ਦੁਕਾਨਦਾਰ ਉਸ ਫਰੇਮ ਨੂੰ ਆਪਣੀ ਮਸ਼ਹੂਰੀ ਲਈ ਕੰਧ ’ਤੇ ਟੰਗ ਲੈਂਦਾ। ਮੈਂ ਆਪਣੇ ਅੱਖੀਂ ਤੱਕਿਆ ਕਿ ਉਨ੍ਹਾਂ ਕੱਪੜਿਆਂ ’ਤੇ ਧੀ ਮਾਂ ਨੂੰ ਕੁੰਜੀਆਂ ਫੜਾਉਂਦੀ ਦੀ ਤਸਵੀਰ ਬਣੀ ਹੁੰਦੀ ਤੇ ਨਾਲ ਲਿਖਿਆ ਹੁੰਦਾ :
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ
ਕਿਸੇ ਗੀਤ ਦੀ ਮਕਬੂਲੀਅਤ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦੈ? ਇਹ ਮੁੱਖੜਾ ਨਰਿੰਦਰ ਬੀਬਾ ਨੇ ਗਾਇਆ। ਇਸ ਗੀਤ ਦੇ ਗੀਤਕਾਰ ਦਾ ਨਾਮ ਹੈ ਗੁਰਚਰਨ ਸਿੰਘ ਦੀਪਕ। ਜੇਕਰ ਇਸ ਗੀਤ ਵਿੱਚ:
ਆਓ ਸਈਓ ਆਓ ਮਿਲ ਲਓ
ਮੁੜ ’ਕੱਠੀਆਂ ਸਬੱਬ ਨਾਲ ਬਹਿਣਾ
ਤੁਸੀਂ ਵੀ ਤਾਂ ਮੇਰੇ ਵਾਂਗਰਾਂ
ਸਦਾ ਬੈਠ ਨਾ ਜੈਤੋ ਦੇ ਵਿੱਚ ਰਹਿਣਾ
ਵੱਡੀਆਂ ਮਜਾਜਾਂ ਵਾਲੀਓ
ਤੁਹਾਡੀ ਚਾਰ ਦਿਨਾਂ ਦੀ ਮੁਖਤਿਆਰੀ
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ
ਸਬੰਧਿਤ ਦਾ ਨਾਮ ਨਾ ਹੁੰਦਾ ਤਾਂ ਇਸ ਗੀਤ ਨੂੰ ਆਉਣ ਵਾਲੀ ਪੀੜ੍ਹੀ ਨੇ ਲੋਕ ਗੀਤ ਲਿਖ ਦੇਣਾ ਸੀ। ਲੋਕ ਗੀਤਾਂ ਅਤੇ ਗੀਤਾਂ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਲੋਕ ਗੀਤ ਉਹ ਹੁੰਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਸਫ਼ਰ ਕਰਦਾ ਹੈ ਤੇ ਸਾਨੂੰ ਉਹਦੇ ਗੀਤਕਾਰ ਦਾ ਨਾਮ ਪਤਾ ਨਹੀਂ ਹੁੰਦਾ ਪਰ ਜਿਹੜੇ ਗੀਤਕਾਰ ਦੇ ਗੀਤ ਪੀੜ੍ਹੀ ਦਰ ਪੀੜ੍ਹੀ ਚੱਲਦੇ ਹਨ ਤੇ ਲੋਕ ਮਨਾਂ ਦੀ ਤਰਜਮਾਨੀ ਕਰਦੇ ਹਨ, ਉਹ ਵੀ ਲੋਕ ਗੀਤਾਂ ਦੇ ਹਾਣੀ ਹੁੰਦੇ ਹਨ। ਮੈਨੂੰ ਦੀਪਕ ਜੈਤੋਈ ਦੇ ਗੀਤਾਂ ਵਿੱਚ ਪੰਜਾਬ ’ਵਾਜ਼ਾਂ ਮਾਰਦਾ ਦਿਸਦਾ ਹੈ:
ਵੇਖਣੀ ਵਿਸਾਖੀ ਮੈਂ ਤਾਂ ਵੇਖਣੀ ਵਿਸਾਖੀ ਵੇ
ਚਿਰਾਂ ਪਿੱਛੋਂ ਚੰਨਾਂ ਤੈਨੂੰ ਇੱਕੋ ਗੱਲ ਆਖੀ ਵੇ
ਜਿੰਦ ਮੈਂ ਹਰਾਈ ਤੇਰੇ ਧੰਦਿਆਂ ਤੋਂ ਅੱਕ ਕੇ
ਭੱਤਾ ਲੈ ਕੇ ਜਾਵਾਂ ਤੇ ਲਿਆਵਾਂ ਭਰੀ ਚੱਕ ਕੇ
ਨਰਮਾ ਚੁਗਾਇਆ ਕੀਤੀ ਬਾਜਰੇ ਦੀ ਰਾਖੀ ਵੇ
ਵੇਖਣੀ ਵਿਸਾਖੀ ਮੈਂ ਤਾਂ ਵੇਖਣੀ ਵਿਸਾਖੀ ਵੇ
ਉਸ ਦੇ ਗੀਤ ਕੋਲਾਜ ਵਾਂਗ ਨੇ। ਕਮਿਊਨਿਜ਼ਮ, ਬਾਗ਼ੀਪੁਣਾ, ਸੱਤਾ ਨਾਲ ਅਸਹਿਮਤੀ, ਅਣਖੀਲੀ ਮੁਟਿਆਰ ਦਾ ਧੌਲਰਾਂ ਦੇ ਮਾਲਕ ਨੂੰ ਵੰਗਾਰਨਾ:
ਹੋਇਆ ਕੀ ਜੇ ਪਿੰਡ ਵਿੱਚ
ਤੇਰੀ ਸਰਦਾਰੀ ਵੇ
ਸਾਨੂੰ ਵੀ ਏ ਜਾਨੋਂ ਵੱਧ
ਇੱਜ਼ਤ ਪਿਆਰੀ ਵੇ
ਅਸੀਂ ਫੂਕਣੈਂ ਕਿਸੇ ਦਾ ਸ਼ਾਹੂਕਾਰਾ
ਵੇ ਅਸਾਂ ਨੀ ਕਨੌੜ ਝੱਲਣੀ
ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ
ਦਾਜ ਨੇ ਅਨੇਕਾਂ ਬੇਦੋਸ਼ੀਆਂ ਨਵ ਵਿਆਹੀਆਂ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੁੱਕਣ ਦਿੱਤੀ ਤੇ ਮਾਪਿਆਂ ਦੀਆਂ ਲਾਡਾਂ ਚਾਵਾਂ ਨਾਲ ਪਾਲ ਪਲੋਸ ਕੇ ਜੁਆਨ ਕੀਤੀਆਂ ਧੀਆਂ ਦਾਜ ਕਾਰਨ ਸਿਵਿਆਂ ਦੇ ਰਾਹ ਤੁਰ ਗਈਆਂ। ਦੀਪਕ ਆਪਣੇ ਇੱਕ ਗੀਤ ਰਾਹੀਂ ਸਮਾਜ ਨੂੰ ਹੋਕਾ ਦੇ ਕੇ ਸੁਚੇਤ ਕਰਦਾ ਹੋਇਆ ਕਹਿੰਦਾ ਹੈ:
ਬੰਦ ਕਰੋ ਇਹ ਪੁੱਠੀਆਂ ਰਸਮਾਂ
ਕਿਉਂ ਜਾਨਾਂ ਤੜਪਾਈਆਂ ਨੇ
ਕਿਉਂ ਤੰਦੀਆਂ ਗਲ਼ ਵਿੱਚ ਪਾਈਆਂ ਨੇ
ਇਸ ਦਹੇਜ ਦੀ ਭੇਟਾ ਚੜ੍ਹ ਗਏ
ਜੋਬਨ ਕਈ ਹਜ਼ਾਰਾਂ
ਖਾ ਖਾ ਜ਼ਹਿਰ ਤੜਪ ਕੇ ਮਰੀਆਂ
ਬਿਨ ਦੋਸ਼ ਮੁਟਿਆਰਾਂ
ਦੀਪਕ ਦੀ ਦੂਰਅੰਦੇਸ਼ੀ, ਉਸ ਦਾ ਅੰਦਾਜ਼-ਏ-ਬਿਆਂ, ਉਸ ਦੇ ਗੀਤਾਂ ਵਿੱਚ ਸੰਦੇਸ਼, ਇੱਕ ਮਿਸਾਲ ਹੈ। ਇਨਸਾਨੀ ਜ਼ਿੰਦਗੀ ਦੀਆਂ ਕੁਝ ਕੌੜੀਆਂ ਤੇ ਤਲਖ਼ ਹਕੀਕਤਾਂ ਦੀਪਕ ਦੇ ਗੀਤਾਂ ਵਿੱਚ ਪ੍ਰਤੱਖ ਨਜ਼ਰ ਆਉਂਦੀਆਂ ਹਨ। ਜਿਨ੍ਹਾਂ ਨੂੰ ਗੀਤਾਂ ਵਿੱਚ ਬਿਆਨ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ। ਜਿਵੇਂ ਕਿ ਆਖਰੀ ਉਮਰ ਵਿੱਚ ਬੰਦਾ ਜਦੋਂ ਆਪਣੀ ਬੀਤੀ ਜ਼ਿੰਦਗੀ ਦਾ ਸਵੈ-ਮੰਥਨ ਕਰਦਾ ਹੈ ਤਾਂ ਕੀ ਸੋਚਦਾ ਹੈ :
ਤੇਰਾ, ਤੇਰੇ ਘਰ ’ਚੋਂ ਉੱਠ ਸਤਿਕਾਰ ਗਿਆ
ਝੂਠਾ ਮੋਹ ਪਰਿਵਾਰ ਦਾ ਤੈਨੂੰ ਮਾਰ ਗਿਆ
ਪੁੱਤਰ ਧੀਆਂ ਖਾਤਰ ਠੱਗੇ ਯਾਰ ਬੜੇ
ਉਨ੍ਹਾਂ ਨੇ ਰੱਖਿਆ ਹੈ ਤੈਨੂੰ ਐਨ ਰੜੇ
ਮੇਰੇ ਮੇਰੇ ਕਹਿਕੇ ਸੀਨੇ ਲਾਏ ਤੂੰ
ਹੱਥੀਂ ਪਾਲੇ ਇਹ ਕੂਕਰ ਹਲਕਾਏ ਤੂੰ
ਹੁਣ ਕਾਹਤੋਂ ਤੂੰ ਬੁੱਕ ਬੁੱਕ ਅੱਥਰੂ ਸਿੱਟਦਾ ਏਂ
ਝੁੱਗਾ ਚੌੜ ਕਰਾਕੇ ਕਾਹਤੋਂ ਪਿੱਟਦਾ ਏਂ
ਦੀਪਕ ਸਟੇਜ ਦਾ ਧਨੀ ਕਵੀ ਸੀ। ਉਹ ਆਪਣੇ ਸਮਕਾਲੀਆਂ ’ਚੋਂ ਵੱਖਰਾ ਰੁਤਬਾ ਰੱਖਦਾ ਸੀ। ਨਵੇਂ ਉੱਭਰ ਰਹੇ ਜਾਂ ਸਿਖਾਂਦਰੂ ਕਵੀਆਂ ਲਈ ਉਸ ਨੇ ਸਕੂਲ ਵੀ ਖੋਲ੍ਹਿਆ, ਅੱਜ ਉਸ ਦੇ ਅਨੇਕਾਂ ਸ਼ਾਗਿਰਦ ਆਪੋ-ਆਪਣੀ ਵਿਧਾ ਵਿੱਚ, ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ। ਗ਼ਜ਼ਲ ਤੇ ਗੀਤਕਾਰੀ ਵਿਚ ਅੱਜ ਹਰਜਿੰਦਰ ਬੱਲ ਬਹੁਤ ਮਕਬੂਲ ਨਾਮ ਹੈ ਤੇ ਗੀਤਕਾਰੀ ਦੇ ਖੇਤਰ ਵਿਚ ਭਿੰਦਰ ਡੱਬਵਾਲੀ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਗ਼ਜ਼ਲ ਦੇ ਵਿਦਿਆਰਥੀਆਂ ਲਈ ਜੈਤੋਈ ਨੇ ਇੱਕ ਬਾਕਮਾਲ ਪੁਸਤਕ ‘ਗ਼ਜ਼ਲ ਕੀ ਹੈ’ ਲਿਖੀ, ਜਿਸ ਦੀਆਂ ਗੂੰਜਾਂ ਅੱਜ ਵੀ ਸਾਹਿਤਕ ਹਲਕਿਆਂ ਵਿੱਚ ਪੈ ਰਹੀਆਂ ਹਨ। ਸਿੱਖ ਧਰਮ ਦੇ ਇਤਿਹਾਸ ਦੇ ਇੱਕ ਵਿਸ਼ੇਸ਼ ਕਾਂਡ ’ਤੇ ਉਸ ਨੇ ‘ਮਾਲਾ ਕਿਉਂ ਤਲਵਾਰ ਬਣੀ’ ਕਿਤਾਬ ਵੀ ਲਿਖੀ।
ਦੀਪਕ ਦੇ ਗੀਤਾਂ ਵਿੱਚ ਐਨੀ ਜਬਰਦਸਤ ਰਵਾਨੀ ਹੈ ਕਿ ਉਸ ਦੇ ਗੀਤ ਮੱਲੋ-ਮੱਲੀ ਮੂੰਹ ਚੜ੍ਹ ਜਾਂਦੇ ਹਨ। ਪੰਜਾਬ ਦੇ ਪਹਿਲੀ ਕਤਾਰ ਦੇ ਗਾਇਕਾਂ ਨੇ ਦੀਪਕ ਦੇ ਅਨੇਕਾਂ ਗੀਤ ਰਿਕਾਰਡ ਕਰਵਾਏ, ਜੋ ਹੱਟੀਆਂ-ਭੱਠੀਆਂ, ਸੱਥ-ਦਰਵਾਜ਼ੇ, ਤ੍ਰਿੰਝਣਾਂ ਤੇ ਚੁੱਲੇ-ਚੌਂਕਿਆਂ ’ਚ ਵੀ ਸੁਣੇ ਗਏ, ਸੁਣੇ ਜਾਂਦੇ ਹਨ ਅਤੇ ਸੁਣੇ ਜਾਂਦੇ ਰਹਿਣਗੇ। ਪੰਜਾਬ ਦੀ ਬਹੁਤ ਸੁਰੀਲੀ ਗਾਇਕਾ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਦੀਪਕ ਦੇ ਅਨੇਕਾਂ ਗੀਤ ਰਿਕਾਰਡ ਹੋਏ, ਜਿਨ੍ਹਾਂ ’ਚੋਂ ਇੱਕ ਗੀਤ ਦੇਖੋ:
ਜੁੱਤੀ ਲੱਗਦੀ ਵੈਰੀਆ ਮੇਰੇ
ਵੇ ਪੁੱਟ ਨਾ ਪੁਲਾਂਘਾਂ ਲੰਮੀਆਂ
ਮੈਥੋਂ ਨਾਲ ਨਹੀਂ ਤੁਰੀਦਾ ਤੇਰੇ
ਵੇ ਪੁੱਟ ਨਾ ਪੁਲਾਂਘਾਂ ਲੰਮੀਆਂ
ਗਾਇਕਾ ਤੇ ਅਦਾਕਾਰਾ ਜਗਮੋਹਣ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਏ ਦੀਪਕ ਦੇ ਗੀਤ ਵਿੱਚ ਘਰ ਘਰ ਦੀ ਕਹਾਣੀ, ਪਤੀ-ਪਤਨੀ ਦੇ ਆਪਸੀ ਤਕਰਾਰ ਦਾ ਦ੍ਰਿਸ਼ ਦੇਖੋ :
ਭੈੜਾ ਨਿੱਕੀ ਨਿੱਕੀ ਗੱਲੇ ਪਾਈ ਰੱਖਦੈ ਕਲੇਸ਼
ਨਾ ਮੈਂ ਡੋਲ੍ਹਾਂ, ਨਾ ਵਿਗਾੜਾਂ, ਗਾਲ੍ਹਾਂ ਕੱਢਦੈ ਹਮੇਸ਼
ਕੱਲ੍ਹ ਦੁਖੀ ਹੋ ਕੇ ਬੋਲੀ ਉਹਦੇ ਸਾਹਮਣੇ ਅਖੀਰ
ਦਿੱਤੇ ਮੋੜਵੇਂ ਜੁਆਬ, ਖਿੱਚ ਦਿੱਤੀ ਸੁ ਲਕੀਰ
12 ਫਰਵਰੀ 2005 ਨੂੰ ਉਹ ਇਸ ਸੰਸਾਰ ਤੋਂ ਚਲੇ ਗਏ ਤੇ ਪੰਜਾਬੀ ਸਾਹਿਤ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ। ਉਸ ਦੇ ਅਕਾਲ ਚਲਾਣੇ ਤੋਂ ਬਾਅਦ ਸ਼ਰਧਾਂਜਲੀ ਵਜੋਂ ਦੀਪਕ ਦਾ ਲਿਖਿਆ ਇੱਕ ਗੀਤ :
ਤੇਰੀ ਦੀਦ ਬਾਝੋਂ ਅੱਖੀਆਂ
ਤਿਹਾਈਆਂ ਰਾਂਝਣਾ
ਸਾਥੋਂ ਝੱਲੀਆਂ ਨਾ ਜਾਣ
ਇਹ ਜੁਦਾਈਆਂ ਰਾਂਝਣਾ
ਕਦੇ ਆ ਕੇ ਵੇਖੇਂ ਅੱਖੀਂ
ਸਾਡੀ ਜਿੰਦ ਕੁਰਲਾਉਂਦੀ
ਦਿਨੇ ਚੈਨ ਨਹੀਂਓ ਆਉਂਦਾ
ਰਾਤੀਂ ਨੀਂਦ ਨਹੀਓਂ ਆਉਂਦੀ
ਅਸੀਂ ਯੁੱਗਾਂ ਵਾਂਗੂੰ
ਘੜੀਆਂ ਬਿਤਾਈਆਂ ਰਾਂਝਣਾ
ਸਾਥੋਂ ਝੱਲੀਆਂ ਨਾ ਜਾਣ
ਇਹ ਜੁਦਾਈਆਂ ਰਾਂਝਣਾ
ਇੱਕ ਬਿਲਕੁਲ ਨਵੇਂ ਕਲਾਕਾਰ ਦੀ ਆਵਾਜ਼ ਵਿੱਚ ਮੈਂ ਇਹ ਗੀਤ ਰਿਕਾਰਡ ਕੀਤਾ, ਬਾਅਦ ਵਿੱਚ ਉਹ ਕਲਾਕਾਰ ਪੰਜਾਬੀਆਂ ਦਾ ਬਹੁਤ ਵੱਡਾ ਗਾਇਕ ਬਣਿਆ ਜਿਸ ਦਾ ਨਾਮ ਹੈ ਸਤਿੰਦਰ ਸਰਤਾਜ। ਇਹ ਗੀਤ ਸਤਿੰਦਰ ਸਰਤਾਜ ਦੀ ਸਭ ਤੋਂ ਪਹਿਲੀ ਐਲਬਮ ਵਿੱਚ ਰਿਕਾਰਡ ਕੀਤਾ ਸੀ, ਜੋ ਮੈਂ ਖ਼ੁਦ ਪ੍ਰੋਡਿਊਸ ਕੀਤੀ ਸੀ। ਹਾਲੇ ਉਸ ਦੇ ਬਹੁਤ ਸਾਰੇ ਅਜਿਹੇ ਗੀਤ ਹਨ ਜੋ ਰਿਕਾਰਡ ਹੋਣ ਵਾਲੇ ਹਨ।
ਸੰਪਰਕ: 98151-30226

Advertisement

Advertisement
Author Image

sukhwinder singh

View all posts

Advertisement
Advertisement
×