For the best experience, open
https://m.punjabitribuneonline.com
on your mobile browser.
Advertisement

ਡਿਜੀਟਲ ਉਪਕਰਨ ਤੇ ਨਜ਼ਰ ਦੇ ਖ਼ਤਰੇ

07:02 AM Mar 18, 2025 IST
ਡਿਜੀਟਲ ਉਪਕਰਨ ਤੇ ਨਜ਼ਰ ਦੇ ਖ਼ਤਰੇ
Advertisement

ਅਮੋਦ ਗੁਪਤਾ

ਕੋਵਿਡ-19 ਦੇ ਵਾਇਰਸ ਫੈਲਣ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੰਨ 2020 ਵਿੱਚ ਜਦੋਂ ਹਾਲੇ ਇਸ ਦੀ ਕੋਈ ਵੈਕਸੀਨ ਤਿਆਰ ਹੁੰਦੀ ਨਜ਼ਰ ਨਹੀਂ ਆ ਰਹੀ ਸੀ ਤਾਂ ਜਨਤਕ ਅਧਿਕਾਰੀਆਂ ਨੇ ਕੋਵਿਡ ਦੇ ਪਸਾਰ ਨੂੰ ਰੋਕਣ ਲਈ ਲੌਕਡਾਊਨ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ। ਦਫ਼ਤਰ ਤੇ ਸਕੂਲ ਬੰਦ ਕਰ ਦਿੱਤੇ ਗਏ ਅਤੇ ਵਰਤੋਂਕਾਰ ਪੱਖੀ ਇੰਟਰਫੇਸ ਜ਼ੂਮ ਅਤੇ ਇਸ ਤਰ੍ਹਾਂ ਦੇ ਹੋਰ ਵੀਡੀਓ ਕਾਨਫਰੰਸਿੰਗ ਪਲੈਟਫਾਰਮਾਂ ਦੀ ਬਦੌਲਤ ਘਰ ਤੋਂ ਕੰਮ (ਵਰਕ ਫਰੌਮ ਹੋਮ) ਦਾ ਨਵਾਂ ਸਭਿਆਚਾਰ ਪੈਦਾ ਹੋ ਗਿਆ ਸੀ। ਲੌਕਡਾਊਨਾਂ ਦੀ ਬੇਯਕੀਨੀ ਅਤੇ ਅਕਾਦਮਿਕ ਸਰਗਰਮੀਆਂ ਛੁਟ ਜਾਣ ਦੇ ਡਰ ਕਰ ਕੇ ਨੌਜਵਾਨਾਂ ਅਤੇ ਛੋਟੇ ਬੱਚਿਆਂ ਨੂੰ ਹਰ ਰੋਜ਼ ਕਈ ਕਈ ਘੰਟੇ ਆਪਣੇ ਘਰਾਂ ਵਿੱਚ ਆਨਲਾਈਨ ਕਲਾਸਾਂ ਲਾਉਣੀਆਂ ਪੈਂਦੀਆਂ ਸਨ ਜੋ ਕਿ ਅਧਿਆਪਨ ਦੀ ਇੱਕ ਨਵੀਂ ਵਿਧਾ ਬਣ ਗਈ।
ਵੈੱਬ ਆਧਾਰਿਤ ਸਿੱਖਿਆ ਬਾਰੇ ਕੋਵਿਡ-19 ਦੀ ਮਹਾਮਾਰੀ ਤੋਂ ਕਈ ਦਹਾਕੇ ਪਹਿਲਾਂ ਤੋਂ ਹੀ ਵਿਚਾਰ ਚਰਚਾ ਹੁੰਦੀ ਆ ਰਹੀ ਸੀ ਪਰ ਸਾਡਾ ਕਿਸੇ ਦਾ ਵੀ ਧਿਆਨ ਇਸ ਗੱਲ ਵੱਲ ਨਹੀਂ ਗਿਆ ਸੀ ਕਿ ਜੇ ਨੌਜਵਾਨ ਬੱਚੇ ਆਪਣੇ ਡਿਜੀਟਲ ਨੋਟਬੁੱਕਸ ਅਤੇ ਉਪਕਰਨਾਂ ਨਾਲ ਇਵੇਂ ਹੀ ਚਿੰਬੜੇ ਰਹਿਣਗੇ ਤਾਂ ਇਸ ਦੇ ਕਿਹੋ ਜਿਹੇ ਸਿੱਟੇ ਨਿਕਲ ਸਕਦੇ ਹਨ।
ਇਸ ਸਬੰਧ ਵਿੱਚ ਖ਼ਤਰੇ ਦੀਆਂ ਘੰਟੀਆਂ ਉਦੋਂ ਵੱਜੀਆਂ ਜਦੋਂ ਚੀਨ ਦੇ ਅੱਖਾਂ ਦੇ ਰੋਗਾਂ ਦੇ ਮਾਹਿਰਾਂ (ਆਪਥੈਲਮਿਕ ਇਪੀਡੋਮਾਇਓਲੋਜਿਸਟਾਂ) ਨੇ ਇਹ ਪਤਾ ਲਗਾਇਆ ਸੀ ਕਿ 2020 ਤੱਕ ਨੌਜਵਾਨ ਬਹੁਤ ਤੇਜ਼ੀ ਨਾਲ ਨਿਕਟਦਰਸ਼ੀ (ਮਾਇਓਪਿਕ) ਬਣਦੇ ਜਾ ਰਹੇ ਹਨ। ਚੀਨ ਵਿਚ ਛੇ ਸਾਲ ਦੇ ਬੱਚਿਆਂ ਵਿੱਚ ਨਿਕਟਦਰਸ਼ੀ ਦੋਸ਼ ਦੀ ਦਰ 400 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਕੋਵਿਡ-19 ਤੋਂ ਪਹਿਲਾਂ ਆਸਟਰੇਲੀਅਨ ਖੋਜਕਾਰਾਂ ਨੇ ਪਤਾ ਲਾਇਆ ਸੀ ਕਿ ਦੂਰ ਦੀ ਨਜ਼ਰ ਦੀ ਕਮਜ਼ੋਰੀ ਤੋਂ ਪੀੜਤ ਬੱਚੇ ਆਮ ਨਜ਼ਰ ਵਾਲੇ ਬੱਚਿਆਂ ਨਾਲੋਂ ਔਸਤਨ ਡੇਢ ਘੰਟਾ ਜ਼ਿਆਦਾ ਸਮਾਂ ਨੇੜੇ ਦੀਆਂ ਸਰਗਰਮੀਆਂ ਵਿੱਚ ਲਾਉਂਦੇ ਹਨ। ਕਿਤਾਬ ਨੂੰ ਆਪਣੇ ਚਿਹਰੇ ਤੋਂ 30 ਸੈਂਟੀਮੀਟਰ ਤੋਂ ਘੱਟ ਦੂਰੀ ’ਤੇ ਰੱਖ ਕੇ 30 ਮਿੰਟ ਤੋਂ ਵੱਧ ਸਮਾਂ ਪੜ੍ਹਨ ਨਾਲ ਨੌਜਵਾਨਾਂ ਅੰਦਰ ਮਾਇਓਪੀਆ ਤੇਜ਼ੀ ਨਾਲ ਵਧਣ ਦਾ ਮੁੱਖ ਕਾਰਨ ਹੈ।
ਮਾਇਓਪੀਆ ਜਾਂ ਨਿਕਟਦਰਸ਼ੀ ਹੋਣ ਦਾ ਮਤਲਬ ਹੈ ਕਿ ਦੂਰ ਦੀਆਂ ਚੀਜਾਂ ਨੂੰ ਨਾ ਦੇਖ ਸਕਣਾ ਜਿਵੇਂ ਕਿ ਅਧਿਆਪਕ ਬਲੈਕਬੋਰਡ ’ਤੇ ਕੀ ਲਿਖਦਾ ਹੈ, ਜਦੋਂਕਿ ਇਸ ਨਾਲ ਪੜ੍ਹਨ ਤੇ ਲਿਖਣ ’ਤੇ ਕੋਈ ਫ਼ਰਕ ਨਹੀਂ ਪੈਂਦਾ। ਰੈਟੀਨਾ ਦੇ ਅੱਗੇ ਪਿੱਛੇ ਕੋਈ ਤਸਵੀਰ ਬਣਦੀ ਹੈ ਜਾਂ ਧੁੰਦਲਕਾ ਬਣਦਾ ਹੈ, ਇਸ ਦਾ ਫ਼ੈਸਲਾ ਤਿੰਨ ਬਹੁਤ ਹੀ ਅਹਿਮ ਅੰਗਾਂ ਫਰੰਟ ਲੈੱਨਜ਼ ਕੋਰਨੀਆ ਦੀ ਤਾਕਤ, ਗਤੀਸ਼ੀਲ ਬਾਇਕੌਨਵੈਕਸ ਕ੍ਰਿਸਟਲਾਈਨ ਲੈੱਨਜ਼ ਅਤੇ ਅੱਖ ਦੀ ਡੇਲੀ ਦੇ ਆਕਾਰ ਦਰਮਿਆਨ ਇੱਕ ਮਹੀਨ ਜਿਹੇ ਤਵਾਜ਼ਨ ਉੱਪਰ ਨਿਰਭਰ ਕਰਦਾ ਹੈ।
ਕਿਸੇ ਲਿਖਤ ਨੂੰ ਪੜ੍ਹਨ ਲਈ ਕਿਸੇ ਨੌਜਵਾਨ ਦੇ ਕ੍ਰਿਸਟਲਾਈਨ ਲੈੱਨਜ਼ ਵਿੱਚ +8 ਡਾਇਆਪਟਰਜ਼ ਤੱਕ ਗਤੀਸ਼ੀਲ ਵਾਧਾ ਕਰਨ ਦੀ ਤਾਕਤ ਨਾਲ ਸਾਫ਼ ਸ਼ਫ਼ਾਫ ਫੋਕਸ ਹੋ ਪਾਉਂਦਾ ਹੈ। ਜੇ ਅੱਖ ਦੀ ਪੁਤਲੀ ਹੋਰ ਜ਼ਿਆਦਾ ਲੰਮੀ ਹੋਵੇ ਤਾਂ ਰੈਟੀਨਾ ਦੇ ਸਾਹਮਣੇ ਇੱਕ ਧੁੰਦਲੀ ਤਸਵੀਰ ਬਣ ਜਾਂਦੀ ਹੈ। ਇਸ ਤਰ੍ਹਾਂ ਦੀ ਹਾਲਤ ਵਿੱਚ ਦੂਰੋਂ ਸਾਫ਼ ਦੇਖਣ ਲਈ ਮਾਈਨਸ ਲੈੱਨਜ਼ (ਮਾਇਓਪਿਕ ਲੈੱਨਜ਼) ਪਹਿਨਣ ਦੀ ਲੋੜ ਪੈਂਦੀ ਹੈ। ਜਨਮ ਸਮੇਂ ਅੱਖ ਦੀ ਡੇਲੀ ਦਾ ਆਕਾਰ ਕਰੀਬ 16 ਮਿਲੀਮੀਟਰ ਹੁੰਦਾ ਹੈ। ਦੋ ਸਾਲ ਦੀ ਉਮਰ ਤੱਕ ਪਹੁੰਚਦਿਆਂ ਹੀ ਉੱਪਰ ਬਿਆਨ ਕੀਤੇ ਤਿੰਨ ਪ੍ਰਮੁੱਖ ਅੰਗਾਂ ਦਾ ਵਾਧਾ ਆਪਣਾ ਤਿੰਨ ਚੌਥਾਈ ਪੱਧਰ ਹਾਸਿਲ ਕਰ ਲੈਂਦੇ ਹਨ ਜੋ ਕਿ ਕਿਸੇ ਬਾਲਗ ਦੀ ਉਮਰ ਵਿੱਚ 24 ਐੱਮਐੱਮ ਹੁੰਦਾ ਹੈ। ਅੱਲੜ ਵਰੇਸ (10-16 ਸਾਲ) ਤੱਕ ਪਹੁੰਚਦਿਆਂ ਇਸ ਵਿੱਚ ਦੂਜਾ ਇਜ਼ਾਫ਼ਾ ਹੁੰਦਾ ਹੈ। ਕਰੀਬ 30 ਸਾਲ ਪਹਿਲਾਂ, ਫਿਲਾਡੈਲਫੀਆ ਦੇ ਡਾ. ਸਟੋਨ ਨੇ ਇਹ ਪਤਾ ਲਗਾਇਆ ਸੀ ਕਿ ਰੈਟੀਨਾ ਵਿੱਚ ਇੱਕ ਨਿਊਰੋਟ੍ਰਾਂਸਮੀਟਰ ਡੋਪਾਮਾਈਨ ( ਇਨਾਮੀ ਹਾਰਮੋਨ) ਅੱਖ ਦੇ ਵਾਧੇ ਨੂੰ ਕੰਟਰੋਲ ਕਰਦਾ ਹੈ।
ਮੇਰੇ ਉਸਤਾਦ ਡਾ. ਆਈਐਸ ਜੈਨ ਜਿਨ੍ਹਾਂ 1960ਵਿਆਂ ਦੇ ਸਾਲਾਂ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੀ ਵਸੋਂ ਦਾ ਭਰਵਾਂ ਸਰਵੇਖਣ ਕੀਤਾ ਸੀ, ਨੇ ਪਾਇਆ ਸੀ ਕਿ ਪੇਂਡੂ ਖੇਤਰਾਂ ਵਿੱਚ ਮਾਇਓਪੀਆ ਦੀ ਦਰ 2.77 ਫੀਸਦੀ, ਸਕੂਲੀ ਬੱਚਿਆਂ ਅੰਦਰ 4.79 ਫ਼ੀਸਦੀ, ਚੰਡੀਗੜ੍ਹ ਦੀ ਸ਼ਹਿਰੀ ਆਬਾਦੀ ਵਿੱਚ 6.9 ਫ਼ੀਸਦੀ ਅਤੇ ਪੀਜੀਆਈ ਦੇ ਡਾਕਟਰਾਂ ਵਿਚ 33 ਫ਼ੀਸਦੀ ਪਾਈ ਜਾਂਦੀ ਹੈ ਜਿਸ ਲਈ ਬਹੁਤ ਜ਼ਿਆਦਾ ਨੇੜੇ ਦਾ ਕੰਮਕਾਰ, ਉਚੇਰੀ ਸਾਖ਼ਰਤਾ ਦਰ ਅਤੇ ਆਮਦਨ ਦੇ ਪੱਧਰ ਕਸੂਰਵਾਰ ਹਨ। ਹਾਲ ਹੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉੱਤਰੀ ਭਾਰਤ ਦੇ ਸ਼ਹਿਰੀ ਖੇਤਰਾਂ ਦੇ 21 ਫ਼ੀਸਦੀ ਸਕੂਲ ਜਾਣ ਵਾਲੇ ਬੱਚਿਆਂ ਦੀ ਦੂਰ ਦੀ ਨਜ਼ਰ ਬਹੁਤ ਘੱਟ ਹੈ ਭਾਵ ਉਹ ਮਾਇਓਪੀਆ ਦੇ ਸ਼ਿਕਾਰ ਹਨ ਅਤੇ ਪਿਛਲੇ 50 ਸਾਲਾਂ ਵਿੱਚ ਇਸ ਅਲਾਮਤ ਵਿੱਚ ਚਾਰ ਗੁਣਾ ਵਾਧਾ ਹੋ ਗਿਆ ਹੈ।
ਤੇਜ਼ੀ ਨਾਲ ਫੈਲਣ ਵਾਲੇ ਨਿਕਟ ਦ੍ਰਿਸ਼ਟੀ ਦੋਸ਼ ’ਤੇ ਕੋਵਿਡ-19 ਮਹਾਮਾਰੀ ਦਾ ਅਸਰ ਭਾਵੇਂ ਸਭ ਤੋਂ ਪਹਿਲਾਂ ਹੋਇਆ ਅਤੇ ਸਭ ਤੋਂ ਵੱਧ ਪੂਰਬੀ ਤੇ ਦੱਖਣ ਪੂਰਬੀ ਏਸ਼ੀਆ ਵਿੱਚ ਮਹਿਸੂਸ ਕੀਤਾ ਗਿਆ ਪਰ ਕੋਈ ਬਚ ਨਹੀਂ ਸਕਿਆ। ਇੱਕ ਅਧਿਐਨ ਮੁਤਾਬਿਕ, ਡਿਜੀਟਲ ਉਪਕਰਨਾਂ ’ਤੇ ਰੋਜ਼ਾਨਾ ਔਸਤਨ ਇੱਕ ਘੰਟਾ ਬਿਤਾ ਕੇ ਨਿਕਟ ਦ੍ਰਿਸ਼ਟੀ ਦੋਸ਼ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੀ ਗਿਣਤੀ 46 ਪ੍ਰਤੀਸ਼ਤ ਹੈ, ਜਦੋਂਕਿ ਜਿਹੜੇ ਚਾਰ ਘੰਟੇ ਬਿਤਾ ਰਹੇ ਹਨ, ਉਨ੍ਹਾਂ ਦੀ ਪ੍ਰਤੀਸ਼ਤ 76 ਹੈ। ਬਾਹਰ ਘੱਟ ਨਿਕਲਣਾ, ਕਮਰੇ ’ਚ ਘੱਟ ਰੌਸ਼ਨੀ ਤੇ ਸਕਰੀਨ ਦੀ ਬਹੁਤ ਲਾਗਿਓਂ ਵਰਤੋਂ ਇਸ ਲਈ ਜ਼ਿੰਮੇਵਾਰ ਹੈ। ਬ੍ਰਿਸਬੇਨ ਵਿਚ ਡਾ. ਰੋਹਾਨ ਹਿਊਜਜ਼ ਤੇ ਉਨ੍ਹਾਂ ਦੇ ਸਾਥੀਆਂ ਨੇ ਜਵਾਨ ਬੱਚਿਆਂ ਦੀ ਅੱਖਾਂ ਦੀ ਪੁਤਲੀ ਦੀ ਧੁਰੀ ਦੀ ਲੰਬਾਈ ਵਿੱਚ ਅਚਾਨਕ ਵਾਧਾ ਹੁੰਦਾ ਦੇਖਿਆ ਹੈ, ਜੋ ਕਿ ਪੜ੍ਹਨ ਲੱਗਿਆਂ ਜਾਂ ਕਰੀਬੀ ਚੀਜ਼ ਨੂੰ ਦੇਖਦਿਆਂ 16 ਮਾਈਕ੍ਰੋਨ ਤੱਕ ਪਹੁੰਚ ਜਾਂਦਾ ਹੈ।
ਪਿਛਲੇ 10 ਸਾਲਾਂ ’ਚ, ਡਿਜੀਟਲ ਉਪਕਰਨਾਂ ਦੀ ਵਰਤੋਂ ਚਾਰ ਗੁਣਾ ਵਧ ਗਈ ਹੈ, ਜਿੱਥੇ ਸਿੰਗਾਪੁਰ ਵਰਗੇ ਮੁਲਕ ਵਿੱਚ ਦੋ ਸਾਲ ਤੱਕ ਦੇ ਬੱਚੇ ਵੀ ਇੱਕ ਦਿਨ ’ਚ ਸਕਰੀਨਾਂ ਅੱਗੇ ਦੋ ਘੰਟੇ ਤੱਕ ਬਿਤਾ ਰਹੇ ਹਨ। ਵੱਕਾਰੀ ‘ਜਾਮਾ’ (ਜਰਨਲ ਆਫ ਅਮੈਰੀਕਨ ਮੈਡੀਕਲ ਐਸੋਸੀਏਸ਼ਨ) ਜਰਨਲ ’ਚ ਛਪੇ ਇੱਕ ਹਾਲੀਆ ਮੁਲਾਂਕਣ ਨੇ ਵਿਸ਼ਵ ਵਿਆਪੀ ਸੁਰਖੀਆਂ ਬਟੋਰੀਆਂ ਹਨ। ਤਿੰਨ ਲੱਖ ਤੋਂ ਵੱਧ ਸਕੂਲੀ ਬੱਚਿਆਂ ’ਤੇ ਆਧਾਰਿਤ ਵਿਗਿਆਨਕ ਅਧਿਐਨ ਵਿੱਚ ਇਸ ਨੇ ਦੱਸਿਆ ਹੈ ਕਿ, ਇੱਕ ਦਿਨ ’ਚ ਡਿਜੀਟਲ ਸਕਰੀਨ ’ਤੇ ਬਿਤਾਏ ਲਗਭਗ ਚਾਰ ਘੰਟਿਆਂ ਵਿੱਚੋਂ ਹਰ ਇੱਕ ਘੰਟਾ ਨਿਕਟ ਦਰਸ਼ੀ ਸਮੱਸਿਆ ਆਉਣ ਦੀ ਸੰਭਾਵਨਾ ਨੂੰ 21 ਪ੍ਰਤੀਸ਼ਤ ਤੱਕ ਵਧਾ ਦਿੰਦਾ ਹੈ।
ਪੁਤਲੀ ਦੀ ਧੁਰੀ ਦੀ ਲੰਬਾਈ ਜੇ 2 ਐੱਮਐੱਮ (-6ਡੀ) ਤੱਕ ਵਧਦੀ ਹੈ ਤਾਂ ਇਸ ਲਈ ਸਿਰਫ਼ ਨਜ਼ਰ ਦੇ ਚਸ਼ਮੇ ਦੀ ਲੋੜ ਪੈਂਦੀ ਹੈ, ਪਰ ਇਸ ਤੋਂ ਉੱਤੇ ਕੋਈ ਵੀ ਵਾਧਾ ਰੋਗਾਤਮਕ ਤਬਦੀਲੀ ਦਾ ਕਾਰਨ ਬਣ ਸਕਦਾ ਹੈ ਜੋ ਨੇਤਰਹੀਣਤਾ ਅਤੇ ਨਜ਼ਰ ’ਚ ਸਥਾਈ ਵਿਗਾੜ ਦਾ ਕਾਰਨ ਬਣ ਸਕਦਾ ਹੈ। ਡਾ. ਜੈਨ ਦੱਸਦੇ ਹਨ ਕਿ 50 ਸਾਲ ਪਹਿਲਾਂ ਜਿੱਥੇ ਸਾਰੇ ਨਿਕਟ ਦਰਸ਼ੀ ਦੋਸ਼ਾਂ ਵਿੱਚੋਂ ਸਿਰਫ਼ 7 ਪ੍ਰਤੀਸ਼ਤ ਨੂੰ ਹੀ ਜ਼ਿਆਦਾ ਮੁਸ਼ਕਲ (6 ਡੀ ਤੋਂ ਵੱਧ) ਆਉਂਦੀ ਸੀ, ਉੱਥੇ ਵਰਤਮਾਨ ’ਚ ਏਸ਼ਿਆਈ ਮੁਲਕਾਂ ਵਿੱਚ ਇਹ ਹੱਦਾਂ ਪਾਰ ਕਰ ਰਿਹਾ ਹੈ, ਤੇ ਦੱਖਣੀ ਕੋਰੀਆ ਵਿੱਚ ਜਵਾਨ ਬੱਚਿਆਂ ’ਚ ਇਹ ਸਮੱਸਿਆ 20 ਪ੍ਰਤੀਸ਼ਤ ਤੋਂ ਵਧ ਚੁੱਕੀ ਹੈ। ਸਾਰੇ ਉੱਚ ਨਿਕਟ ਦਰਸ਼ੀਆਂ ਵਿੱਚੋਂ ਲਗਭਗ 8 ਪ੍ਰਤੀਸ਼ਤ ਵਡੇਰੀ ਉਮਰ ’ਚ ਨੇਤਰਹੀਣਤਾ ਦਾ ਸਾਹਮਣਾ ਕਰਨਗੇ। ਜੇਕਰ ਡਾ. ਹੋਲਡਨ ਤੇ ਉਨ੍ਹਾਂ ਦੇ ਸਾਥੀਆਂ ਦਾ ਇਹ ਅਨੁਮਾਨ ਸੱਚ ਨਿਕਲਦਾ ਹੈ ਕਿ 2050 ਤੱਕ ਵਿਸ਼ਵ ਦੀ ਅੱਧੀ ਆਬਾਦੀ ਨਿਕਟਦਰਸ਼ੀ ਬਣ ਸਕਦੀ ਹੈ, ਤਾਂ ਇਹ ਅੰਕੜੇ ਜਨਤਕ ਸਿਹਤ ਦੇ ਪੱਖ ਤੋਂ ਵੱਡੀ ਚਿੰਤਾ ਦਾ ਵਿਸ਼ਾ ਬਣ ਸਕਦੇ ਹਨ।
ਵੀਹ ਸਾਲ ਪਹਿਲਾਂ, ਸਿੰਗਾਪੁਰ ਤੋਂ ਡਾ. ਚੁਆ ਤੇ ਉਨ੍ਹਾਂ ਦੇ ਸਾਥੀਆਂ ਨੇ ਪੂਰੇ ਭਰੋਸੇ ਨਾਲ ਇਹ ਦਿਖਾਇਆ ਸੀ ਕਿ ਐਟਰੋਪੀਨ ਆਈ ਡਰੌਪਸ (ਅੱਖਾਂ ’ਚ ਮਾਸਪੇਸ਼ੀਆਂ ਨਰਮ ਕਰਨ ਲਈ) ਜਵਾਨ ਬੱਚਿਆਂ ’ਚ ਪੁਤਲੀ ਦੇ ਫੈਲਣ ਨੂੰ ਰੋਕਦੀ ਹੈ ਤੇ ਨਿਕਟਦਰਸ਼ੀ ਦੋਸ਼ ਨੂੰ ਵਧਣ ਤੋਂ ਰੋਕਦੀ ਹੈ। ਕੁਝ ਹਲਕੇ-ਫੁਲਕੇ ਮਾੜੇ ਅਸਰਾਂ ਨੂੰ ਛੱਡ ਕੇ, ਇਹ ਸਭ ਤੋਂ ਅਸਰਦਾਰ ਰਣਨੀਤੀ ਰਹੀ ਹੈ। ਐਟਰੋਪੀਨ ਡਰੌਪਸ ਨੇ ਦੁਨੀਆ ਭਰ ਵਿੱਚ ਅੱਖਾਂ ਦੇ ਮਾਹਿਰਾਂ ਦਾ ਧਿਆਨ ਖਿੱਚਿਆ, ਜਿਸ ’ਚ ਭਾਰਤ ਵੀ ਸ਼ਾਮਿਲ ਹੈ। ਭਾਰਤ ਭਰ ’ਚ ਡਾ. ਰੋਹਿਤ ਸਕਸੈਨਾ ਦੀ ਅਗਵਾਈ ’ਚ ਕੀਤਾ ਅਧਿਐਨ ਦੱਸਦਾ ਹੈ ਕਿ ਪਤਲਾ ਐਟਰੋਪੀਨ ਡਰੌਪ (0.01 ਪ੍ਰਤੀਸ਼ਤ) ਦੋ ਸਾਲ ਤੋਂ ਵੱਡੇ ਭਾਰਤੀ ਬੱਚਿਆਂ ’ਚ ਨਿਕਟਦਰਸ਼ੀ ਦੋਸ਼ ਨੂੰ ਘਟਾਉਂਦਾ ਹੈ। ਸੰਘਣਾ ਐਟਰੋਪੀਨ ਉਨ੍ਹਾਂ ’ਚ ਅਸਰਦਾਰ ਹੈ ਜਿਨ੍ਹਾਂ ’ਚ ਨਿਕਟ ਦਰਸ਼ੀਦੋਸ਼ ਤੇਜ਼ੀ ਨਾਲ ਵਧਦਾ ਹੈ।
ਸੂਰਜ ਦੀ ਰੌਸ਼ਨੀ ਵਿੱਚ ਅੱਖਾਂ ਦੇ ਪਰਦੇ (ਰੇਟਿਨਾ) ’ਚ ਡੋਪਾਮੀਨ ਦਾ ਪੱਧਰ ਵਧਦਾ ਹੈ ਤੇ ਲੈਬ ਦੇ ਕਈ ਜਾਨਵਰਾਂ ’ਚ ਇਸ ਨੇ ਪੁਤਲੀ ਦੇ ਫੈਲਾਅ ਨੂੰ ਰੋਕਿਆ ਹੈ, ਬੱਚਿਆਂ ’ਚ ਇਸ ਤੱਥ ਦੀ ਪੁਸ਼ਟੀ ਤੁਰਕੀ ਦੇ ਡਾ. ਫਤੀਹ ਅਸਲਾਨ ਤੇ ਡਾ. ਨਦੀਮ ਸਾਹੀਨੋਗਲੂ-ਕੇਸਕੇਕ ਨੇ ਕੀਤੀ ਹੈ ਜਿਨ੍ਹਾਂ ਦੱਸਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਰੋਜ਼ਾਨਾ ਦੋ ਘੰਟੇ ਬਾਹਰ ਬਿਤਾਉਣ ਵਾਲੇ ਬੱਚਿਆਂ ਦਾ ਨਿਕਟਦਰਸ਼ੀ ਬਣਨ ਤੋਂ ਬਚਾਅ ਰਿਹਾ ਹੈ। ਪੀਜੀਆਈ, ਚੰਡੀਗੜ੍ਹ ਦੀ ਡਾ. ਸ਼ਵੇਤਾ ਚੌਰਸੀਆ ਤੇ ਸਾਥੀਆਂ ਨੇ ਦੇਖਿਆ ਕਿ ਐਟਰੋਪੀਨ ਉਦੋਂ ਹੋਰ ਵੀ ਅਸਰਦਾਰ ਸਾਬਿਤ ਹੋਇਆ ਜਦੋਂ ਬਾਹਰ ਨਿਕਲ ਕੇ ਕੀਤੀਆਂ ਗਤੀਵਿਧੀਆਂ ਦਾ ਸਮਾਂ ਰੋਜ਼ਾਨਾ ਦੋ ਘੰਟੇ ਜਾਂ ਉਸ ਤੋਂ ਵੱਧ ਰਿਹਾ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਦੋ ਘੰਟੇ ਲਗਾਤਾਰ ਬਾਹਰ ਬਿਤਾਏ ਜਾਣ। ਕੁਝ ਮਿੰਟਾਂ ਲਈ ਬਾਹਰ ਨਿਕਲਣਾ ਵੀ ਚੰਗਾ ਹੈ। ਅੱਖਾਂ ਦੇ ਮਾਹਿਰ ਨੂੰ ਐਟਰੋਪੀਨ ਲੈ ਰਹੇ ਬੱਚਿਆਂ ’ਤੇ ਬਾਰੀਕ ਨਿਗ੍ਹਾ ਰੱਖਣੀ ਚਾਹੀਦੀ ਹੈ।
ਇੱਕ ਉਲਟ ਕਦਮ ਤਹਿਤ, ਰਾਸ਼ਟਰੀ ਸਿੱਖਿਆ ਨੀਤੀ 2020 ਨੇ ਅਨੁਭਵੀ ਤੇ ਸੰਪੂਰਣ ਸਿੱਖਿਆ ’ਤੇ ਜ਼ੋਰ ਦਿੰਦਿਆਂ, ਸਿੱਖਿਆ ਦੇ ਅਧਿਕਾਰ ਕਾਨੂੰਨ 2008 ਵਿੱਚ ਲਾਜ਼ਮੀ ਕੀਤੀ ਖੇਡ ਮੈਦਾਨ ਦੀ ਲੋੜ ਨੂੰ ਢਹਿ-ਢੇਰੀ ਕਰ ਦਿੱਤਾ ਹੈ, ਜਿਸ ਲਈ ਸ਼ਹਿਰੀ ਭਾਰਤ ਵਿੱਚ ਜਗ੍ਹਾ ਦੀ ਘਾਟ ਦਾ ਹਵਾਲਾ ਦਿੱਤਾ ਗਿਆ ਹੈ। ਅਧਿਆਪਕਾਂ ਨੂੰ ਇਹ ਇਜਾਜ਼ਤ ਦਿੱਤੀ ਜਾਵੇ ਕਿ ਉਹ ਬੱਚਿਆਂ ਨੂੰ ਦਿਨ ’ਚ ਘੱਟੋ-ਘੱਟ ਦੋ ਵਾਰ ਇੱਕ-ਇੱਕ ਘੰਟਾ ਬਾਹਰ ਖੇਡਣ ਦੀ ਖੁੱਲ੍ਹ ਦੇ ਸਕਣ।

Advertisement

Advertisement
Advertisement
Advertisement
Author Image

sukhwinder singh

View all posts

Advertisement