ਪੁਨਰਜੋਤ ਨੇਤਰਦਾਨ ਸਭਾ ਵੱਲੋਂ ਅੱਖਾਂ ਦਾ ਜਾਂਚ ਕੈਂਪ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 28 ਜੁਲਾਈ
ਪੁਨਰਜੋਤ ਨੇਤਰਦਾਨ ਸਭਾ ਵੱਲੋਂ ਇੰਟਰਨੈਸ਼ਨਲ ਪੀਸ ਐਵਾਰਡੀ ਤੇ ਇੰਟਰਨੈਸ਼ਨਲ ਲਾਈਫਟਾਈਮ ਅਚੀਵਮੈਂਟ ਐਵਾਰਡੀ ਇੰਦਰਜੀਤ ਸਿੰਘ ਮੁੰਡੇ ਦੇ ਉੱਦਮ ਸਦਕਾ ਤੇ ਮਹੰਤ ਹਰਪਾਲ ਦਾਸ ਦੇ ਸਹਿਯੋਗ ਨਾਲ ਉਦਾਸੀਨ ਆਸ਼ਰਮ ਡੇਰਾ ਇਮਾਮਗੜ੍ਹ ਵਿੱਚ ਅੱਖਾਂ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਲਈ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਵਿਧਾਇਕ ਡਾ. ਮਹੁੰਮਦ ਜਮੀਲ-ਉਰ-ਰਹਿਮਾਨ ਤੇ ਇੰਦਰਜੀਤ ਸਿੰਘ ਮੁੰਡੇ ਨੇ ਕੀਤਾ। ਸਭਾ ਦੇ ਜਨਰਲ ਸਕੱਤਰ ਚਰਨਦਾਸ ਸੌਂਦ ਨੇ ਦੱਸਿਆ ਕਿ ਜਾਂਚ ਕੈਂਪ ਦੌਰਾਨ ਡਾ. ਰਮੇਸ਼ ਕੁਮਾਰ ਜੋਧਾਂ-ਮਨਸੂਰਾਂ ਵਾਲਿਆਂ ਦੀ ਟੀਮ ਵੱਲੋਂ ਲਗਪਗ 240 ਜਣਿਆਂ ਦੀ ਜਾਂਚ ਕੀਤੀ ਗਈ ਅਤੇ 50 ਲੋੜਵੰਦਾਂ ਦੇ ਮੁਫ਼ਤ ਲੈਂਜ ਪਾਏ ਗਏ। ਮਹੰਤ ਹਰਪਾਲ ਦਾਸ ਨੇ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਗਿਆਨੀ ਅਮਰ ਸਿੰਘ, ਕਰਮ ਸਿੰਘ ਮੁੰਡੇ, ਪੁਨਰਜੋਤ ਨੇਤਰਦਾਨ ਸਭਾ ਦੇ ਪ੍ਰਧਾਨ ਵੈਦ ਮੋਹਨ ਲਾਲ ਧੀਮਾਨ , ਮਨਦੀਪ ਸਿੰਘ ਖੁਰਦ, ਇਸ਼ਹਾਕ ਮਹੁੰਮਦ, ਅਨਵਰ ਮਹੁੰਮਦ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ।