ਕੱਟੜਪੰਥੀਆਂ ਨੇ ਅੰਤਰ-ਧਰਮ ਵਿਆਹ ਦੀ ਰਿਸੈਪਸ਼ਨ ਰੱਦ ਕਰਵਾਈ
ਅਲੀਗੜ੍ਹ (ਯੂਪੀ), 16 ਦਸੰਬਰ
ਅਧਿਕਾਰੀਆਂ ਨੇ ਅੱਜ ਸੋਮਵਾਰ ਨੂੰ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀ ਜੋੜੇ ਵੱਲੋਂ ਅਮਰੀਕਾ ਵਿਚ ਅੰਤਰ-ਧਰਮ ਵਿਆਹ ਕਰਵਾਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਰੱਖੀ ਰਿਸੈਪਸ਼ਨ ਪਾਰਟੀ ਨੂੰ ਕੱਟੜਪੰਥੀ ਸੰਗਠਨਾਂ ਵੱਲੋਂ ‘ਵਿਰੋਧ ਮੁਜ਼ਾਹਰਿਆਂ ਦੀਆਂ ਧਮਕੀਆਂ’ ਮਿਲਣ ਕਾਰਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਜੋੜੇ ਦਾ ਵਿਆਹ ਬੀਤੇ ਮਾਰਚ ਵਿੱਚ ਹੋਇਆ ਸੀ ਅਤੇ ਇਸ ਨੂੰ ਅਮਰੀਕਾ ਵਿੱਚ ਇੱਕ ਭਾਰਤੀ ਕੌਂਸਲਖ਼ਾਨੇ ਵਿੱਚ ਵਿਸ਼ੇਸ਼ ਵਿਆਹ ਐਕਟ ਦੇ ਤਹਿਤ ਰਜਿਸਟਰ ਕੀਤਾ ਗਿਆ ਸੀ।
ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਇੱਥੇ ਇੱਕ ਹੋਟਲ ਵਿੱਚ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਲਈ ਰਿਸੈਪਸ਼ਨ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾਈ ਸੀ। ਇਸ ਰਿਸੈਪਸ਼ਨ ਦਾ ਸੱਦਾ ਪੱਤਰ ਸੋਸ਼ਲ ਮੀਡੀਆ ‘ਤੇ ਨਸ਼ਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਜਰੰਗ ਬਲ ਦੇ ਦੋ ਵੱਖ-ਸਮੂਹਾਂ, ਆਲ ਇੰਡੀਆ ਕਰਨੀ ਸੈਨਾ ਅਤੇ ਕੁਝ ਭਾਜਪਾ ਨੇਤਾਵਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਜਥੇਬੰਦੀਆਂ ਨੇ 12 ਦਸੰਬਰ ਨੂੰ ਐਲਾਨ ਕੀਤਾ ਕਿ ਉਹ ਇਸ ਸਮਾਗਮ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਕਥਿਤ ਤੌਰ ‘ਤੇ ਹੋਟਲ ਪ੍ਰਬੰਧਨ ‘ਤੇ ਵੀ ਬੁਕਿੰਗ ਰੱਦ ਕਰਨ ਲਈ ਦਬਾਅ ਪਾਇਆ ਗਿਆ।
ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਕਥਿਤ ਦੁਰਵਿਵਹਾਰ ਅਤੇ ਸੰਭਲ ਤੇ ਬਹਿਰਾਈਚ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਦਾ ਹਵਾਲਾ ਦਿੰਦੇ ਹੋਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਸਮਾਗਮ ਸ਼ਹਿਰ ਵਿੱਚ ਸ਼ਾਂਤੀ ਭੰਗ ਕਰ ਸਕਦਾ ਹੈ। ਚੌਹਾਨ ਨੇ ਕਿਹਾ ਕਿ ਇਹ ਵਿਆਹ ‘ਲਵ ਜੇਹਾਦ ਦਾ ਸਪੱਸ਼ਟ ਮਾਮਲਾ’ ਹੈ ਅਤੇ ਉਨ੍ਹਾਂ ਦਾ ਸੰਗਠਨ ਇਸ ਜਸ਼ਨ ਦਾ ਸਖ਼ਤ ਵਿਰੋਧ ਕਰੇਗਾ। ਹੋਟਲ ਪ੍ਰਬੰਧਨ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗਾ। ਇਸ ਦੌਰਾਨ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ 13 ਦਸੰਬਰ ਨੂੰ ਵਿਚਾਰ-ਵਟਾਂਦਰਾ ਕੀਤਾ ਪਰ ਦੋਵਾਂ ਪਰਿਵਾਰਾਂ ਨੇ ‘ਅਣਦੇਖੇ ਹਾਲਾਤ’ ਦਾ ਹਵਾਲਾ ਦਿੰਦਿਆਂ ਆਪਣੇ ਆਪ ਹੀ ਸਮਾਗਮ ਰੱਦ ਕਰਨ ਦਾ ਫੈਸਲਾ ਕਰ ਲਿਆ। -ਪੀਟੀਆਈ
ਅਸ਼ਾਂਤੀ ਫੈਲਣ ਦਾ ਪ੍ਰਗਟਾਇਆ ਸੀ ਖਦਸ਼ਾ
ਕੱਟੜਪੰਥੀ ਜਥੇਬੰਦੀਆਂ ਨੇ ਇਸ ਸਮਾਗਮ ਦਾ ਸਖ਼ਤ ਵਿਰੋਧ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਸ਼ਹਿਰ) ਅਮਿਤ ਕੁਮਾਰ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਅਲੀਗੜ੍ਹ ਦੇ ਸਾਬਕਾ ਮੇਅਰ ਸ਼ਕੁੰਤਲਾ ਭਾਰਤੀ ਅਤੇ ਆਲ ਇੰਡੀਆ ਕਰਨੀ ਸੈਨਾ ਦੇ ਪ੍ਰਧਾਨ ਠਾਕੁਰ ਗਿਆਨੇਂਦਰ ਸਿੰਘ ਚੌਹਾਨ ਵੱਲੋਂ ਦਸਤਖ਼ਤਾਂ ਵਾਲਾ ਇੱਕ ਸਾਂਝਾ ਮੰਗ ਪੱਤਰ ਸੌਂਪਿਆ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਰਿਸੈਪਸ਼ਨ ਨਾਲ ਅਸ਼ਾਂਤੀ ਫੈਲ ਸਕਦੀ ਹੈ।