For the best experience, open
https://m.punjabitribuneonline.com
on your mobile browser.
Advertisement

ਖੇਤਰੀ ਸਹਿਯੋਗ ’ਚ ਅਤਿਵਾਦ ਤੇ ਕੱਟੜਵਾਦ ਮੁੱਖ ਅੜਿੱਕਾ: ਜੈਸ਼ੰਕਰ

06:52 AM Oct 17, 2024 IST
ਖੇਤਰੀ ਸਹਿਯੋਗ ’ਚ ਅਤਿਵਾਦ ਤੇ ਕੱਟੜਵਾਦ ਮੁੱਖ ਅੜਿੱਕਾ  ਜੈਸ਼ੰਕਰ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਇਸਲਾਮਾਬਾਦ ਵਿਚ ਐੱਸਸੀਓ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਐੱਸਸੀਓ ਵਾਰਤਾ ਨੂੰ ਸੰਬੋਧਨ ਦੌਰਾਨ ਪਾਕਿਸਤਾਨ ਤੇ ਚੀਨ ਨੂੰ ਅਸਿੱਧੇ ਹਵਾਲਿਆਂ ਨਾਲ ਘੇਰਿਆ
* ਐੱਸਸੀਓ ਚਾਰਟਰ ਦੀ ਪਾਲਣਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ
* ਕਰਜ਼ੇ ਦੀ ਚੁਣੌਤੀ ਨੂੰ ਵੱਡੀ ਚਿੰਤਾ ਦਾ ਵਿਸ਼ਾ ਦੱਸਿਆ

Advertisement

ਇਸਲਾਮਾਬਾਦ, 16 ਅਕਤੂਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਪਾਕਿਸਤਾਨ ਨੂੰ ਅੱਜ ਦੀ ਉਸ ਦੀ ਧਰਤੀ ਤੋਂ ਦਿੱਤੇ ਲੁਕਵੇਂ ਸੁਨੇਹੇ ਵਿਚ ਸਾਫ਼ ਕਰ ਦਿੱਤਾ ਕਿ ਜੇ ਸਰਹੱਦ ਪਾਰਲੀਆਂ ਸਰਗਰਮੀਆਂ ਅਤਿਵਾਦ, ਕੱਟੜਵਾਦ ਤੇ ਵੱਖਵਾਦ ਦੀਆਂ ‘ਤਿੰਨ ਬੁਰਾਈਆਂ’ ਉੱਤੇ ਅਧਾਰਿਤ ਹੋਣਗੀਆਂ ਤਾਂ ਵਪਾਰ, ਊਰਜਾ ਤੇ ਕੁਨੈਕਟੀਵਿਟੀ ਸਹੂਲਤਾਂ ਜਿਹੇ ਖੇਤਰਾਂ ਵਿਚ ਸਹਿਯੋਗ ਵਧਣ ਦੀ ਸੰਭਾਵਨਾ ਨਹੀਂ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਿਚ ਹੋਈ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਕਾਨਕਲੇਵ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਜ਼ੋਰ ਦਿੱਤਾ ਕਿ ਵਪਾਰ ਤੇ ਕੁਨੈਕਟੀਵਿਟੀ ਜਿਹੀਆਂ ਪਹਿਲਕਦਮੀਆਂ ਵਿਚ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਰੋਸੇ ਦੀ ਘਾਟ ਬਾਰੇ ‘ਇਮਾਨਦਾਰ ਗੱਲਬਾਤ’ ਹੋਣਾ ਜ਼ਰੂਰੀ ਹੈ। ਜੈਸ਼ੰਕਰ ਨੇ ਐੱਸਸੀਓ ਮੈਂਬਰ ਮੁਲਕਾਂ ਦੇ ਮੁਖੀਆਂ ਦੀ 23ਵੀਂ ਬੈਠਕ ਵਿਚ ਸ਼ਰੀਫ਼ ਦੇ ਉਦਘਾਟਨੀ ਸੰਬੋਧਨ ਤੋਂ ਫੌਰੀ ਮਗਰੋਂ ਆਪਣੀ ਗੱਲ ਰੱਖੀ। ਐੱਸਸੀਓ ਸਿਖਰ ਵਾਰਤਾ ਵਿਚ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਸਣੇ ਹੋਰ ਆਗੂ ਵੀ ਮੌਜੂਦ ਸੀ। ਜੈਸ਼ੰਕਰ ਨੇ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਪੂਰਬੀ ਲੱਦਾਖ ਵਿਚ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਜਮੂਦ ਬਰਕਰਾਰ ਹੈ ਤੇ ਚੀਨੀ ਫੌਜ ਨੇ ਹਿੰਦ ਮਹਾਸਾਗਰ ਤੇ ਹੋਰਨਾਂ ਰਣਨੀਤਕ ਪਾਣੀਆਂ ਵਿਚ ਆਪਣੀਆਂ ਬਾਹਾਂ ਖੋਲ੍ਹਦਿਆਂ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਜੈਸ਼ੰਕਰ ਐਸਸੀਓ ਸਿਖਰ ਵਾਰਤਾ ਲਈ ਮੰਗਲਵਾਰ ਨੂੰ ਇਸਲਾਮਾਬਾਦ ਪਹੁੰਚੇ ਸਨ। ਉਹ ਪਿਛਲੇ ਕਰੀਬ ਇੱਕ ਦਹਾਕੇ ਵਿਚ ਪਾਕਿਸਤਾਨ ਦੇ ਦੌਰੇ ’ਤੇ ਆਉਣ ਵਾਲੇ ਪਹਿਲੇ ਭਾਰਤੀ ਵਿਦੇਸ਼ ਮੰਤਰੀ ਹਨ। ਉਨ੍ਹਾਂ ਸਿਖ਼ਰ ਵਾਰਤਾ ਵਿਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ਼ ਨੇ ਜਿਨਾਹ ਕਨਵੈਨਸ਼ਨ ਸੈਂਟਰ ਵਿਚ ਜੈਸ਼ੰਕਰ ਤੇ ਹੋਰਨਾਂ ਐੱਸਸੀਓ ਮੈਂਬਰ ਮੁਲਕਾਂ ਦੇ ਮੁਖੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜੈਸ਼ੰਕਰ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਜੇ ਸਰਹੱਦ ਪਾਰਲੀਆਂ ਸਰਗਰਮੀਆਂ ਅਤਿਵਾਦ, ਕੱਟੜਵਾਦ ਤੇ ਵੱਖਵਾਦ ’ਤੇ ਅਧਾਰਿਤ ਹਨ, ਤਾਂ ਇਸ ਨਾਲ ਵਪਾਰ, ਊਰਜਾ, ਕੁਨੈਕਟੀਵਿਟੀ ਤੇ ਲੋਕਾਂ ਦੇ ਇਕ ਦੂਜੇ ਨਾਲ ਲੈਣ ਦੇਣ ਨੂੰ ਹੱਲਾਸ਼ੇਰੀ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਐੱਸਸੀਓ ਮੈਂਬਰ ਮੁਲਕਾਂ ਨੂੰ ਇਸ ਦਾ ਲਾਭ ਉਦੋਂ ਹੀ ਹੋ ਸਕਦਾ ਹੈ ਜੇ ਸਮੂਹ ਪਰਸਪਰ ਵਿਸ਼ਵਾਸ ਨਾਲ ਮਿਲਜੁਲ ਕੇ ਅੱਗੇ ਵਧੇ। ਉਨ੍ਹਾਂ ਐੱਸਸੀਓ ਚਾਰਟਰ ਦੀ ਪਾਲਣਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਇਹ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਨੂੰ ਮਾਨਤਾ ਦੇਵੇ। ਇਸ ਦਾ ਨਿਰਮਾਣ ਇਕਪਾਸੜ ਏਜੰਡਿਆਂ ਉੱਤੇ ਨਹੀਂ ਬਲਕਿ ਮੌਲਿਕ ਭਾਈਵਾਲੀ ਉੱਤੇ ਹੋਵੇ।’’ ਜੈਸ਼ੰਕਰ ਨੇ ਵਪਾਰ ਤੇ ਕੁਨੈਕਟੀਵਿਟੀ ਜਿਹੇ ਕਈ ਅਹਿਮ ਮੁੱਦਿਆਂ ਬਾਰੇ ਚੀਨ ਦੇ ਹਠਧਰਮੀ ਵਾਲੇ ਵਤੀਰੇ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਸਾਡੀਆਂ ਕੋਸ਼ਿਸ਼ਾਂ ਉਦੋਂ ਹੀ ਸਫ਼ਲ ਹੋਣਗੀਆਂ ਜਦੋਂ ਚਾਰਟਰ ਬਾਰੇ ਸਾਡੀ ਵਚਨਬੱਧਤਾ ਮਜ਼ਬੂਤ ਹੋਵੇਗੀ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐੱਸਸੀਓ ਸਿਖਰ ਵਾਰਤਾ ਦੌਰਾਨ ਪੇਈਚਿੰਗ ਦੇ ‘ਇਕ ਪੱਟੀ ਇਕ ਰੋਡ’ ਪਹਿਲਕਦਮੀ ਦੀ ਜਮ ਕੇ ਵਕਾਲਤ ਕੀਤੀ। ਉਨ੍ਹਾਂ ਭਾਰਤ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਅਜਿਹੇ ਕੁਨੈਕਟੀਵਿਟੀ ਪ੍ਰਾਜੈਕਟਾਂ ਨੂੰ ‘ਸੌੜੇ ਸਿਆਸੀ ਆਈਨੇ’ ਵਿਚੋਂ ਨਹੀਂ ਦੇਖਿਆ ਜਾਣਾ ਚਾਹੀਦਾ। ਦੂਜੇ ਪਾਸੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਮਿਖਾਇਲ ਮਿਸ਼ੂਸਤਿਨ ਨੇ ਆਪੋ ਆਪਣੇ ਸੰਬੋਧਨ ਵਿਚ ਬਿਹਤਰ ਕੁਨੈਕਟੀਵਿਟੀ ਲਈ ਬੁਨਿਆਦੀ ਢਾਂਚੇ ਵਿਚ ਸੁਧਾਰ ਤੇ ਅਤਿਵਾਦ ਦੇ ਟਾਕਰੇ ਲਈ ਐੱਸਸੀਓ ਫੋਰਮ ਵਿਚ ਮਜ਼ਬੂਤ ਭਾਈਵਾਲੀ ਦੀ ਨਸੀਹਤ ਦਿੱਤੀ। ਦੋਵਾਂ ਆਗੂਆਂ ਨੇ ਸਮੂਹ ਦੇ ਮੈਂਬਰ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਤਕਨਾਲੋਜੀ, ਡਿਜੀਟਲ ਵਪਾਰ ਜਿਹੇ ਖੇਤਰਾਂ ਵਿਚ ਸਹਿਯੋਗ ਲਈ ਨਵੇਂ ਵਸੀਲਿਆਂ ਦੀ ਤਲਾਸ਼ ਕਰਨ।

Advertisement

Advertisement
Tags :
Author Image

joginder kumar

View all posts

Advertisement