For the best experience, open
https://m.punjabitribuneonline.com
on your mobile browser.
Advertisement

ਉੱਤਰੀ ਭਾਰਤ ’ਚ ਅਗਲੇ ਪੰਜ ਦਿਨ ਪਏਗੀ ਅਤਿ ਦੀ ਗਰਮੀ

07:25 AM May 19, 2024 IST
ਉੱਤਰੀ ਭਾਰਤ ’ਚ ਅਗਲੇ ਪੰਜ ਦਿਨ ਪਏਗੀ ਅਤਿ ਦੀ ਗਰਮੀ
ਅੰਿਮ੍ਰਤਸਰ ’ਚ ਸ਼ਨਿੱਚਰਵਾਰ ਨੂੰ ਗਰਮੀ ਤੋਂ ਬਚਣ ਲਈ ਕੱਪੜੇ ਨਾਲ ਮੂੰਹ ਢੱਕ ਕੇ ਜਾਂਦੇ ਹੋਏ ਮੋਟਰਸਾਈਕਲ ਸਵਾਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 18 ਮਈ
ਉੱਤਰ-ਪੱਛਮੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈ ਰਹੀ ਅਤਿ ਦੀ ਗਰਮੀ ਅਗਲੇ ਪੰਜ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦਾ ਸਭ ਤੋਂ ਵੱਧ ਅਸਰ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਪੈ ਸਕਦਾ ਹੈ। ਅੱਜ ਦੱਖਣ-ਪੱਛਮੀ ਦਿੱਲੀ ਦੇ ਨਜਫਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਦੇਸ਼ ਵਿੱਚ ਇਸ ਸੀਜ਼ਨ ’ਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਅੱਜ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਭਿਆਨਕ ਗਰਮੀ ਅਤੇ ਅਗਲੇ ਤਿੰਨ ਦਿਨਾਂ ਦੌਰਾਨ ਪੂਰਬੀ ਅਤੇ ਕੇਂਦਰੀ ਖੇਤਰਾਂ ਵਿੱਚ ਲੂ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਦਿੱਲੀ, ਹਰਿਆਣਾ, ਪੰਜਾਬ ਅਤੇ ਪੱਛਮੀ ਰਾਜਸਥਾਨ ਲਈ ‘ਰੈੱਡ ਅਲਰਟ’ ਵੀ ਜਾਰੀ ਕੀਤਾ ਹੈ। ਇਸੇ ਤਰ੍ਹਾਂ ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਭਾਰਤ ਵਿੱਚ ਆਮ ਚੋਣਾਂ ਦੇ ਮੱਦੇਨਜ਼ਰ ਮਾਹਿਰਾਂ ਨੇ ਲੰਮੇ ਸਮੇਂ ਤੱਕ ਧੁੱਪ ਵਿੱਚ ਰਹਿਣ ਜਾਂ ਭਾਰਾ ਕੰਮ ਕਰਨ ਵਾਲੇ ਲੋਕਾਂ ਨੂੰ ਗਰਮੀ ਨਾਲ ਸਬੰਧਤ ਬਿਮਾਰੀਆਂ ਦੀ ਸੰਭਾਵਨਾ ਵਧਣ ਦੀ ਚਿਤਾਵਨੀ ਦਿੱਤੀ ਹੈ। ਅਮਰੀਕਾ ਸਥਿਤ ਜਲਵਾਯੂ ਵਿਗਿਆਨਕਾਂ ਦੇ ਗਰੁੱਪ ‘ਕਲਾਈਮੇਟ ਸੈਂਟਰਲ’ ਨੇ ਕਿਹਾ ਕਿ ਭਾਰਤ ਵਿੱਚ 54.3 ਕਰੋੜ ਲੋਕਾਂ ਨੂੰ 18 ਤੋਂ 21 ਮਈ ਦੌਰਾਨ ਘੱਟੋ-ਘੱਟ ਇੱਕ ਦਿਨ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ‘ਕਲਾਈਮੇਟ ਸੈਂਟਰਲ’ ਦੇ ਵਿਗਿਆਨ ਵਿਭਾਗ ਦੇ ਉਪ ਪ੍ਰਧਾਨ ਐਂਡਰਿਊ ਪਰਸ਼ਿੰਗ ਨੇ ਕਿਹਾ, “ਮਨੁੱਖਾਂ ਕਾਰਨ ਹੋਏ ਜਲਵਾਯੂ ਪਰਿਵਰਤਨ ਨੇ ਇਸ ਗਰਮੀ ਨੂੰ ਹੋਰ ਵਧਾ ਦਿੱਤਾ ਹੈ। ਰਾਤ ਦੇ ਸਮੇਂ ਦਾ ਉੱਚ ਤਾਪਮਾਨ ਜਲਵਾਯੂ ਪਰਿਵਰਤਨ ਨੂੰ ਵਿਸ਼ੇਸ਼ ਤੌਰ ’ਤੇ ਖ਼ਤਰਨਾਕ ਬਣਾ ਦਿੰਦਾ ਹੈ।’’ -ਪੀਟੀਆਈ

Advertisement

ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ

ਚੰਡੀਗੜ੍ਹ (ਟਨਸ): ਪਿਛਲੇ ਇੱਕ ਹਫਤੇ ਤੋਂ ਪੈ ਰਹੀ ਅਤਿ ਦੀ ਗਰਮੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 20 ਮਈ ਤੋਂ 31 ਮਈ ਤੱਕ ਸਵੇਰੇ 7 ਵਜੇ ਲੱਗਣਗੇ ਅਤੇ ਛੁੱਟੀ ਦੁਪਹਿਰ 12 ਵਜੇ ਹੋਵੇਗੀ। ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਬੀਤੇ ਦਿਨੀਂ 1 ਜੂਨ ਤੋਂ ਸੂਬੇ ਦੇ ਸਾਰੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਸਨ।

ਪੰਜਾਬ ਵਿੱਚ ਅਜੇ ਗਰਮੀ ਤੋਂ ਨਹੀਂ ਮਿਲੇਗੀ ਰਾਹਤ

ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਅਤਿ ਦੀ ਗਰਮੀ ਤੋਂ ਅਗਲੇ ਚਾਰ ਦਿਨ ਵੀ ਲੋਕਾਂ ਨੂੰ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ’ਚ ਤਾਪਮਾਨ 46 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਹੈ। ਲੁਧਿਆਣਾ ’ਚ ਅੱਜ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 19, 20, 21 ਅਤੇ 22 ਮਈ ਤੱਕ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਅਤਿ ਦੀ ਗਰਮੀ ਦੌਰਾਨ ਲੋਕਾਂ ਨੂੰ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ ਅਤੇ ਧੁੱਪ ਤੋਂ ਬਚਾਅ ਰੱਖਣ ਦਾ ਸੁਝਾਅ ਦਿੱਤਾ ਹੈ। ਗਰਮੀ ਵਧਣ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਵੱਧਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਤੋਂ ਟੱਪ ਗਈ ਸੀ। ਅਤਿ ਦੀ ਗਰਮੀ ਕਾਰਨ ਸਬਜ਼ੀ ਕਾਸ਼ਤਕਾਰਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਬਜ਼ੀਆਂ ਸੁੱਕਣ ਲੱਗ ਪਈਆਂ ਹਨ। ਚੰਡੀਗੜ੍ਹ ’ਚ ਅੱਜ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ ਸੈਲਸੀਅਸ ਰਿਹਾ।

Advertisement
Author Image

sukhwinder singh

View all posts

Advertisement
Advertisement
×