ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਤਿ ਦੀ ਗਰਮੀ ਨੇ ਤਪਾਏ ਲੁਧਿਆਣਵੀ

07:29 AM Jun 17, 2024 IST
ਲੁਧਿਆਣਾ ਵਿੱਚ ਐਤਵਾਰ ਨੂੰ ਗਰਮੀ ਤੋਂ ਬਚਣ ਲਈ ਮੂੰਹ ਢਕ ਕੇ ਆਪਣੀ ਮੰਜ਼ਿਲ ਵੱਲ ਜਾਂਦੀਆਂ ਹੋਈਆਂ ਮੁਟਿਆਰਾਂ। -ਫੋਟੋ: ਧੀਮਾਨ

ਸਤਵਿੰਦਰ ਬਸਰਾ
ਲੁਧਿਆਣਾ, 16 ਜੂਨ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਜੂਨ ਮਹੀਨਾ ਗਰਮ ਰਹਿਣ ਕਰਕੇ ਲੁਧਿਆਣਵੀ ਹਾਲੋਂ ਬੇਹਾਲ ਹਨ। ਐਤਵਾਰ ਵੀ ਲੁਧਿਆਣਾ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ। ਗਰਮੀ ਦੇ ਕਹਿਰ ਤੋਂ ਬਚਣ ਲਈ ਲੋਕ ਦੁਪਹਿਰ ਸਮੇਂ ਆਪੋ ਆਪਣੇ ਘਰਾਂ ਵਿੱਚ ਹੀ ਬੈਠੇ ਰਹੇ। ਸ਼ਹਿਰ ਅਤੇ ਆਸ-ਪਾਸ ਦੀਆਂ ਮੁੱਖ ਸੜਕਾਂ ’ਤੇ ਆਵਾਜਾਈ ਵੀ ਨਾ-ਮਾਤਰ ਹੀ ਦਿਖਾਈ ਦਿੱਤੀ। ਇਸ ਦੌਰਾਨ ਅੱਜ ਪੰਜਾਬ ਦਾ ਸਮਰਾਲਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਘੱਟ ਤੋਂ ਘੱਟ ਤਾਪਮਾਨ 30.7 ਡਿਗਰੀ ਸੈਲਸੀਅਸ ਰਿਹਾ। ਅਤਿ ਦੀ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਹੋ ਗਿਆ ਹੈ।
ਲੁਧਿਆਣਾ ਵਿੱਚ ਮਈ ਮਹੀਨੇ ਤੋਂ ਬਾਅਦ ਹੁਣ ਜੂਨ ਮਹੀਨੇ ਵੀ ਗਰਮੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਪਿਛਲੇ ਮਹੀਨੇ ਕਈ ਥਾਵਾਂ ’ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਜੂਨ ਮਹੀਨੇ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਦੇ ਵਿਚਕਾਰ ਹੀ ਰਹਿ ਰਿਹਾ ਹੈ। ਐਤਵਾਰ ਸਵੇਰ ਤੋਂ ਹੀ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਸੀ। ਸਵੇਰੇ ਕਰੀਬ 9 ਵਜੇ ਤੱਕ ਤਾਪਮਾਨ 40-41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜੋ ਦੁਪਹਿਰ ਹੁੰਦਿਆਂ ਹੀ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਜੇਕਰ ਪਿਛਲੇ ਸਾਲ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਸੀ ਜੋ ਇਸ ਵਾਰ ਕ੍ਰਮਵਾਰ 45 ਅਤੇ 32 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਗਰਮੀ ਦੇ ਇਸ ਕਹਿਰ ਨੇ ਲੁਧਿਆਣਵੀਆਂ ਦੇ ਨੱਕ ਵਿੱਚ ਦਮ ਲਿਆ ਦਿੱਤਾ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਰਾ ਲਗਾਤਾਰ ਵਧਣ ਹੋਣ ਕਰਕੇ ਲੋਕਾਂ ਨੇ ਛੁੱਟੀ ਵਾਲੇ ਦਿਨ ਵੀ ਘਰਾਂ ਵਿੱਚ ਰਹਿਣ ਨੂੰ ਤਰਜੀਹ ਦਿੱਤੀ ਹੈ। ਇਸ ਕਰਕੇ ਦੁਪਹਿਰ ਸਮੇਂ ਬਹੁਤੇ ਬਾਜ਼ਾਰਾਂ ਵਿੱਚ ਸੁੰਨਸਾਨ ਛਾਈ ਰਹੀ। ਸ਼ਹਿਰ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਬੱਚੇ ਗਰਮੀ ਤੋਂ ਛੁਟਕਾਰੇ ਲਈ ਬੰਬੀਆਂ ’ਤੇ ਨਹਾਉਂਦੇ ਵੀ ਦੇਖੇ ਗਏ। ਸੜਕਾਂ ’ਤੇ ਜਿਹੜੇ ਟਾਵੇਂ ਰਾਹਗੀਰ ਜਾ ਰਹੇ ਸਨ, ਉਨ੍ਹਾਂ ਨੇ ਵੀ ਆਪਣੇ ਸਿਰ ਅਤੇ ਮੂੰਹ ਕੱਪੜਿਆਂ ਆਦਿ ਨਾਲ ਢਕੇ ਹੋਏ ਸਨ। ਕਈ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਰਾਹਗੀਰਾਂ ਲਈ ਠੰਢੇ ਪਾਣੀ ਦੀਆਂ ਛਬੀਲਾਂ ਵੀ ਲਾਈਆਂ ਗਈਆਂ।

Advertisement

ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹੋਏ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧ ਰਹੀ ਗਰਮੀ ਕਰਕੇ ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਨ੍ਹਾਂ ਵਿੱਚੋਂ ਬਸੰਤ ਐਵੇਨਿਊ, ਗੁਰੂ ਅੰਗਦ ਦੇਵ ਨਗਰ, ਆਦਰਸ਼ ਨਗਰ, ਕਰਨੈਲ ਸਿੰਘ ਨਗਰ, ਬਸੰਤ ਵਾਟਿਕਾ, ਦੁਗਰੀ, ਫੁੱਲਾਂਵਾਲ, ਕਲੋਨੀ ਦੇਵ ਨਗਰ, ਹਿੰਮਤ ਸਿੰਘ ਨਗਰ, ਗੁਰੂ ਨਾਨਕ ਨਗਰ, ਢੰਡਾਰੀ, ਧਾਂਦਰਾ ਰੋਡ ਆਦਿ ਅਜਿਹੀਆਂ ਕਲੋਨੀਆਂ ਹਨ ਜਿਨ੍ਹਾਂ ਵਿੱਚ ਬਿਜਲੀ ਸਪਲਾਈ ਪਿਛਲੇ ਕਈ ਦਿਨਾਂ ਤੋਂ ਵਾਰ ਵਾਰ ਖਰਾਬ ਹੋ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਕਲੋਨੀਆਂ ਵਿੱਚ ਜੇਕਰ ਦੋ ਘੰਟੇ ਬਿਜਲੀ ਆਉਂਦੀ ਹੈ ਤਾਂ ਅਗਲੇ ਤਿੰਨ ਘੰਟੇ ਤੱਕ ਬੰਦ ਰਹਿੰਦੀ ਹੈ। ਇਹੋ ਹਾਲ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ। ਕਈ ਕਲੋਨੀਆਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਨਾ ਹੋਣ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਲੋਕ ਪੀਣ ਵਾਲੇ ਪਾਣੀ ਦੀ ਕਿੱਲਤ ਕਰਕੇ ਸੜਕਾਂ ’ਤੇ ਮੁਜ਼ਾਹਰਾ ਤੱਕ ਕਰ ਚੁੱਕੇ ਹਨ।

Advertisement
Advertisement
Advertisement