ਪੰਜਾਬੀ ’ਵਰਸਿਟੀ ਵੱਲੋਂ ਦਾਖ਼ਲਾ ਲੈਣ ਦੀ ਮਿਤੀ ਵਿੱਚ ਵਾਧਾ
ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 30 ਜੂਨ
ਪੰਜਾਬੀ ਯੂਨੀਵਰਸਿਟੀ ਵਿੱਚ ਪੋਸਟ ਗਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਹੁਣ ਇੱਕ ਹੋਰ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਦੀ ਅੰਤਿਮ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਤੱਕ ਕਈ ਵਿਦਿਆਰਥੀ ਆਪਣੇ ਇਮਤਿਹਾਨਾਂ ਵਿੱਚ ਰੁਝੇ ਹੋਏ ਸਨ। ਹੁਣ ਬੀਏ, ਬੀਐੱਸਸੀ ਅਤੇ ਬੀਕੌਮ ਦੇ ਪੰਜ ਸਮੈਸਟਰ ਪਾਸ ਕਰ ਚੁੱਕੇ ਵਿਦਿਆਰਥੀ ਦਾਖਲੇ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੇ ਆਖਰੀ ਸਮੈਸਟਰ ਦਾ ਨਤੀਜਾ ਆਉਣ ਤੱਕ ਇਹ ਦਾਖਲਾ ਆਰਜ਼ੀ ਮੰਨਿਆ ਜਾਵੇਗਾ ਅਤੇ ਨਤੀਜਾ ਆਉਣ ਉਪਰੰਤ ਨਤੀਜੇ ਮੁਤਾਬਕ ਪੱਕਾ ਕਰ ਦਿੱਤਾ ਜਾਵੇਗਾ। ਦਾਖਲਾ ਪੰਜ ਸਮੈਸਟਰਾਂ ਦੀ ਮੈਰਿਟ ਦੇ ਆਧਾਰ ਉੱਤੇ ਕੀਤਾ ਜਾਵੇਗਾ।
ਕੇਂਦਰੀ ਦਾਖਲਾ ਸੈੱਲ ਦੇ ਕੋਆਰਡੀਨੇਟਰ ਡਾ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਹੁਣ ਚਾਹਵਾਨ ਵਿਦਿਆਰਥੀ 11 ਜੁਲਾਈ 2023 ਤੱਕ ਬਿਨਾ ਲੇਟ ਫ਼ੀਸ ਤੋਂ ਦਾਖ਼ਲੇ ਲਈ ਅਰਜ਼ੀ ਦੇ ਸਕਦੇ ਹਨ। ਇਸ ਉਪਰੰਤ 13 ਅਤੇ 14 ਜੁਲਾਈ ਨੂੰ ਇਨ੍ਹਾਂ ਅਰਜ਼ੀਆਂ ਦੇ ਅਧਾਰ ਉੱਤੇ ਇੰਟਰਵਿਊ ਰੱਖੀ ਜਾਵੇਗੀ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਐੱਲਐੱਲਐੱਮ ਦੀ ਦਾਖ਼ਲਾ ਵਿਧੀ ਵਿੱਚ ਤਬਦੀਲੀ ਕੀਤੀ ਗਈ ਹੈ। ਐੱਲਐੱਲਐੱਮ ਦਾ ਦਾਖ਼ਲਾ, ਜੋ ਪਹਿਲਾਂ ਮੈਰਿਟ ਅਾਧਾਰ ਉੱਤੇ ਹੋਣਾ ਸੀ, ਇਹ ਹੁਣ ਪ੍ਰਵੇਸ਼ ਪ੍ਰੀਖਿਆ (ਐਂਟਰਸ ਟੈਸਟ) ਦੇ ਅਾਧਾਰ ਉੱਤੇ ਹੋਵੇਗਾ ਹੈ। ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸ਼ਡਿਊਲ ਜਲਦ ਹੀ ਵੈਬਸਾਈਟ ਉੱਤੇ ਸਾਂਝਾ ਕਰ ਦਿੱਤਾ ਜਾਵੇਗਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਅਜਿਹੇ ਵਿਦਿਆਰਥੀ ਜੋ ਕਿਸੇ ਕਾਰਨ ਪਹਿਲਾਂ ਦਾਖਲਾ ਅਰਜ਼ੀ ਦੇਣ ਤੋਂ ਵਾਂਝੇ ਰਿਹ ਗਏ ਹਨ, ਉਹ ਹੁਣ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ।