ਗੁੱਜਰਾਂਵਾਲਾ ਇੰਸਟੀਚਿਊਟ ਵਿੱਚ ਐਕਸਟੈਨਸ਼ਨ ਲੈਕਚਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਕਤੂਬਰ
ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਵੱਲੋਂ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ। ਇਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਗਗਨਜੋਤ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਮਾਜਿਕ ਤਬਦੀਲੀ ਦੀ ਸ਼ੁਰੂਆਤ ਲਈ ਸੰਕਲਪ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਰਵਿੰਦ ਆਈ ਹਸਪਤਾਲ ਅਤੇ ਗੂੰਜ ਗਰੁੱਪ ਵਰਗੇ ਮਲਟੀਪਲ ਕੇਸ ਸਟੱਡੀ ਰਾਹੀਂ ਸਮਾਜਿਕ ਉੱਦਮ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ, ਜਿਸ ਰਾਹੀਂ ਉਨ੍ਹਾਂ ਇਹ ਦੱਸਿਆ ਕਿ ਸਰਪਲੱਸ ਜਾਂ ਮੁਨਾਫਾ ਕਮਾਉਣਾ ਸਮਾਜ ਦੇ ਹਿੱਤਾਂ ਦੇ ਵਿਰੁੱਧ ਨਹੀਂ ਜਾਂਦਾ, ਪਰ ਅਸਲ ਵਿੱਚ ਵਿਆਪਕ ਆਧਾਰ ਲਈ ਜ਼ਰੂਰੀ ਪੂੰਜੀ ਪੈਦਾ ਕਰਦਾ ਹੈ। ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਆਖੀ। ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਲਈ ਲੈਕਚਰ ਲਾਹੇਵੰਦ ਹੋਵੇਗਾ। ਇਸ ਮੌਕੇ ਬਿਜ਼ਨਸ ਮੈਨੇਜਮੈਂਟ ਵਿਭਾਗ ਤੋਂ ਡਾ. ਪਰਵਿੰਦਰ ਸਿੰਘ, ਡਾ. ਰਿਪੁਦਮਨ ਕੌਰ, ਪ੍ਰੋ. ਰਮਨਦੀਪ ਕੌਰ, ਡਾ. ਦਾਮਿਨੀ ਛਾਬੜਾ ਅਤੇ ਪ੍ਰੋ. ਗੁਰਲੀਨ ਵੀ ਹਾਜ਼ਰ ਸਨ।