For the best experience, open
https://m.punjabitribuneonline.com
on your mobile browser.
Advertisement

ਐਕਸਪ੍ਰੈੱਸਵੇਅ: ਕਿਸਾਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਘੇਰਿਆ

10:34 AM Sep 03, 2024 IST
ਐਕਸਪ੍ਰੈੱਸਵੇਅ  ਕਿਸਾਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਘੇਰਿਆ
ਤਰਨ ਤਾਰਨ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 2 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਤਰਨ ਤਾਰਨ ਇਕਾਈ ਨੇ ਇਲਾਕੇ ਦੇ ਪਿੰਡਾਂ ’ਚੋਂ ਲੰਘ ਰਹੇ ਦਿੱਲੀ-ਕਟੜਾ ਐਕਸਪ੍ਰੈੱਸਵੇਅ ਲਈ ਪਿੰਡ ਰੱਖ ਸ਼ੇਖਫੱਤਾ ਦੀ ਜ਼ਮੀਨ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਕਬਜ਼ਾ ਕਰਨ ਖਿਲਾਫ਼ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ|
ਧਰਨੇ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ, ਫਤਿਹ ਸਿੰਘ ਪਿੱਦੀ, ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਕੀਤੀ| ਧਰਨਾਕਾਰੀਆਂ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਰੇਸ਼ਮ ਸਿੰਘ ਘੁਰਕਵਿੰਡ, ਹਰਬਿੰਦਰਜੀਤ ਸਿੰਘ ਕੰਗ, ਦਵਿੰਦਰ ਕੌਰ ਪਿੱਦੀ, ਮਨਜੀਤ ਕੌਰ ਮੋਹਨਪੁਰ ਅਤੇ ਕੁਲਵਿੰਦਰ ਕੌਰ ਵਲੀਪੁਰ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 28 ਅਗਸਤ ਨੂੰ ਰੱਖ ਸ਼ੇਖਫੱਤਾ ਦੇ ਕਿਸਾਨਾਂ ਦੀ ਜ਼ਮੀਨ ’ਤੇ ਬਿਨਾਂ ਮੁਆਵਜ਼ਾ ਦੇਣ ਤੋਂ ਵੱਡੀ ਗਿਣਤੀ ਪੁਲੀਸ ਫੋਰਸ ਲੈ ਕੇ ਕਬਜ਼ਾ ਕਰਨ ਲਈ ਕਿਸਾਨਾਂ ’ਤੇ ਢਾਹੇ ਤਸ਼ੱਦਦ ਦੀ ਨਿਖੇਧੀ ਕੀਤੀ|
ਇਸ ਦੌਰਾਨ ਬੁਲਾਰਿਆਂ ਨੇ 2013 ਐਕਟ ਅਨੁਸਾਰ ਕਿਸਾਨਾਂ ਨੂੰ ਉਸ ਦੀ ਜ਼ਮੀਨ ਐਕੁਆਇਰ ਕਰਨ ਲਈ ਬਾਜ਼ਾਰੀ ਰੇਟ ਨਾਲੋਂ ਚਾਰ ਗੁਣਾ ਵੱਧ ਭਾਅ ਅਤੇ 30 ਫੀਸਦ ਉਜਾੜਾ ਭੱਤਾ ਦੇਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੇ ਕਿਸਾਨ ਗੁਰਸੇਵਕ ਸਿੰਘ ਦੀ ਤਿੰਨ ਏਕੜ ਜ਼ਮੀਨ ਭਾਵੇਂ ਹਾਈਵੇਅ ਵਿੱਚ ਨਹੀਂ ਵੀ ਆਉਂਦੀ ਪਰ ਪ੍ਰਸ਼ਾਸਨ ਨੇ ਧੱਕੇਸ਼ਾਹੀ ਤਹਿਤ ਪੋਕਲੈਨ ਅਤੇ ਜੇਸੀਬੀ ਨਾਲ ਉਸ ਦੀ ਝੋਨੇ ਦੀ ਫਸਲ ਬਰਬਾਦ ਕਰ ਦਿੱਤੀ। ਆਗੂਆਂ ਨੇ ਅਜਿਹਾ ਕਰਨ ਲਈ ਹੁਕਮ ਦੇਣ ਵਾਲੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਕਿਸਾਨ ਦੀ ਫਸਲ ਉਜਾੜਨ ਬਦਲੇ ਮੁਆਵਜ਼ੇ ਦੀ ਮੰਗ ਕੀਤੀ। ਬੁਲਾਰਿਆਂ ਨੇ ਇਲਾਕੇ ਦੇ ਪਿੰਡ ਚੁਤਾਲਾ ਨੂੰ ਜਾਂਦੀ ਕੌਮੀ ਸ਼ਾਹ ਮਾਰਗ ਵਾਲੀ ਸੜਕ ਬਿਨਾਂ ਦੇਰੀ ਦੇ ਮੁਕੰਮਲ ਕਰਨ ਦਾ ਮੁੱਦਾ ਵੀ ਚੁੱਕਿਆ| ਕਿਸਾਨਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾਲ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

Advertisement
Advertisement
Author Image

Advertisement