For the best experience, open
https://m.punjabitribuneonline.com
on your mobile browser.
Advertisement

ਐਗਜਿ਼ਟ ਪੋਲ ਦੇ ਸਮੀਕਰਨ

08:26 AM Jun 03, 2024 IST
ਐਗਜਿ਼ਟ ਪੋਲ ਦੇ ਸਮੀਕਰਨ
Advertisement

ਪੰਜਾਬ, ਹਿਮਾਚਲ ਪ੍ਰਦੇਸ਼ ਤੇ ਹੋਰਨਾਂ ਰਾਜਾਂ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਪਹਿਲੀ ਜੂਨ ਨੂੰ ਵੋਟਾਂ ਪੈਣ ਦੇ ਨਾਲ ਹੀ ਲੋਕ ਸਭਾ ਦੀ ਸੱਤ ਪੜਾਵਾਂ ਦੀ ਚੁਣਾਵੀ ਪ੍ਰਕਿਰਿਆ ਮੁਕੰਮਲ ਹੋ ਗਈ। ਕਈ ਐਗਜਿ਼ਟ ਪੋਲਾਂ (ਚੋਣਾਂ ਤੋਂ ਬਾਅਦ ਦੇ ਸਰਵੇਖਣਾਂ) ਨੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਵੱਲੋਂ ਸੌਖਿਆਂ ਹੀ ਬਹੁਮਤ ਹਾਸਿਲ ਕਰ ਲਏ ਜਾਣ ਦੀ ਭਵਿੱਖਬਾਣੀ ਕੀਤੀ ਹੈ। ਵੋਟਾਂ ਪੈਣ ਦੀ ਪ੍ਰਤੀਸ਼ਤ ਆਮ ਨਾਲੋਂ ਘੱਟ ਰਹਿਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਜਤਾਇਆ ਹੈ ਕਿ ਲੋਕਾਂ ਨੇ ਐੱਨਡੀਏ ਸਰਕਾਰ ਨੂੰ ਦੁਬਾਰਾ ਚੁਣਨ ਅਤੇ ‘ਮੌਕਾਪ੍ਰਸਤ’ ਇੰਡੀਆ ਬਲਾਕ ਦੀਆਂ ‘ਪਿਛਾਂਹ ਖਿੱਚੂ’ ਨੀਤੀਆਂ ਨੂੰ ਨਕਾਰਨ ਲਈ ਵੋਟ ਪਾਈ ਹੈ। ਪ੍ਰਧਾਨ ਮੰਤਰੀ ਨੇ ਐਤਵਾਰ ਕਈ ਮੀਟਿੰਗਾਂ ਕੀਤੀਆਂ ਹਨ ਜਿਨ੍ਹਾਂ ਵਿੱਚ ਅਗਲੀ ਸਰਕਾਰ ਦੇ ਪਹਿਲੇ 100 ਦਿਨਾਂ ਦੇ ਏਜੰਡੇ ਦੀ ਸਮੀਖਿਆ ਵਾਲੀ ਮੀਟਿੰਗ ਵੀ ਸ਼ਾਮਿਲ ਹੈ ਤੇ ਇਸ ਤਰ੍ਹਾਂ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦਾ ਮੁੜ ਚੁਣਿਆ ਜਾਣਾ ਲਗਭਗ ਪੱਕਾ ਹੈ।
ਵਿਰੋਧੀ ਧਿਰਾਂ ਨੇ ਇਨ੍ਹਾਂ ਚੋਣ ਸਰਵੇਖਣਾਂ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਹੈ ਕਿ 4 ਜੂਨ ਨੂੰ ਨਤੀਜੇ ਬਿਲਕੁਲ ਵੱਖਰੇ ਹੋਣਗੇ। ਕਾਂਗਰਸ ਦਾ ਕਹਿਣਾ ਹੈ ਕਿ ਐਗਜਿ਼ਿਟ ਪੋਲ ਚੋਣਾਂ ਵਿੱਚ ਹੇਰ-ਫੇਰ ਨੂੰ ਵਾਜਿਬ ਠਹਿਰਾਉਣ ਦੀ ‘ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ’ ਅਤੇ ਪ੍ਰਧਾਨ ਮੰਤਰੀ ‘ਮਨੋਵਿਗਿਆਨਕ ਖੇਡ’ ਰਾਹੀਂ ‘ਇੰਡੀਆ’ ਗੱਠਜੋੜ ਦੇ ਵਰਕਰਾਂ ਦਾ ਹੌਸਲਾ ਪਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਨੇ ਇਹ ਦੋਸ਼ ਵੀ ਲਾਇਆ ਹੈ ਕਿ ਪ੍ਰਧਾਨ ਮੰਤਰੀ ਦਬਾਅ ਬਣਾਉਣ ਦੇ ਹੱਥਕੰਡਿਆਂ ਨਾਲ ਨੌਕਰਸ਼ਾਹੀ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਸੱਤਾ ਵਿਚ ਬਣੇ ਰਹਿਣਗੇ।
ਤਸੱਲੀ ਦੀ ਗੱਲ ਇਹ ਹੈ ਕਿ ਇਸ ਸਿਆਸੀ ਦੂਸ਼ਣਬਾਜ਼ੀ ਦਰਮਿਆਨ ਕਾਫ਼ੀ ਲੰਮੀਆਂ ਚੱਲੀਆਂ ਚੋਣਾਂ ਕੁੱਲ-ਮਿਲਾ ਕੇ ਨਿਰਵਿਘਨ ਸਿਰੇ ਚੜ੍ਹ ਗਈਆਂ। ਇਸ ਵਿੱਚੋਂ ਪੱਛਮੀ ਬੰਗਾਲ ਹਾਲਾਂਕਿ ਪ੍ਰਤੱਖ ਅਪਵਾਦ ਹੈ ਜਿੱਥੇ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਸਮਰਥਕਾਂ ਵਿਚਾਲੇ ਝੜਪਾਂ ਹੋਈਆਂ ਹਨ। ਖ਼ਾਸ ਤੌਰ ’ਤੇ ਬੰਗਾਲ ਦੇ ਗੜਬੜ ਵਾਲੇ ਇਲਾਕੇ ਸੰਦੇਸ਼ਖਲੀ ਵਿੱਚ ਹਿੰਸਕ ਘਟਨਾਵਾਂ ਹੋਈਆਂ ਹਨ। ਭਾਰਤੀ ਚੋਣ ਕਮਿਸ਼ਨ ਨੇ ਭਾਜਪਾ ਤੇ ਕਾਂਗਰਸ ਨੂੰ ਹਦਾਇਤ ਕੀਤੀ ਸੀ ਕਿ ਇਹ ਦੋਵੇਂ ਆਪੋ-ਆਪਣੇ ਉਮੀਦਵਾਰਾਂ ਤੇ ਸਟਾਰ ਪ੍ਰਚਾਰਕਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਦੂਰ ਰਹਿਣ ਲਈ ਕਹਿਣ ਜੋ ਫਿ਼ਰਕੂ ਸਦਭਾਵਨਾ ਨੂੰ ਭੰਗ ਕਰ ਸਕਦੀ ਹੈ। ਹਾਲਾਂਕਿ ਚੋਣ ਕਮਿਸ਼ਨ ਅਪਰੈਲ ਵਿੱਚ ਰਾਜਸਥਾਨ ਦੇ ਬਾਂਸਵਾੜਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਵਿਵਾਦ ਵਾਲੇ ਭਾਸ਼ਣ ਲਈ ਉਨ੍ਹਾਂ ਨੂੰ ਤਾੜਨ ਵਿਚ ਪਿੱਛੇ ਰਹਿ ਗਿਆ। ਦੋਵਾਂ ਪਾਸਿਓਂ ਇਹ ਚੋਣ ਮੁਹਿੰਮ ਹਰ ਪੱਖ ਤੋਂ ਪੂਰੀ ਭਖਾਈ ਗਈ, ਸਿਆਸੀ ਆਗੂਆਂ ਨੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਦੇਸ਼ ਦੇ ਵੱਡੇ ਹਿੱਸੇ ਵਿੱਚ ਪਈ ਭਿਆਨਕ ਗਰਮੀ ਨੇ ਸਾਰੇ ਹਿੱਤਧਾਰਕਾਂ ਲਈ ਚੀਜ਼ਾਂ ਮੁਸ਼ਕਿਲ ਵੀ ਕੀਤੀਆਂ, ਫਿਰ ਚਾਹੇ ਉਹ ਚੋਣ ਅਧਿਕਾਰੀ ਸਨ, ਉਮੀਦਵਾਰ ਸਨ ਜਾਂ ਪ੍ਰਚਾਰਕ ਜਾਂ ਫਿਰ ਵੋਟਰ। ਇਸ ਸਭ ਦੇ ਬਾਵਜੂਦ ਸਖ਼ਤ ਹਾਲਤਾਂ ਵਿੱਚ ਲੋਕਤੰਤਰ ਦੀ ਇਹ ਬੇਹੱਦ ਮਹੱਤਵਪੂਰਨ ਪ੍ਰਕਿਰਿਆ ਪੂਰੀ ਮਜ਼ਬੂਤੀ ਨਾਲ ਸਿਰੇ ਚੜ੍ਹ ਗਈ।

Advertisement

Advertisement
Author Image

sukhwinder singh

View all posts

Advertisement
Advertisement
×