ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਚਨਾਤਮਿਕਤਾ ਰਾਹੀਂ ਇਕੱਲਤਾ ਦਾ ਪ੍ਰਗਟਾਵਾ

08:58 AM Jul 26, 2020 IST

ਪ੍ਰੇਮ ਸਿੰਘ

Advertisement

ਕਰਤਾਰੀ ਪਲ

Advertisement

ਆਪਣੀ ਕਲਾ ਸਾਧਨਾ ਲਈ ਹਰ ਕਲਾਕਾਰ ਇਕਾਂਤ ਭਾਲਦਾ ਹੈ, ਪਰ ਜਬਰੀ ਇਕਾਂਤ ਕਲਾਕਾਰਾਂ ਨੂੰ ਵੀ ਭਾਉਂਦਾ ਨਹੀਂ। ਇਸ ਦੇ ਬਾਵਜੂਦ ਕਲਾ ਵਿਗਸਦੀ ਰਹਿੰਦੀ ਹੈ। ਇਹ ਲੇਖ ਅਜਿਹੇ ਜਬਰੀ ਇਕਾਂਤਵਾਸ ਦੌਰਾਨ ਇਕ ਕਲਾਕਾਰ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਂਦਾ ਹੈ।

ਸਾਲ 2020 ਨੇ ਸ਼ੁਰੂ ਵਿਚ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਮਨੁੱਖਤਾ ਲਈ ਇਹ ਸੁਖਾਵਾਂ ਨਹੀਂ। ਦਸੰਬਰ 2019 ’ਚ ਚੀਨ ਦੇ ਸ਼ਹਿਰ ਵੂਹਾਨ ਵਿਚ ਕਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ 30 ਜਨਵਰੀ 2020 ਨੂੰ ਕੌਮਾਂਤਰੀ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਕਰੋਨਾ ਵਾਇਰਸ ਦੇ ਤਾਂਡਵ ਨੂੰ ਦੇਖਦੇ ਹੋਏ ਇਸੇ ਸੰਗਠਨ ਨੇ 11 ਮਾਰਚ ਨੂੰ ਇਸ ਨੂੰ ਸਰਬਵਿਆਪੀ ਮਹਾਂਮਾਰੀ ਐਲਾਨਿਆ। ਰਾਤੋ-ਰਾਤ ਹੀ ਕੌਮਾਂ ਦੀ ਆਪਸੀ ਅਲਹਿਦਗੀ ਹੋ ਗਈ। ਚਾਰੇ ਪਾਸੇ ਹਾਹਾਕਾਰ ਮੱਚ ਗਈ।

ਅਚਾਨਕ ਵਿਸ਼ਵ ’ਚ ਚੁੱਪੀ ਛਾ ਗਈ। ਕਰੋਨਾ ਵਾਇਰਸ, ਜਿਸ ਨੂੰ ਮਗਰੋਂ ਕੋਵਿਡ-19 ਦਾ ਨਾਂ ਦਿੱਤਾ ਗਿਆ, ਨੇ ਮਨੁੱਖੀ ਜੀਵਨ ਨੂੰ ਗਹਿਰੀ ਚੋਟ ਪਹੁੰਚਾਈ। ਸਵੈ-ਇਕਾਂਤਵਾਸ ਤੇ ਸਰੀਰਕ ਦੂਰੀ ਕਾਰਨ ਸਵਸਥ ਸਮਾਜਿਕ ਸਬੰਧਾਂ ਨੂੰ ਪ੍ਰਭਾਵਿਤ ਕੀਤਾ। ਦਹਿਸ਼ਤ ਵਿਚ ਲੋਕ ਇਕ ਦੂਜੇ ਕੋਲੋਂ ਡਰਨ ਲੱਗ ਪਏ। ਮਹਾਂਮਾਰੀ ਨੇ ਵੱਡੀ ਗਿਣਤੀ ਵਿਚ ਜਾਨਾਂ ਲਈਆਂ। ਅਜੇ ਵੀ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਡਾਕਟਰੀ ਸਹਾਇਤਾ ਤੇ ਇਲਾਜ ਦੇ ਬਾਵਜੂਦ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। 

ਭਾਰਤ ਸਰਕਾਰ ਨੇ ਧਿਆਨ ਦੇਣ ਯੋਗ ਸ਼ੈਲੀ ਵਿਚ, 22 ਮਾਰਚ ਨੂੰ ਦੇਸ਼ ਭਰ ’ਚ ਵਸਦੇ 136 ਕਰੋੜ ਵਾਸੀਆਂ ਦੀ ਤਾਲਾਬੰਦੀ ਕਰ ਦਿੱਤੀ। ਇਸ ਪਿੱਛੇ ਸੋਚ ਸੀ ਕਿ ਤਾਲਾਬੰਦੀ ਮਹਾਂਮਾਰੀ ਦਾ ਸਾਹਮਣਾ, ਨਿਯੰਤਰਣ ਤੇ ਜਿੱਤ ਹਾਸਲ ਕਰਨ ਲਈ ਸਹਾਇਕ ਹੋਵੇਗੀ। ਇਸ ਤਰ੍ਹਾਂ ਦਾ ਅਨੁਭਵ ਭਾਰਤ ਵਾਸੀਆਂ ਨੂੰ ਸਪੈਨਿਸ਼ ਫਲੂ 1918 ਮਗਰੋਂ ਕਦੇ ਨਹੀਂ ਸੀ ਹੋਇਆ। ਲੋਕਾਂ ਨੂੰ ਸਵੈ-ਇਕਾਂਤਵਾਸ ਤੇ ਸਰੀਰਕ ਦੂਰੀ ਦਾ ਪਾਲਣ ਕਰਨ ਦੀ ਵਿਸ਼ੇਸ਼ ਹਦਾਇਤ ਸੀ। ਅਚਾਨਕ ਹੋਈ ਇਸ ਤਰ੍ਹਾਂ ਦੀ ਉਥਲ-ਪੁਥਲ ’ਚ ਸੁਭਾਵਿਕ ਹੀ ਮਨੁੱਖ ਕਿਤੇ ਨਾ ਕਿਤੇ ਆਸ ਦੀ ਕਿਰਨ ਵੇਖਣ ਲਈ ਯਤਨ ਕਰਦਾ।

ਪ੍ਰਕ੍ਰਿਤੀ ਤੋਂ ਟੁੱਟਣਾ, ਧਾਰਮਿਕ ਸਥਾਨ, ਪਾਰਕ, ਮਿਊਜ਼ੀਅਮ, ਗੈਲਰੀਆਂ ਤੇ ਥੀਏਟਰ ਆਦਿ ਦਾ ਪਹੁੰਚ ਤੋਂ ਬਾਹਰ ਹੋ ਜਾਣਾ ਮਨੁੱਖੀ ਸੋਚ ਤੇ ਕਲਪਨਾ ਤੋਂ ਬਾਹਰ ਸੀ। ਜਿਉਣਾ ਹੋਰ ਵੀ ਅਸਹਿ ਹੋ ਜਾਂਦਾ ਹੈ ਜਦੋਂ ਤੁਸੀਂ ਕਲਾਕਾਰ ਹੋਵੋ ਜਿਸ ਦਾ ਕੁਦਰਤ ਤੇ ਜੀਵਨ ਨਾਲ ਅਟੁੱਟ ਸਬੰਧ ਹੈ। ਇਹ ਸਥਿਤੀ ਉਸੇ ਤਰ੍ਹਾਂ ਦੀ ਹੈ ਜਿਵੇਂ ਮਨੁੱਖ ਆਪਣੇ ਘਰ ਵਿਚ ਹੈ, ਪਰ ਇਸ ਘਰ ਦੇ ਦਰਵਾਜ਼ੇ ਨਹੀਂ ਹਨ। ਬੂਹੇ, ਬਾਰੀਆਂ ਬਣ ਗਈਆਂ ਹੋਣ। 

ਅਜਿਹੇ ਵਿਚ ਇਕਾਂਤਵਾਸ ਨੂੰ ਸਿਰਜਣਾ ’ਚ ਪ੍ਰਗਟਾਉਣਾ ਇਕ ਵੱਡੀ ਚੁਣੌਤੀ ਬਣ ਗਿਆ। ਉਦਾਸ, ਦੁਖੀ ਤੇ ਬੇਵਸ ਹੋਇਆ ਵਿਅਕਤੀ ਕਰੇ ਤਾਂ ਕੀ ਕਰੇ। ਇਸ ਅਵਸਥਾ ਵਿਚ ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ਤੇ ਮਾਨਸਿਕ ਸਿਹਤ ਦੇ ਨਾਲ-ਨਾਲ ਆਪਣਾ ਬਣਦਾ ਸਮਾਜਿਕ ਫ਼ਰਜ਼ ਨਿਭਾਉਣਾ ਸੀ। ਅਨਿਸ਼ਚਤਤਾ ਦੀ ਕੈਦ ਵਿਚ ਫਸੇ ਲਈ ਇਹੋ ਹੀ ਖ਼ੁਸ਼ੀ ਦੀ ਕੁੰਜੀ ਹੈ। ਮਹਾਂਮਾਰੀ ਦੌਰਾਨ ਭਾਵੇਂ ਕਲਾਕ੍ਰਿਤੀ ਦੀ ਸਿਰਜਣਾ ਮਾਮੂਲੀ ਜਾਪਦੀ ਹੈ, ਪਰ ਇਹ ਕਿਰਿਆ ਕਲਾਕਾਰ ਨੂੰ ਆਪਣੇ ਦਿਲ ਦੀ ਧੜਕਣ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਜੀਵਨ ਦੀ ਲੈਅ ਨਾਲ ਵੀ ਜੋੜਦੀ ਹੈ। ਇਸ ਦੇ ਵਹਾਓ ਵਿਚ ਆਈ ਕਿਸੇ ਕਿਸਮ ਦੀ ਵੀ ਰੁਕਾਵਟ ਦੁਖਦਾਈ ਹੈ।

ਭਾਵੇਂ ਕਲਾਕਾਰ ਆਪਣੇ ਜੀਵਨ ਦਾ ਵੱਡਾ ਹਿੱਸਾ ਆਪਣੇ ਸਟੂਡੀਓ ਵਿਚ ਹੀ ਬਿਤਾਉਂਦਾ ਹੈ, ਪਰ ਇਸ ਤਰ੍ਹਾਂ ਦੀ ‘ਜਬਰਨ’ ਇਕੱਲਤਾ ਉਸ ਦੇ ਚਿੱਤ ਨੂੰ ਖੋਖਲਾ ਕਰ ਦਿੰਦੀ ਹੈ। ਇਹ ਸੱਚ ਹੈ ਕਿ ਕਲਾਕਾਰ ’ਤੇ ਕੋਈ ਐਸੀ ਨੈਤਿਕ ਪਾਬੰਦੀ ਨਹੀਂ ਕਿ ਉਹ ਹਰ ਸਥਿਤੀ ਵਿਚ ਸਿਰਜਣਾ ਕਰੇ ਪਰ ਇਕ ਕਲਾਕਾਰ ਜੋ ਵੀ ਕਰਦਾ ਹੈ ਉਹ ਉਸੇ ਜਗਤ ਦਾ ਹਿੱਸਾ ਹੁੰਦਾ ਹੈ ਜਿਸ ਵਿਚ ਉਹ ਵਿਚਰ ਰਿਹਾ ਹੈ। ਸੰਵੇਦਨਸ਼ੀਲ ਕਲਾਕਾਰ 

ਆਪਣੀ ਰਚਨਾਤਮਕਤਾ ਰਾਹੀਂ ਆਪਣੇ ਅੰਤਰੀਵ ਭਾਵ ਤੇ ਚਿੰਤਾਵਾਂ ਨੂੰ ਆਪਣੇ ਸਾਥੀ ਜੀਵਾਂ ਨਾਲ 

ਸਾਂਝ ਕਰਨ ਦਾ ਇੱਛੁਕ ਹੁੰਦਾ ਹੈ। ਇਹ ਅਨੁਭਵ ਭਾਵੇਂ ਸੁੰਦਰ ਹੋਣ ਜਾਂ ਦੁਖਦਾਇਕ।

ਕਲਾਕਾਰ ਆਪਣੇ ਹੌਸਲੇ ਤੇ ਪ੍ਰਤੀਬੱਧਤਾ ਪ੍ਰਤੀ ਅਡੋਲ ਰਹਿੰਦਾ ਹੈ ਜਿਸ ਸਦਕਾ ਉਹ ਕਿਸੇ ਵੀ ਵਿਰੋਧੀ ਤੋਂ ਵਿਰੋਧੀ ਸਥਿਤੀ ’ਚ ਜਿਉਣ ਦੀ ਸ਼ਕਤੀ ਰੱਖਦਾ ਹੈ। ਕਦੇ ਕਦੇ ਅਜਿਹੇ ਵਿਰੋਧ ਜਾਂ ਬਿਪਤਾ ਵਿਚੋਂ ਹੀ ਅੱਛਾਈ ਪ੍ਰਗਟ ਹੁੰਦੀ ਹੈ। ਸਰੀਰਕ ਦੂਰੀ ਤੇ ਸਵੈ-ਇਕਾਂਤਵਾਸ ਤਾਂ ਰੱਖ ਸਕਦੇ ਹੋ, ਪਰ ਕਲਾਕਾਰ ਤਾਂ ਉਸੇ ਸਮੇਂ ਤੇ ਸਥਾਨ ਦਾ ਪ੍ਰਗਟਾਅ ਕਰਦੇ ਹਨ ਜਿਸ ਵਿਚ ਉਹ ਸਾਹ ਲੈਂਦੇ ਹਨ।

ਇਕੱਲਤਾ ’ਚ ਕੀਤੀ ਸਿਰਜਨਾ ਦੇ ਨਮੂਨੇ।

ਇਤਿਹਾਸ ’ਤੇ ਝਾਤ ਮਾਰਨ ’ਤੇ ਪਤਾ ਚਲਦਾ ਹੈ ਕਿ ਅਜਿਹੀ ਇਕੱਲਤਾ ਨੂੰ ਲੇਖਕ, ਵਿਗਿਆਨੀ ਤੇ ਕਲਾਕਾਰ ਨੇ ਸਮੇਂ ਸਮੇਂ ਕਿਵੇਂ ਪ੍ਰਗਟਾਇਆ ਹੈ। ਵਿਲੀਅਮ ਸੇਕਸ਼ਪੀਅਰ ਨੇ 1564 ’ਚ ਪਲੇਗ ਮਹਾਂਮਾਰੀ ਸਮੇਂ ‘ਕਿੰਗ ਲੀਅਰ’ ਦੀ ਰਚਨਾ ਕੀਤੀ। ਇਸਾਕ ਨਿਊਟਨ ਨੇ 1665 ’ਚ ਮਹਾਂਮਾਰੀ ਸਮੇਂ ‘ਥਿਊਰੀ ਆਫ਼ ਗਰੈਵਿਟੀ’ ਈਜਾਦ ਕੀਤੀ। ਐਡਵਰਡ ਮੁੰਚ ਨੇ 1918 ’ਚ ਸਪੈਨਿਸ਼ ਫਲੂ ਸਮੇਂ ਵਿਸ਼ੇਸ਼ ਚਿੱਤਰਾਂ ਦੀ ਲੜੀ ਦੀ ਸਿਰਜਣਾ ਕੀਤੀ। ਫਰੀਦਾ ਕਾਹਲੋ ਜਦੋਂ ਚਲਣ-ਫਿਰਨ ਤੋਂ ਮੁਥਾਜ ਹੋ ਗਈ ਤਾਂ ਕਿਵੇਂ ਉਸ ਨੇ ਆਪਣੇ ਪਲੰਘ ਨਾਲ ਈਜ਼ਲ ਤੇ ਸ਼ੀਸ਼ਾ ਲਗਵਾ ਆਪਣੇ ਆਪ ਨੂੰ ਚਿਤਰਿਆ। ਫਰਾਂਸ ਦਾ ਪ੍ਰਸਿੱਧ ਚਿੱਤਰਕਾਰ ਐਡਗਰ ਡੀਗਾਸ ਵੀ ਇਕੱਲਤਾ ’ਚ ਚੁੱਭੀ ਲਾ ਕੇ ਸਿਰਜਣਾ ਕਰਨ ਦਾ ਹਮਾਇਤੀ ਸੀ।

ਇਸ ਲਈ ਕਲਾਕਾਰ ਨੂੰ ਆਪਣੀਆਂ ਗਿਆਨ ਇੰਦਰੀਆਂ ਦੀ ਸ਼ਕਤੀ ਤੇ ਇਸ ਦੀ ਕਿਰਿਆਸ਼ੀਲਤਾ ’ਚੋਂ ਉਪਜਦੀਆਂ ਸੰਭਾਵਨਾਵਾਂ ਪ੍ਰਤੀ ਰਚਨਾਤਮਿਕ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਦੀ ਅਵਸਥਾ ਕਲਾਕਾਰ ਨੂੰ ਉਸ ਦੇ ਅੰਦਰ ਵਸਦੀਆਂ ਚੁੱਪ ਦੀਆਂ ਆਵਾਜ਼ਾਂ ਨੂੰ ਸੁਣਨ ਦੇ ਵਧੇਰੇ ਸਮਰੱਥ ਬਣਾਉਂਦੀ ਹੈ।

ਨਿਰਵਿਘਨ ਇਕਾਗਰਤਾ ਤੇ ਅੰਦਰੂਨੀ ਪ੍ਰੇਰਨਾ ਰਚਨਾਤਮਕਤਾ ਜਗਾਉਂਦੀ ਹੈ। ਇਸ ਤਰ੍ਹਾਂ ਦੀ ਪ੍ਰੇਰਨਾ ਵਿਚ ਆਨੰਦ ਦੇ ਨਾਲ ਨਾਲ ਚੁਣੌਤੀ ਵੀ ਹੈ। ਰਚਨਾਤਮਕਤਾ ਸੰਪੂਰਨ ਖੁੱਲ੍ਹ ਨਹੀਂ ਹੈ ਅਤੇ ਨਾ ਹੀ ਫੰਙ ਫੜਫੜਾਉਣ ਨਾਲ ਵਾਪਰਦੀ ਹੈ। ਇਹ ਤਾਂ ਚਿੱਤ ਵਿਚ ਖੇਡਦੇ ਸਿਰਜਣਾਤਮਕ ਪਲਾਂ ਦਾ ਕਲਾਤਮਕ ਤੇ ਕਾਲਪਨਿਕ ਪ੍ਰਗਟਾਅ ਹੈ।

ਅਜੇ ਮੈਂ ਦਿੱਲੀ ਦੇ ਫ਼ਿਰਕੂ ਦੰਗਿਆਂ ’ਚ ਹੋਏ ਕਤਲੇਆਮ ’ਚੋਂ ਉਭਰ ਹੀ ਰਿਹਾ ਸੀ ਕਿ ਮਹਾਂਮਾਰੀ ਦੇ ਲੌਕਡਾਊਨ ਨੇ ‘ਨਿਗਲ’ ਲਿਆ। ਮਾੜੀ ਯੋਜਨਾਬੰਦੀ ਅਤੇ ਬੇਰਹਿਮੀ ਨਾਲ ਇਸ ਨੂੰ ਲਾਗੂ ਕਰਨ ਕਰਕੇ ਹਸਦਾ-ਵਸਦਾ ਜੀਵਨ ਰਾਤੋ-ਰਾਤ ਬੇਵੱਸ ਹੋ ਗਿਆ। ਦੇਸ਼ ਦੀ ਵੱਡੀ ਗਿਣਤੀ ਆਬਾਦੀ ਨੂੰ ਆਪਣੀ ਜਾਨ ਨਾਲ ਜੂਝਦੇ ਵੇਖ ਤਰਸ ਆਉਂਦਾ ਸੀ। ਹਾਕਮਾਂ ਨੇ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਕਿਸਮਤ ’ਤੇ ਹੀ ਛੱਡਾ ਦਿੱਤਾ। ਇਕ ਪਾਸੇ ਮਹਾਂਮਾਰੀ ਤੇ ਦੂਜੇ ਪਾਸੇ ਭੁੱਖਮਰੀ ਬਹੁਤ ਹੀ ਦੁਖਦਾਇਕ ਘਟਨਾ ਸੀ। ਇਸ ਤਰ੍ਹਾਂ ਦੇ ਸੰਘਰਸ਼ ਵਿਚ ਰੋਜ਼ ਦੀ ਰੋਜ਼ ਜੀਣ ਵਾਲੇ ਗ਼ਰੀਬ ਤੇ ਪਰਵਾਸੀ ਕਾਮਿਆਂ ’ਚੋਂ ਵਧੇਰਿਆਂ ਦੀ ਮੌਤ ਹੋ ਗਈ।

ਲੋਕਾਂ ਦੀ ਐਸੀ ਦੁਰਦਸ਼ਾ ਵੇਖ ਕੇ ਮੇਰੀ ਸਿਆਹੀ, ਬੁਰਸ਼ ਤੇ ਪੈੱਨ ਨੇ ਆਵਾਜ਼ ਉਠਾਈ। ਇਕ ਪਾਸੇ ਮੈਂ ਸਵੈ-ਇਕਾਂਤਵਾਸ ਨਾਲ ਜੂਝ ਰਿਹਾ ਸਾਂ ਤਾਂ ਦੂਜੇ ਪਾਸੇ ਲੋਕਾਂ ਦੀ ਦਰਦਨਾਕ ਹਾਲਤ ਵੇਖ ਕੇ ਪ੍ਰੇਸ਼ਾਨ ਸਾਂ। ਚਿੱਤ ਵਿਚ ਜਵਾਲਾਮੁਖੀ ਦਾ ਫਟਣ ਬਾਹਰ ਆਉਣ ਲਈ ਉਤਾਵਲਾ ਸੀ। ਇਸ ਅਵਸਥਾ ਵਿਚ ਮੈਂ ਕਿੰਨੇ ਹੀ ਲੀਕ ਚਿੱਤਰ ਬਣਾਏ। ਲੌਕਡਾਊਨ ਦਾ 19ਵਾਂ ਦਨਿ ਸੀ ਤੇ ਮੇਰੇ ਕੋਲ ਜਿੰਨੇ ਵੀ ਪੈੱਨ ਸਨ, ਸਭ ਦੀ ਸਿਆਹੀ ਮੁੱਕ ਗਈ।

ਓਧਰ ਪ੍ਰਕਿਰਤੀ ਨਾਲ ਸਬੰਧ ਟੁੱਟ ਗਿਆ। ਹਰ ਇਕ ਤਰ੍ਹਾਂ ਦੀ ਮਨੁੱਖੀ ਸਾਂਝ ਮਹਾਂਮਾਰੀ ਦੀ ਲਪੇਟ ਵਿਚ ਆ ਗਈ। ਐਮੇਜ਼ਨ ਵੈੱਬਸਾਈਟ ’ਤੇ ਕੁਝ ਕਿਤਾਬਾਂ ਪੜ੍ਹਨ ਲਈ ਮੰਗਵਾਈਆਂ। ਊਹ ਵੀ ਜਨਤਾ ਕਰਫ਼ਿਊ ਵਿਚ ਕਿਤੇ ਲੋਪ ਹੋ ਗਈਆਂ।

ਸਿਆਹੀ ਮੁੱਕਣ ਨਾਲ ਇਕ ਚੁਣੌਤੀ ਹੋਰ ਖੜ੍ਹੀ ਹੋ ਗਈ। ਜਦੋਂ ਕਲਾਕਾਰ ਦਾ ਅੰਦਰ ਰਿੱਝਦਾ ਹੋਵੇ ਤੇ ਉਬਾਲ ਲਈ ਤਤਪਰ ਹੋਵੇ ਤਾਂ ਉਸ ਅਵਸਥਾ ਵਿਚ ਇਸ ਨੂੰ ਰੋਕਣਾ ਆਪਣੀ ਹੀ ਸਿਹਤ ਖ਼ਰਾਬ ਕਰਨ ਵਾਲੀ ਗੱਲ ਹੈ। ਘਰ ਦੇ ਖੱਲਾਂ-ਖੂੰਜੇ ਫਰੋਲੇ ਤਾਂ ਇਕ ਫੈਵੀਕੋਲ ਦੀ ਡੱਬੀ ਮਿਲ ਗਈ। ਕੋਲਾਜ ਬਣਾਉਣ ਦੀ ਰਚਨਾਤਮਕ ਪ੍ਰਕਿਰਿਆ ਸ਼ੁਰੂ ਹੋਈ। ਜੋ ਵੀ ਨਿਤਾ ਪ੍ਰਤੀ ਚਿੱਤ ਵਿਚ ਬੋਲਦਾ ਉਸੇ ਦੀ ਰਚਨਾ ਕੀਤੀ। ਜਿਵੇਂ-ਜਿਵੇਂ ਲੌਕਡਾਊਨ ਦੀ ਅਵਧੀ ਵਧਦੀ ਗਈ ਤਿਵੇਂ-ਤਿਵੇਂ ਰਚਨਾ ਹੁੰਦੀ ਗਈ। ਮਨ ਵੀ ਹੌਲਾ ਹੋਇਆ, ਚਿੱਤ ਵੀ ਪ੍ਰਸੰਨ ਹੋ ਗਿਆ ਤੇ ਇਕਾਂਤਵਾਸ ਵਿਚ ਰੰਗ ਦਾ ਵਾਸਾ ਹੋਇਆ।

ਮਹਾਂਮਾਰੀ ਦੇ ਫੈਲਾਅ ਨੂੰ ਵੇਖਦੇ ਹੋਏ ਸਰਕਾਰ ਲੌਕਡਾਊਨ ਦਰ ਲੌਕਡਾਊਨ ਲਗਾਈ ਜਾ ਰਹੀ ਸੀ। ਲੋਕਾਂ ਨੂੰ ਆਪਣੇ ਘਰ ਅੱਗੇ ‘ਲਕਸ਼ਮਣ ਰੇਖਾ’ ਵਾਹੁਣ ਲਈ ਕਿਹਾ। ਥਾਲੀ, ਦੀਵੇ, ਮੌਨ ਤੇ ਮੋਮਬੱਤੀਆਂ ਤੇ ਅੰਧੇਰਾ ਵਰਗੇ ਟੋਟਕੇ ਸੁਝਾਏ ਗਏ, ਪਰ ਕੰਮ ਕੋਈ ਵੀ ਨਹੀਂ ਆਇਆ। ਹੁਣ ਤਕ ਵੀ ਮਹਾਂਮਾਰੀ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਕੋਵਿਡ-19 ਦੇ ਸੰਕ੍ਰਮਿਤ ਲੋਕਾਂ ਦੀ ਗਿਣਤੀ ਲੱਖਾਂ ਵਿਚ ਹੈ ਤੇ ਮਰਨ ਵਾਲਿਆਂ ਦੀ ਹਜ਼ਾਰਾਂ ਵਿਚ। ਜੂਨ ਤੋਂ ਭਾਵੇਂ ਸਰਕਾਰ ਮੁਤਾਬਿਕ ਅਨਲੌਕਿੰਗ ਸ਼ੁਰੂ ਹੈ, ਪਰ ਲੋਕ ਹੁਣ ਦਹਿਸ਼ਤ ’ਚ ਬਾਹਰ ਨਹੀਂ ਆ ਰਹੇ। ਵਪਾਰ ਨਿਘਾਰ ਤੇ ਬੇਰੁਜ਼ਗਾਰੀ ’ਚ ਦਨਿ-ਬ-ਦਨਿ ਪਸਾਰ ਹੋ ਰਿਹਾ ਹੈ।

ਕਲਾਕਾਰ ਹੋਣ ਨਾਤੇ ਇੰਨੇ ਸਮੇਂ ਤਕ ਇਕੱਲਤਾ ਵਿਚ ਰਹਿਣਾ ਸੌਖਾ ਨਹੀਂ। ਸਰਕਾਰ ਨੂੰ ਤਾਂ ਇਹ ਵਰਗ ਉੱਕਾ ਹੀ ਨਹੀਂ ਦਿਸਦਾ। ਰਚਨਾਤਮਿਕਤਾ ਤਾਂ ਕਲਾਕਾਰ ਦੇ ਸਾਹਾਂ ਦੀ ਪੂੰਜੀ ਹੈ। ਆਰੰਭ ਵਿਚ ਇਸ ਲੇਖਕ-ਕਲਾਕਾਰ ਨੂੰ ਵੀ ਆਪਣੇ ਆਪ ਨੂੰ ਪ੍ਰਗਟਾਉਣ ਵਿਚ ‘ਜਕੜ’ ਮਹਿਸੂਸ ਹੋਈ। ਦਨਿਾਂ ਦੇ ਬੀਤਣ ਨਾਲ ਅਹਿਸਾਸ ਹੋਇਆ ਕਿ ਜਿੱਥੇ ਸਵੈ-ਇਕਾਂਤਵਾਸ ਤੇ ਸਰੀਰਕ ਦੂਰੀ ਮਹਾਂਮਾਰੀ ਤੋਂ ਬਚਣ ਲਈ ਲਾਜ਼ਮੀ ਹੈ, ਇਸੇ ਤਰ੍ਹਾਂ ਕਲਪਨਾ ਨੂੰ ਵੀ ਕੈਦ ਨਹੀਂ ਕੀਤਾ ਜਾ ਸਕਦਾ।

ਵੇਖਿਆ ਗਿਆ ਹੈ ਕਿ ਕਲਪਨਾ ’ਚ ਮਿਲੀ ਖੁੱਲ੍ਹ ਹੀ ਉਸ ਨੂੰ ਸੰਵਾਰਦੀ ਤੇ ਨਿਖਾਰਦੀ ਹੈ। ਰਚਨਾਤਮਕ ਪ੍ਰਗਟਾਅ ਲਈ ਜਦੋਂ ਵੀ ਇਸ ਲੇਖਕ-ਕਲਾਕਾਰ ਨੇ ਚਿੱਤ ਬਣਾਇਆ ਤਾਂ ਕਲਾ ਉਸ ਲਈ ਵਾਪਰਦੀ ਚਲੀ ਗਈ। ਇਨ੍ਹਾਂ ਪਲਾਂ ਨੇ ਉਸ ਦੀ ਕਲਾ ਨੂੰ ਨਿਵੇਕਲੀ ਹੀ ਨਹੀਂ ਬਣਾਇਆ ਸਗੋਂ ਇਸ ਨੂੰ ਸਜੀਵ ਵੀ ਕੀਤਾ। ਜਿਸ ਕਿਸੇ ਕੋਲ ਵੀ ਆਪਣੇ ਆਪ ਨੂੰ ਪ੍ਰਗਟਾਉਣ ਦੀ ਦਾਤ ਹੈ, ਉਸ ਲਈ ਇਕੱਲਤਾ ਤੇ ਸਰੀਰਕ ਦੂਰੀ ਉਸ ਦਾ ਗੁਣ ਬਣ ਕੇ ਸਾਹਮਣੇ ਆਉਂਦੀ ਹੈ।

ਈ-ਮੇਲ: prem.p43@gmail.com

Advertisement
Tags :
ਇਕੱਲਤਾਪ੍ਰਗਟਾਵਾਰਚਨਾਤਮਿਕਤਾਰਾਹੀਂ