ਇਨਕਲਾਬੀ ਕੇਂਦਰ ਵੱਲੋਂ ਸਾਈਬਾਬਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਅਕਤੂਬਰ
ਇਨਕਲਾਬੀ ਕੇਂਦਰ ਪੰਜਾਬ ਨੇ ਸਿਆਸੀ ਚਿੰਤਕ, ਲੇਖਕ, ਜਮਹੂਰੀ ਕਾਰਕੁਨ, ਦੱਬੇ-ਕੁਚਲੇ ਲੋਕਾਂ ਨੂੰ ਹਰ ਵੰਨਗੀ ਦੀ ਗ਼ੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾ ਕੇ ਨਵਾਂ, ਲੋਕਪੱਖੀ, ਬਰਾਬਰਤਾ ਵਾਲਾ ਪ੍ਰਬੰਧ ਦੀ ਸਿਰਜਣਾ ਲਈ ਜੂਝਣ ਵਾਲੇ ਪ੍ਰੋ. ਜੀ ਐੱਨ ਸਾਈਬਾਬਾ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਥੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਾਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਉਨ੍ਹਾਂ ਦੀ ਮੌਤ ਨੂੰ ਸੰਸਥਾਗਤ ਢਾਂਚੇ ਵੱਲੋਂ ਕੀਤੇ ਗਏ ਕਤਲ ਦਾ ਨਾਂ ਦਿੱਤਾ। ਆਗੂਆਂ ਨੇ ਦੋਸ਼ ਲਾਇਆ ਕਿ ਜੇਲ੍ਹ ਦੇ ਮਾਨਵ ਵਿਰੋਧੀ ਹਾਲਾਤ, ਯੂਏਪੀਏ ਵਰਗੇ ਕਾਲੇ ਕਾਨੂੰਨ ਪ੍ਰੋ. ਸਾਈਬਾਬਾ ਨੂੰ ਸਾਡੇ ਕੋਲੋਂ ਖੋਹਣ ਦੇ ਜ਼ਿੰਮੇਵਾਰ ਹਨ। ਯਾਦ ਰਹੇ ਕਿ ਪ੍ਰੋ. ਜੀ ਐੱਨ ਸਾਈਬਾਬਾ ਸ਼ੁਰੂ ਤੋਂ ਹੀ ਅਧਰੰਗ ਦੇ ਮਰੀਜ਼ ਤੇ ਸਰੀਰ ਪੱਖੋਂ 90 ਫ਼ੀਸਦੀ ਅਸਮਰੱਥ ਸਨ। ਇਸ ਕਾਰਨ ਉਹ ਵੀਲ੍ਹਚੇਅਰ ਦੀ ਵਰਤੋਂ ਕਰਦੇ ਸਨ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਮੰਗ ਕੀਤੀ ਕਿ ਸਭਨਾਂ ਬੁੱਧੀਜੀਵੀਆਂ, ਸਮਾਜਿਕ, ਜਮਹੂਰੀ ਕਾਮਿਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਯੂਏਪੀਏ ਵਰਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਜਮਹੂਰੀ ਆਵਾਜ਼ ਦਾ ਗਲਾ ਘੁੱਟਣਾ ਬੰਦ ਕੀਤਾ ਜਾਵੇ।