For the best experience, open
https://m.punjabitribuneonline.com
on your mobile browser.
Advertisement

ਡੂੰਘੀਆਂ ਰਮਜ਼ਾਂ ਦਾ ਪ੍ਰਗਟਾਵਾ

11:38 AM Jul 23, 2023 IST
ਡੂੰਘੀਆਂ ਰਮਜ਼ਾਂ ਦਾ ਪ੍ਰਗਟਾਵਾ
Advertisement

ਡਾ. ਅਮਰ ਕੋਮਲ

ਪੁਸਤਕ ਚਰਚਾ

ਹਰਮੀਤ ਵਿਦਿਆਰਥੀ ਦੀਆਂ ਕਵਿਤਾਵਾਂ ਦੇ ਤਿੰਨ ਕਾਵਿ-ਸੰਗ੍ਰਹਿ ‘ਆਪਣੇ ਖ਼ਿਲਾਫ਼ (1990)’, ‘ਸਮੁੰਦਰ ਬੁਲਾਉਂਦਾ ਹੈ (2003)’ ਅਤੇ ‘ਉਧੜੀ ਹੋਈ ਮੈਂ (2014)’ ਪ੍ਰਕਾਸ਼ਿਤ ਹੋ ਚੁੱਕੇ ਹਨ। ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ (ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ਉਸ ਦਾ ਪ੍ਰਕਾਸ਼ਿਤ ਹੋਇਆ ਚੌਥਾ ਕਾਵਿ-ਸੰਗ੍ਰਹਿ ਹੈ। ਇੱਕ ਪੁਸਤਕ ‘ਉਧੜੀ ਹੋਈ ਮੈਂ’ ਸ਼ਾਹਮੁਖੀ ਵਿੱਚ ਉਸ ਨੇ ਲਾਹੌਰ ਤੋਂ ਪ੍ਰਕਾਸ਼ਿਤ ਕਰਵਾਈ ਹੈ। ਉਸ ਨੇ ਚਾਰ ਪਾਕਿਸਤਾਨੀ ਪੰਜਾਬੀ ਕਵੀਆਂ ਦੀਆਂ ਗ਼ਜ਼ਲਾਂ ਤੇ ਵਾਰਤਕ ਦੀਆਂ ਪੁਸਤਕਾਂ ਦਾ ਸੰਪਾਦਨ ਵੀ ਕੀਤਾ ਹੋਇਆ ਹੈ।
ਹਥਲੀ ਪੁਸਤਕ ਦੀ ਪਹਿਲੀ ਕਵਿਤਾ, ਕਵੀ ਦਾ ਆਪਣਾ ਲਿਖਿਆ ‘ਸਵੈ-ਕਥਨ’ ਹੈ। ਜਿਵੇਂ:
‘‘ਕਵਿਤਾ ਨੇ ਜ਼ਿੰਦਗੀ ਦੇ ਬਹੁਤ ਰੰਗ ਵਿਖਾਏ ਨੇ
ਜੋ ਮੈਂ ਕਵੀ ਤੋਂ ਬਨਿਾਂ ਨਾ ਵੇਖ ਸਕਦਾ...
ਮੈਨੂੰ, ਕਵਿਤਾ ਨਾਲ ਜੋੜੀ ਰੱਖਣ ਲਈ,
ਮੇਰੇ ਆਲੇ-ਦੁਆਲੇ ਦਾ ਬਹੁਤ ਵੱਡਾ ਯੋਗਦਾਨ ਹੈ।’’
ਕਿਸੇ ਸਮੇਂ ਲੈਅ-ਬੱਧ ਅਥਵਾ ਛੰਦਬੰਦੀ ਹੀ ਕਵਿਤਾ ਲਈ ਜ਼ਰੂਰੀ ਸ਼ਰਤ ਮੰਨੀ ਜਾਂਦੀ ਸੀ। ਕਾਵਿ ਨੂੰ ਕਲਪਨਾ ਦੀ ਪੈਦਾਵਾਰ ਮੰਨਿਆ ਜਾਂਦਾ ਸੀ। ਕਾਵਿ ਦਾ ਵਿਧਾਤਾ ਕਵੀ ਜਗਤ ਪਾਸਾਰੇ ਨੂੰ ਕਲਾਤਮਿਕ ਭਾਸ਼ਾ ਵਿੱਚ ਪੇਸ਼ ਕਰਦਾ ਹੈ। ਇਸੇ ਦ੍ਰਿਸ਼ਟੀ ਤੋਂ ਹਰਮੀਤ ਵਿਦਿਆਰਥੀ ਦੀ ਪਹਿਲੀ ਕਵਿਤਾ ਉਸ ਦਾ ‘ਸਵੈ-ਕਥਨ’ ਹੈ।
ਇਸ ਪੁਸਤਕ ਦੀਆਂ ਸਮੁੱਚੀਆਂ ਕਵਿਤਾਵਾਂ ਉਪਰ ਪਹਿਲੀ ਨਜ਼ਰ ਮਾਰਨ ਉਪਰ ਮੈਂ ਅਨੁਭਵ ਕੀਤਾ ਹੈ ਕਿ ਹਰਮੀਤ ਵਿਦਿਆਰਥੀ ਆਪਣੇ ਵਿਚਾਰ ਪੇਸ਼ ਕਰਨ ਲਈ ਕਾਵਿ ਛੰਦਾਂ, ਅਲੰਕਾਰਾਂ, ਬਿੰਬਾਂ, ਵਲਵਲਿਆਂ, ਲੈਅ-ਤਾਲ ਦੀ ਸੁਵਰਤੋਂ ਕਰਨ ਦੀ ਥਾਂ ਵਿਚਾਰ ਤੱਤਾਂ ਅਤੇ ਗੌਣ-ਰਮਜ਼ਾਂ ਨੂੰ ਅਭਿਵਿਅਕਤ ਕਰਨ ਨੂੰ ਵਧੇਰੇ ਤਰਜੀਹ ਦਿੰਦਾ ਹੈ। ਉਹ ਅਜੋਕੀ ਜੀਵਨ-ਸ਼ੈਲੀ ਤੋਂ ਤੰਗ ਆ ਕੇ ਬਗ਼ਾਵਤ ਕਰਦਾ ਹੈ:
* ਈਅਰ ਫੋਨ ਨਾਲ, ਢਕ ਲਏ ਨੇ ਕੰਨ
ਚੀਕ ਪੁਕਾਰ, ਸੁਣਦੀ ਹੀ ਨਹੀਂ
* ਲਾਹ ਕੇ, ਵਗਾਹ ਮਾਰਾਂ, ਅੱਖਾਂ ’ਤੇ ਪਏ ਖੋਪੇ
ਜੋ ਚੌਗਿਰਦੇ ਨੇ ਦਿੱਤੇ ਮੈਨੂੰ
ਅੱਜ ਦੇ ਤੇਜ਼ ਤਰਾਰ, ਕਾਹਲ ਭਰੇ ਜੀਵਨ ਨੂੰ ਜਿਉਣ-ਥੀਣ ਲਈ ਕਿੰਨਾ ਸੰਕਟ ਭੋਗਣਾ ਪੈਂਦਾ ਹੈ:
* ਆਪਣਾ ਆਪ ਗੁਆਚੇ ਏਦਾਂ, ਲੱਭੇ ਨਾ ਪਰਛਾਵਾਂ
ਹੋਵਾਂ ਗਰਕ, ਧਰਤ ਦੇ ਅੰਦਰ, ਆਪਣੇ ਆਪ ’ਚ ਮਰ ਮੁੱਕ ਜਾਵਾਂ
ਲੀਰੋ-ਲੀਰ ਚੋਲੇ ਨੂੰ ਲੈ ਕੇ, ਕੌਣ ਦਿਸ਼ਾ ਵਿੱਚ ਲੁਕ-ਛਿਪ ਜਾਵਾਂ।
ਕਵੀ ਦੇ ਆਪਣੇ ਤਰਜ਼ਿ-ਜੀਵਨ ਦੀਆਂ ਤਲਖ਼ੀਆਂ, ਫ਼ਿਤਰਤੀ ਸੰਵੇਦਨਸ਼ੀਲ ਮੁਸ਼ਕਿਲਾਂ ਦੇ ਸਾਹਮਣੇ ਕਰਦਿਆਂ ਉਸ ਦੇ ਜੀਵਨ ਦੀ ਤਰਜ਼ਿ ਫ਼ਿਕਰ ਸਥਾਪਿਤ ਹੋਈ ਹੈ। ਸਭ ਹੱਛਾ ਨਹੀਂ ਹੈ। ਕਵੀ ਦਾ ਆਪਾ ਗੁਆਚਾ, ਚੋਲ਼ਾ ਲੀਰੋ-ਲੀਰ ਹੋਇਆ ਜਾਪਦਾ ਹੈ। ਫਿਰ ਵੀ ਕਵੀ ਪੁਰ ਉਮੀਦ ਹੈ: ਕਾਲ਼ੀ ਬੋਲ਼ੀ, ਹਨੇਰੀ ਰਾਤ ਅੰਦਰ, ਜੇ ਰੌਸ਼ਨੀ ਦੀ ਕੋਈ/ ਲਕੀਰ ਨਹੀਂ ਦਿਸਦੀ/ ਜਗਦੇ ਬੁੱਝਦੇ, ਜੁਗਨੂੰਆਂ ਨੂੰ ਫਰੋਲੀਏ।
ਇਹ ਪ੍ਰਕਿਰਤੀ ਦੀ ਕਰਾਮਾਤੀ-ਸ਼ਕਤੀ ਹੈ ਜਿਸ ਦੀ ਗੋਦ ਵਿੱਚ ਜਸ਼ਨ ਮਨਾਉਂਦਿਆਂ ਸਭ ਕੋਈ ਆਪਣੇ ਮਨ ਵਿੱਚ ਦੁਨੀਆਂਦਾਰੀ ਦੀਆਂ ਸੱਭੇ ਪ੍ਰਾਪਤੀਆਂ ਕਰਨ ਦੀ ਲਾਲਸਾ ਦੇ ਪ੍ਰਤਿਕਰਮ ਭੁੱਲ ਜਾਂਦੇ ਹਨ। ਜਿਉਂ-ਜਿਉਂ ਕੋਈ ਪ੍ਰਕਿਰਤੀ ਦਾ ਲੜ ਛੱਡ ਕੇ ਦੂਰ ਜਾਂਦਾ ਹੈ, ਦੁਨਿਆਵੀ ਰੁਝੇਵਿਆਂ ’ਚ ਪੈ ਕੇ ਦੁਖੀ ਹੁੰਦਾ ਹੈ।
ਕਵੀ ਕਦੇ ਪਗਡੰਡੀਆਂ ਲੱਭਦਾ, ਨਵੇਂ ਸਫ਼ਰ ’ਤੇ ਜਾਣ ਦਾ ਹੌਸਲਾ ਕਰਦਾ ਹੈ। ਕਦੇ ਅਨੁਭਵ ਕਰਦਾ ਹੈ:
ਬੰਦਾ ਆਖਰ ਬੰਦਾ ਹੁੰਦੈ, ਕਦੇ ਅਨੁਭਵ ਕਰਦੈ, ‘ਮੇਰਾ ਕੁੱਝ ਨਹੀਂ’, ਅਤੇ ਸੋਚਦਾ ਕਿ ਬੀਤਿਆ ਹੋਇਆ ਵਕਤ ਹੈ। ਕਦੇ ਹਾਰ ਜਾਣ ਦਾ ਡਰ ਹੈ। ਹਰ ਵਿਅਕਤੀ ਦੀ ਮਾਨਸਿਕਤਾ ਦੀ ਸਥਿਤੀ ਦਵੰਦਾਤਮਿਕ ਹੈ।
ਕਵੀ ਦੀਆਂ ਵਧੇਰੇ ਕਵਿਤਾਵਾਂ ‘ਦਵੰਦਾਤਮਿਕ ਸਥਿਤੀਆਂ ਪ੍ਰਸਥਿਤੀਆਂ’ ਦਾ ਚਿਤਰਣ ਕਰਦੀਆਂ ਹਨ। ਆਪਣੇ ਮੱਥੇ ’ਤੇ ਖੁਣੀ ਜੰਗ ਦੀਆਂ ਬਾਤਾਂ ਪਾਉਂਦੀਆਂ ਹਨ। ਕਵੀ ਹਾਲਾਤਿ ਹਾਜ਼ਰਾ ਉਪਰ ਤਨਜ਼ੀਆ ਲਹਿਜੇ ਵਿੱਚ ਵਕ੍ਰੋਕਤੀ ਅੰਦਾਜ਼ ਵਿੱਚ ਬਿਆਨਦਾ ਹੈ:
ਸੁਲਗ ਰਹੇ ਨੇ ਖੇਤ, ਵੱਟਾਂ ਬੰਨਿਆਂ ’ਤੇ ਬੇਚੈਨੀ
ਬੰਬੀ ਵਿੱਚੋਂ ਪਾਣੀ ਦੀ ਥਾਂ, ਬਾਹਰ ਆਉਣ ਲਈ ਮੌਤ
ਭੱਤਾ, ਹੁਣ ਖੇਤਾਂ ਵਿੱਚ ਕੰਮ ਕਰਦੇ, ਕਿਰਤੀਆਂ ਲਈ ਨਹੀਂ
ਤਣੀਆਂ ਹੋਈਆਂ ਬੰਦ-ਮੁੱਠੀਆਂ,
ਫਰਕਦੇ ਡੌਲਿਆਂ ਤੇ ਲਲਕਾਰਦੀਆਂ ਆਵਾਜ਼ਾਂ ਕੋਲ,
ਜੀ.ਟੀ.ਡੀ. ਰੋਡ ’ਤੇ ਲੈ ਕੇ ਜਾਂਦੀਆਂ ਨੇ ਸਵਾਣੀਆਂ
ਕਿਸਾਨੀ ਅੰਦੋਲਨ ਵੱਲ ਇਸ਼ਾਰਾ ਸਾਫ਼ ਹੈ। ਇੰਜ ਕਵੀ ਹਾਲਾਤਿ-ਹਾਜ਼ਰਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਮਨੋਸਥਿਤੀਆਂ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਕਵਿਤਾ ਦੇ ਅੰਗ ਸੰਗ ਹੋ ਕੇ ਆਪਣੇ ਤਨਜ਼ੀਆ ਸੁਨੇਹੜੇ ਦੇ ਰਿਹਾ ਹੈ।
ਸੰਪਰਕ: 84378-73565, 88376-84173

Advertisement

Advertisement
Advertisement
Author Image

sukhwinder singh

View all posts

Advertisement