ਰੋਸ ਦਾ ਪ੍ਰਗਟਾਵਾ: ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਨਿਗਮ ਭਵਨ ਦੇ ਬਾਹਰ ਹਵਨ
ਮੁਕੇਸ਼ ਕੁਮਾਰ
ਚੰਡੀਗੜ੍ਹ, 31 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੇ ਸੈਕਟਰ-17 ਸਥਿਤ ਮੁੱਖ ਦਫਤਰ ਦੇ ਸਾਹਮਣੇ ਸ਼ਹਿਰ ਦੇ ਰੇਹੜੀ-ਫੜ੍ਹੀ ਵਾਲਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਹੈ। ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਰੇਹੜੀ-ਫੜ੍ਹੀ ਵਾਲਿਆਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਮੰਗਾਂ ਸਬੰਧੀ ਹਲੂਣਾ ਦੇਣ ਲਈ ਹਵਨ-ਯੱਗ ਕੀਤਾ।
ਨਗਰ ਨਿਗਮ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰ ਰਹੇ ਰੇਹੜੀ-ਫੜ੍ਹੀ ਵਾਲਿਆਂ ਨੂੰ ਸੰਬੋਧਨ ਕਰਦਿਆਂ ਇੰਟਕ ਚੰਡੀਗੜ੍ਹ ਦੇ ਪ੍ਰਧਾਨ ਨਸੀਬ ਜਾਖੜ ਨੇ ਕਿਹਾ ਕਿ ਸ਼ਹਿਰ ਦੇ ਰੇਹੜੀ-ਫੜ੍ਹੀ ਵਾਲਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਇੱਥੇ ਜਾਰੀ ਇਸ ਰੋਸ ਪ੍ਰਦਰਸ਼ਨ ਨੂੰ 18 ਦਿਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇੱਥੇ ਸ਼ਹਿਰ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਰੇਹੜੀ-ਫੜ੍ਹੀ ਵਾਲੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਰੇਹੜੀ-ਫੜ੍ਹੀ ਵਾਲਿਆਂ ਦੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਗੱਲਬਾਤ ਲਈ ਨਹੀਂ ਅੱਪੜਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਇਨ੍ਹਾਂ ਰੇਹੜੀ-ਫੜ੍ਹੀ ਵਾਲਿਆਂ ਦੀਆਂ ਮੰਗ ਨੂੰ ਲੈ ਕੇ ਹੁਣ ਤੱਕ ਕੋਈ ਹੱਲ ਵੀ ਨਹੀਂ ਕੱਢਿਆ ਗਿਆ ਹੈ। ਇੰਟਕ ਆਗੂ ਕੁਲਦੀਪ ਕੁੰਡੂ ਨੇ ਕਿਹਾ ਕਿ ਅੱਜ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਹੈ। ਉਨ੍ਹਾਂ ਰੇਹੜੀ-ਫੜ੍ਹੀ ਵਾਲਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਨਾਲ ਆਰ-ਪਾਰ ਦੀ ਲੜਾਈ ਲੜਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਵੈਂਡਰ ਐਕਟ ਅਧੀਨ ਨਗਰ ਨਿਗਮ ਵਲੋਂ ਕੀਤੇ ਗਏ ਸਰਵੇਖਣ ਅਧੀਨ ਰਜਿਸਟਰਡ ਵੈਂਡਰਾਂ ਨੂੰ ਨਿਗਮ ਵਲੋਂ ਬਣਾਏ ਗਏ ਵੈਂਡਰ ਜ਼ੋਨ ਦੀ ਥਾਂ ਉਨ੍ਹਾਂ ਦੀਆਂ ਪੁਰਾਣੀਆਂ ਥਾਵਾਂ ਹੀ ਅਲਾਟ ਕੀਤੀਆਂ ਜਾਣ। ਇੰਟਕ ਆਗੂ ਨਸੀਬ ਜਾਖੜ ਨੇ ਕਿਹਾ ਕਿ ਜੇਕਰ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਰੇਹੜੀ-ਫੜ੍ਹੀ ਵਾਲਿਆਂ ਦੀ ਜਲਦੀ ਹੀ ਗੱਲ ਨਾ ਸੁਣੀ ਗਈ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ। ਇੱਥੇ ਫਿਲਹਾਲ ਹਰ ਰੋਜ਼ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਰੋਸ ਪ੍ਰਦਰਸ਼ਨ ਜਾਰੀ ਹੈ। ਇਸ ਮੌਕੇ ਸੰਦੀਪ ਕੁੰਡੂ, ਸੁਖਵਿੰਦਰ ਸੁੱਖਾ, ਪਰਵੀਨ ਕੁਮਾਰ, ਮਹਿੰਦਰ ਚਾਲੀਆ, ਕ੍ਰਿਸ਼ਨ ਕੁਮਾਰ, ਈਸ਼ ਕੁਮਾਰ, ਪ੍ਰਭੂ, ਆਸ਼ਾ ਰਾਣੀ, ਅੰਜੂ ਸੋਢੀ ਆਦਿ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਰੱਖੇ।