ਟੈਂਪੂ ਚਾਲਕਾਂ ਦੀ ਲੁੱਟ ਖ਼ਿਲਾਫ਼ ਰੋਸ ਪ੍ਰਗਟਾਇਆ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 24 ਅਗਸਤ
ਸ਼ਹਿਰ ਅਤੇ ਨੇੜਲੇ ਪੇਂਡੂ ਖੇਤਰ ਵਿੱਚ ਮੋਟਰਸਾਈਕਲ ਸਵਾਰ ਬੇਖ਼ੌਫ਼ ਲੁਟੇਰਿਆਂ ਦਾ ਗਰੋਹ ਸਰਗਰਮ ਹੈ। ਇੱਕੋ ਦਿਨ ਵਿੱਚ ਹੀ ਟੈਂਪੂ ਚਾਲਕਾਂ ਨੂੰ ਤੇਜ਼ਾਬ ਅਤੇ ਲਾਲ ਮਿਰਚਾਂ ਸੁੱਟ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੁੱਟਣ ਦੀਆਂ ਉੱਪਰੋਥਲੀ ਹੋਈਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਖ਼ੌਫ਼ ਹੈ। ਰਾਏਕੋਟ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਧਾਰਨ ਕੀਤੀ ਚੁੱਪ ਤੋਂ ਭੜਕੇ ਪੀੜਤ ਟੈਂਪੂ ਚਾਲਕਾਂ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਬਾਅਦ ਵਿੱਚ ਡੀਐੱਸਪੀ ਦਫ਼ਤਰ ਸਾਹਮਣੇ ਵੀ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਥਾਣਾ ਰਾਏਕੋਟ ਸ਼ਹਿਰੀ ਪੁਲੀਸ ਵੱਲੋਂ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਥਾਣਾ ਸ਼ਹਿਰੀ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਪੀੜਤ ਟੈਂਪੂ ਚਾਲਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਲੁਟੇਰਾ ਗਰੋਹ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ।
ਲੁੱਟ ਦਾ ਸ਼ਿਕਾਰ ਹੋਏ ਟੈਂਪੂ ਚਾਲਕ ਹਰਪ੍ਰੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਰਾਜੋਆਣਾ ਖ਼ੁਰਦ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿੰਡ ਹਾਂਸ ਕਲਾਂ ਤੋਂ ਰਾਏਕੋਟ ਵੱਲ ਸਵਾਰੀਆਂ ਲੈ ਕੇ ਜਾ ਰਿਹਾ ਸੀ ਤਾਂ ਪਲਸਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਰਾਏਕੋਟ ਦੇ ਪੈਟਰੋਲ ਪੰਪ ਨੇੜੇ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਵਿਰੋਧ ਕਰਨ ਤੇ ਉਨ੍ਹਾਂ ਤੇਜ਼ਾਬ ਵਰਗਾ ਤਰਲ ਪਦਾਰਥ ਸੁੱਟ ਕੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਦਕਿ ਉਨ੍ਹਾਂ ਕੋਲ ਲਾਲ ਮਿਰਚਾਂ ਵੀ ਸਨ। ਉਸ ਦੀ ਦਿਨ ਭਰ ਦੀ ਕਮਾਈ 2200 ਰੁਪਏ ਅਤੇ ਉਸ ਦਾ ਫ਼ੋਨ ਲੁੱਟ ਕੇ ਲੈ ਗਏ। ਇੱਕ ਹੋਰ ਟੈਂਪੂ ਚਾਲਕ ਰਣਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਬੱਸੀਆਂ ਦਾ ਵੀ ਰਾਏਕੋਟ ਵੱਲ ਆਉਂਦੇ ਸਮੇਂ ਪੋਲਟਰੀ ਫਾਰਮ ਨੇੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ 15 ਸੌ ਰੁਪਏ ਸਮੇਤ ਪੈਸਿਆਂ ਵਾਲਾ ਬੈਗ ਲੁੱਟ ਲਿਆ।