ਏਆਈ ਤਕਨੀਕ ਤਹਿਤ ਰੋਬੋਟ ਨੂੰ ਅਧਿਆਪਕ ਵਜੋਂ ਲਿਆਉਣ ’ਤੇ ਚਿੰਤਾ ਪ੍ਰਗਟਾਈ
ਕੁਲਦੀਪ ਸਿੰਘ
ਚੰਡੀਗੜ੍ਹ, 21 ਨਵੰਬਰ
ਜ਼ਿਲ੍ਹਾ ਸੰਗਰੂਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਬੱਚਿਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਤਹਿਤ ਪੜ੍ਹਾਉਣ ਲਈ ਲਿਆਂਦੇ ਰੋਬੋਟ ਅਧਿਆਪਕ ਵਾਲੇ ਤਜਰਬੇ ਨੂੰ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ਜਨਤਕ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਘਟਾਉਣ ਤੇ ਸਿੱਖਿਆ ਨੂੰ ਮਨੁੱਖੀ ਭਾਵਨਾ ਤੋਂ ਰਹਿਤ ਕਰਨ ਵੱਲ ਸੇਧਿਤ ਮਾਰੂ ਕਦਮ ਕਰਾਰ ਦਿੱਤਾ ਹੈ।
ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ‘ਆਇਰਸ’ ਨਾਂ ਦੇ ਰੋਬੋਟ ਅਧਿਆਪਕ ਨੂੰ ਤਜਰਬੇ ਦੇ ਤੌਰ ’ਤੇ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ ਵੱਲੋਂ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਸਾਂਝੇ ਉੱਦਮ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਇੱਕ ਯੋਗ ਅਧਿਆਪਕ ਬਣਨ ਲਈ ਕਈ ਵਰ੍ਹਿਆਂ ਦੀ ਅਕਾਦਮਿਕ ਅਤੇ ਪੇਸ਼ੇਵਰ ਪੜ੍ਹਾਈ ਕਰਨ ਦੇ ਨਾਲ-ਨਾਲ ਵਿਦਿਅਕ ਮਨੋਵਿਗਿਆਨ ਦੀ ਸਮਝ ਵਿਕਸਤ ਕਰਨੀ ਤੇ ਬੱਚਿਆਂ ਲਈ ਸ਼ਲਾਘਾ, ਉਤਸ਼ਾਹ ਤੇ ਹਮਦਰਦੀ ਦਾ ਭੰਡਾਰ ਹੋਣਾ ਮੁੱਢਲਾ ਗੁਣ ਹੁੰਦਾ ਹੈ। ਇਸ ਲਈ ਇੱਕ ਮਸ਼ੀਨ ਅਧਿਆਪਕ ਦਾ ਬਦਲ ਕਦੇ ਨਹੀਂ ਬਣ ਸਕਦੀ।