ਆਈਟੀ ਕੰਪਨੀ ਦੀ ਆੜ ਹੇਠ ਚੱਲ ਰਹੇ ਠੱਗੀ ਦੇ ਗੋਰਖਧੰਦੇ ਦਾ ਪਰਦਾਫਾਸ਼
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 31 ਜੁਲਾਈ
ਜ਼ਿਲ੍ਹਾ ਪੁਲੀਸ ਨੇ ਆਈਟੀ ਕੰਪਨੀ ਦੀ ਆੜ ਹੇਠ ਚੱਲ ਰਹੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕਰਦੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਧਾਰਾ 406,420 ਅਤੇ 66 ਆਈਟੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਰੋਹਿਤ ਚੇਚੀ ਤੇ ਦਰਸ਼ਨਦੀਪ ਸਿੰਘ ਦੋਵੇਂ ਵਾਸੀ ਡੇਰਾਬੱਸੀ, ਯੁਵਰਾਜ ਸਲਾਰੀਆ ਵਾਸੀ ਜੰਮੂ-ਕਸ਼ਮੀਰ, ਹਾਲ ਵਾਸੀ ਲਾਂਡਰਾਂ, ਦੇਵਿੰਦਰ ਕੁਮਾਰ ਵਾਸੀ ਪਿੰਡ ਸਾਥਲਾ (ਸ਼ਿਮਲਾ) ਹਾਲ ਵਾਸੀ ਗੁਲਮੋਹਰ ਕੰਪਲੈਕਸ ਸੈਕਟਰ-125, ਦੇਵ ਕੁਮਾਰ ਵਾਸੀ ਸੈਕਟਰ-84, ਮੋਹਿਤ ਕੁਮਾਰ ਵਾਸੀ ਸੈਕਟਰ-85, ਇਰਫਾਨ ਭੱਟ ਵਾਸੀ ਗਿਲਕੋ ਵੈਲੀ ਖਰੜ, ਪ੍ਰਸ਼ਾਤ ਸ਼ਰਮਾ ਵਾਸੀ ਸੈਕਟਰ-46-ਡੀ, ਅਤੇ ਵਿਕਰਮ ਸਿੰਘ ਵਾਸੀ ਪਿੰਡ ਊਧਨਵਾਲ (ਬਲਾਚੌਰ) ਅਤੇ ਨਮਨ ਸੂਰੀ ਵਾਸੀ ਈਸਟ ਪਟੇਲ ਨਗਰ, ਦਿੱਲੀ, ਬਲਜਿੰਦਰ ਸਿੰਘ ਵਾਸੀ ਪਿੰਡ ਹੁਕੜਾਂ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਕਾਰਤਿਕ ਸ਼ਰਮਾ ਇਹ ਸਾਰੇ ਸੈਕਟਰ-91 (ਮੁਹਾਲੀ) ਵਿੱਚ ਰਹਿੰਦੇ ਸਨ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਹਾਲੀ ਦੇ ਸਨਅਤੀ ਏਰੀਆ ਫੇਜ਼-8-ਬੀ ਦੀ ਇੱਕ ਇਮਾਰਤ ਦੀ ਤੀਜੀ ਮੰਜ਼ਲ ’ਤੇ ਆਈਟੀ ਕੰਪਨੀ ਦੀ ਆੜ ਵਿੱਚ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਪੁਲੀਸ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਅਤੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ।