ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 12 ਨਵੰਬਰ
ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮਿਤ ਕੁਮਾਰ ਵਾਸੀ ਬੜਮਾਜਰਾ, ਗੁਲਸ਼ਨ ਕੁਮਾਰ ਤੇ ਉੱਤਮ ਗੁਪਤਾ ਦੋਵੇਂ ਵਾਸੀ ਫੇਜ਼-1, ਹਰਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਦੋਵੇਂ ਵਾਸੀ ਬਹਿਲੋਲਪੁਰ (ਮੁਹਾਲੀ) ਵਜੋਂ ਹੈ। ਮੁਹਾਲੀ ਦੇ ਏਐੱਸਪੀ (ਸਿਟੀ) ਜੈਅੰਤ ਪੁਰੀ ਅਤੇ ਫੇਜ਼-1 ਥਾਣਾ ਦੇ ਐੱਸਐੱਚਓ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮੁਹਾਲੀ ਅਤੇ ਬਲੌਂਗੀ ਖੇਤਰ ਵਿੱਚ ਮੋਬਾਈਲ ਫੋਨ ਖੋਹ ਕੇ ਅੱਗੇ ਵੇਚਣ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਮਿਲਣ ’ਤੇ ਅਮਿਤ ਕੁਮਾਰ ਅਤੇ ਗੁਲਸ਼ਨ ਕੁਮਾਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਲਈ ਵਰਤਿਆ ਸਕੂਟਰ ਬਰਾਮਦ ਕੀਤਾ ਹੈ। ਅਮਿਤ ਤੋਂ ਇੱਕ ਮੋਬਾਈਲ ਵੀ ਬਰਾਮਦ ਕੀਤਾ ਹੈ, ਜੋ ਉਸ ਨੇ ਦੋ ਨਵੰਬਰ ਨੂੰ ਉੱਤਮ ਗੁਪਤਾ ਨਾਲ ਮਿਲ ਕੇ ਸ਼ਿਵਾਲਿਕ ਸਕੂਲ ਫੇਜ਼-6 ਨੇੜਿਓਂ ਖੋਹਿਆ ਸੀ।
ਏਐੱਸਪੀ ਜੈਅੰਤ ਪੁਰੀ ਨੇ ਦੱਸਿਆ ਕਿ ਅਮਿਤ ਨੇ ਆਪਣੇ ਦੋਸਤ ਨਾਲ ਮਿਲ ਕੇ ਚਾਰ ਮੋਬਾਈਲ ਖੋਹੇ ਸਨ। ਇਨ੍ਹਾਂ ’ਚੋਂ ਦੋ ਮੋਬਾਈਲ ਹਰਿੰਦਰ ਵਾਸੀ ਬਹਿਲੋਲਪੁਰ ਨੂੰ 1000-1000 ਰੁਪਏ ਵਿੱਚ ਵੇਚ ਦਿੱਤੇ ਸਨ ਅਤੇ ਦੋ ਮੋਬਾਈਲ ਫੋਨ ਭੁਪਿੰਦਰ ਵਾਸੀ ਬਹਿਲੋਲਪੁਰ ਨੂੰ 1000-1000 ਰੁਪਏ ਵੇਚੇ ਸਨ। ਇਨ੍ਹਾਂ ਦੋਵਾਂ ਨੂੰ ਵੀ ਪੁਲੀਸ ਨੇ ਚੋਰੀ ਦੇ ਮੋਬਾਈਲ ਫੋਨ ਖ਼ਰੀਦਣ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪੁਲੀਸ ਨੇ ਉੱਤਮ ਗੁਪਤਾ ਕੋਲੋਂ ਵੀ ਮੋਬਾਈਲ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 6 ਮੋਬਾਈਲ ਫੋਨ, ਵਾਰਦਾਤ ਵਿੱਚ ਸਕੂਟਰ ਬਰਾਮਦ ਕੀਤਾ ਹੈ।