ਕੋਲਡ ਸਟੋਰਾਂ ਵਿੱਚ ਨਿਵੇਸ਼ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 26 ਅਕਤੂਬਰ
ਮੁਹਾਲੀ ਪੁਲੀਸ ਨੇ ਵੱਖ-ਵੱਖ ਰਾਜਾਂ ਵਿੱਚ ਕੋਲਡ ਸਟੋਰੇਜ ਵਿੱਚ ਨਿਵੇਸ਼ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੋਨਿਕ ਮਾਰੀਆ ਵਾਸੀ ਮਹਿਣੀ ਗੇਟ, ਫਗਵਾੜਾ ਵਜੋਂ ਹੋਈ ਹੈ। ਉਸ ਦਾ ਪਿਤਾ ਮਹੇਸ਼ ਮਾਰੀਆ ਅਜੇ ਫ਼ਰਾਰ ਹੈ। ਪਿਉ-ਪੁੱਤਾਂ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਡੀਐੱਸਪੀ ਬੱਲ ਨੇ ਦੱਸਿਆ ਕਿ ਥਾਣਾ ਫੇਜ਼-11 ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਤੇ ਉਸ ਦੇ ਪਿਤਾ ਮਹੇਸ਼ ਮਾਰੀਆ ਨੇ ਕਰੀਬ 20 ਲੱਖ ਰੁਪਏ ਦੀ ਠੱਗੀ ਮਾਰੀ ਸੀ। ਪੁਲੀਸ ਅਨੁਸਾਰ ਦੋਵਾਂ ਖ਼ਿਲਾਫ਼ ਵੱਖੋ-ਵੱਖ ਸੂਬਿਆਂ ਵਿੱਚ ਕਰੀਬ 5 ਕੇਸ ਦਰਜ ਹਨ।
ਉਧਰ, ਦੂਜੇ ਮਾਮਲੇ ਵਿੱਚ ਮੁਹਾਲੀ ਪਲੀਸ ਨੇ ਸੈਕਟਰ-78 ਵਿੱਚ ਰਹਿਣ ਵਾਲੇ ਦੋ ਜਣਿਆਂ ਵੱਲੋਂ ਆਪਣੇ ਕੋਲ ਰੱਖੀ 12 ਲੱਖ ਰੁਪਏ ਦੀ ਰਕਮ ਨੂੰ ਮਿਲੀਭੁਗਤ ਨਾਲ ਚੋਰੀ ਕਰਨ ਦੇ ਮਾਮਲੇ ਵਿੱਚ ਸੁਖਜੀਤ ਸਿੰਘ ਵਾਸੀ ਮੱਲ੍ਹ ਸਿੰਘ, ਫ਼ਰੀਦਕੋਟ (ਹਾਲ ਵਾਸੀ ਨੇੜੇ ਟੋਲ ਟੈਕਸ ਬੈਰੀਅਰ ਭਾਗੋਮਾਜਰਾ) ਕਾਬੂ ਕੀਤਾ ਹੈ।
ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧੀ ਵੇਵ ਅਸਟੇਟ ਸੈਕਟਰ-85 ਦੇ ਵਸਨੀਕ ਬਿਕਰਮਜੀਤ ਸਿੰਘ ਨੇ ਹਰਸਿਮਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ ਕਿ ਬਿਕਰਮਜੀਤ ਸਿੰਘ ਦੇ ਭਰਾ ਕਿੰਦਰਵੀਰ ਸਿੰਘ ਦੀ ਫਰਮ ਦੇ 12 ਲੱਖ ਰੁਪਏ ਹਰਸਿਮਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਕੋਲ ਰੱਖੇ ਹੋਏ ਸਨ, ਜੋ ਇਨ੍ਹਾਂ ਨੇ ਮਿਲੀਭੁਗਤ ਨਾਲ ਆਪਣੇ ਅਣਪਛਾਤੇ ਸਾਥੀਆਂ ਰਾਹੀਂ ਚੋਰੀ ਕਰਵਾਏ ਸਨ। ਇਸ ਸਬੰਧੀ ਸੋਹਾਣਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਵਾਲੀ ਟੀਮ ਵੱਲੋਂ ਪਹਿਲਾਂ ਹੀ ਹਰਸਿਮਰਨਪ੍ਰੀਤ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁੱਛਗਿੱਛ ਦੌਰਾਨ ਹਰਸਿਮਰਨਪ੍ਰੀਤ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੇ ਦਫ਼ਤਰ ਦੇ ਪੁਰਾਣੇ ਵਰਕਰ ਸੁਖਜੀਤ ਸਿੰਘ ਨਾਲ ਮਿਲ ਕੇ ਚੋਰੀ ਨੂੰ ਅੰਜ਼ਾਮ ਦਿੱਤਾ ਸੀ। ਪੁਲੀਸ ਨੇ ਸੁਖਜੀਤ ਸਿੰਘ ਤੋਂ ਚੋਰੀ ਕੀਤੀ ਰਕਮ ਵਿੱਚੋਂ 3.40 ਲੱਖ ਰੁਪਏ, ਦੋ ਪਿਸਤੌਲ ਬਰਾਮਦ ਕੀਤੇ ਹਨ। ਸੁਖਜੀਤ ਸਿੰਘ ਨੂੰ ਅੱਜ ਮੁਹਾਲੀ ਅਦਾਲਤ ਨੇ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।