ਵੱਖ-ਵੱਖ ਜ਼ਿਲ੍ਹਿਆਂ ’ਚ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਸਤੰਬਰ
ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਪਟਿਆਲਾ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲੀਸ ਸੰਗਰੂਰ ਨੇ ਕਾਰਵਾਈ ਕਰਦੇ ਹੋਏ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਪੰਜਾਬ ਦੇ ਕਰੀਬ ਦਰਜਨ ਜ਼ਿਲ੍ਹਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਦੋ ਚਿੱਟੇ ਰੰਗ ਦੀਆਂ ਸਵਿਫ਼ਟ ਕਾਰਾਂ, ਤਕਰੀਬਨ 70 ਕਿੱਲੋ ਭਾਰਤੀ ਕਰੰਸੀ ਦੇ ਸਿੱਕੇ, ਚੋਰੀ ਸਮੇਂ ਵਰਤੇ ਜਾਣ ਵਾਲੇ ਹਥਿਆਰ ਅਤੇ ਜਾਅਲੀ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਵਿੱਫ਼ਟ ਕਾਰ ਚੋਰ ਗਿਰੋਹ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ, ਪਟਿਆਲਾ, ਬਠਿੰਡਾ, ਬਰਨਾਲਾ, ਮਲੇਰਕੋਟਲਾ, ਖੰਨਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਕਮਿਸ਼ਨਰੇਟ ਅਤੇ ਜਲੰਧਰ ਦਿਹਾਤੀ ਵਿੱਚ ਕਰੀਬ 100 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜ਼ਿਲ੍ਹਾ ਸੰਗਰੂਰ ਵਿੱਚ ਇਸ ਗਰੋਹ ਦੇ ਮੈਂਬਰਾਂ ਨੇ ਅਗਸਤ 2024 ਦੇ ਆਰੰਭ ਵਿੱਚ ਵਾਰਦਾਤਾਂ ਕੀਤੀਆਂ ਸਨ। ਇਸ ਗਰੋਹ ਦੇ ਮੈਂਬਰ ਪਹਿਲਾਂ ਮਹੀਨੇ ਵਿੱਚ ਕਰੀਬ 8-10 ਵਾਰਦਾਤਾਂ ਕਰਦੇ ਸਨ ਪ੍ਰੰਤੂ ਅਗਸਤ 2024 ਵਿੱਚ ਇਸ ਗਰੋਹ ਵੱਲੋਂ ਕਰੀਬ 16-17 ਵਾਰਦਾਤਾਂ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਸੰਗਰੂਰ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਚੋਰ ਗਰੋਹ ਦੇ ਮੈਂਬਰ ਅੱਜ ਸੰਗਰੂਰ, ਧੂਰੀ ਤੋਂ ਹੁੰਦੇ ਹੋਏ ਲੁਧਿਆਣਾ ਸੜਕ ’ਤੇ ਬਣੀਆਂ ਦੁਕਾਨਾਂ ਵਿੱਚ ਚੋਰੀ ਕਰਨ ਤੋਂ ਪਹਿਲਾਂ ਰੇਕੀ ਕਰਨ ਲਈ ਆਉਣਗੇ। ਇਸ ਸਬੰਧੀ ਜ਼ਿਲ੍ਹਾ ਪੁਲੀਸ ਸੰਗਰੂਰ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਯੋਜਨਾ ਬਣਾ ਕੇ ਅਨਾਜ ਮੰਡੀ ਧੂਰੀ ਤੋਂ ਰਵੀ ਵਾਸੀ ਅਜੀਤ ਨਗਰ, ਬੌਰੀਆਂ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫ਼ਿਰੋਜ਼ਪੁਰ, ਕਰਮਵੀਰ ਰਾਮ ਉਰਫ਼ ਸੋਨੂੰ ਵਾਸੀ ਮਲੋਟ ਹਾਲ ਅਬਾਦ ਅਜੀਤ ਨਗਰ, ਬੌਰੀਆਂ ਵਾਲੀ ਬਸਤੀ, ਸਿਟੀ ਫ਼ਿਰੋਜ਼ਪੁਰ, ਜਗਸੀਰ ਉਰਫ਼ ਜੱਗਾ ਵਾਸੀ ਅਜੀਤ ਨਗਰ, ਬੌਰੀਆਂ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫ਼ਿਰੋਜ਼ਪੁਰ, ਮਨੀ ਵਾਸੀ ਅਜੀਤ ਨਗਰ, ਬੌਰੀਆ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫ਼ਿਰੋਜ਼ਪੁਰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵਾਰਦਾਤਾਂ ਵਿੱਚ ਵਰਤੀ ਜਾਣ ਵਾਲੀ ਚਿੱਟੇ ਰੰਗ ਦੀ ਸਵਿਫ਼ਟ ਕਾਰ, ਚੋਰੀਆਂ ਦੌਰਾਨ ਦੁਕਾਨਾਂ ਦੇ ਸ਼ਟਰ ਅਤੇ ਪੈਸਿਆਂ ਵਾਲੇ ਗੱਲਿਆਂ ਦੇ ਲੌਕ ਤੋੜਨ ਲਈ ਵਰਤੇ ਜਾਣ ਵਾਲੇ ਔਜਾਰ, ਜਾਅਲੀ ਨੰਬਰ ਪਲੇਟਾਂ, ਦਸਤਾਨੇ ਵੀ ਬਰਾਮਦ ਕੀਤੇ ਹਨ। ਜਾਂਚ ਦੌਰਾਨ ਮੁਲਜ਼ਮ ਰਵੀ ਦੀ ਇੱਕ ਹੋਰ ਸਵਿਫ਼ਟ ਕਾਰ ਅਤੇ ਚੋਰੀ ਕੀਤੇ 70 ਕਿੱਲੋ ਦੇ ਕਰੀਬ ਭਾਰਤੀ ਕਰੰਸੀ ਸਿੱਕੇ ਬਰਾਮਦ ਕਰਵਾਏ ਗਏ ਹਨ।