ਸਪਾਅ ਦੇ ਨਾਂ ’ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਮਾਰਚ
ਭਾਈ ਰਣਧੀਰ ਸਿੰਘ ਨਗਰ ਵਰਗੇ ਪੌਸ਼ ਇਲਾਕੇ ’ਚ ਸਪਾਅ ਸੈਂਟਰ ਦੀ ਓਟ ’ਚ ਵਿਦੇਸ਼ੀ ਲੜਕੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਦੋ ਮੁਲਜ਼ਮਾਂ ਨੂੰ ਸੀਆਈਏ-1 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਭਾਈ ਰਣਧੀਰ ਸਿੰਘ ਨਗਰ ਸਥਿਤ ਸਕਾਈ ਲਾਰਕ ਸਪਾਅ ਸੈਂਟਰ ’ਤੇ ਛਾਪਾ ਮਰਿਆ ਤੇ ਉੱਥੋਂ ਦੇ ਮਾਲਕ ਅਨਮੋਲ ਕੱਕੜ ਤੇ ਹਿਮਾਂਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ’ਚ ਜੁਝਾਰ ਨਗਰ ਵਾਸੀ ਅਨਮੋਲ ਕੱਕੜ, ਫੁੱਲਾਂਵਾਲ ਚੌਕ ਸਥਿਤ ਹੋਟਲ ਏ-7 ਦੇ ਮਾਲਕ ਹੈਬੋਵਾਲ ਵਾਸੀ ਆਕਾਸ਼ ਕਪੂਰ, ਹੈਬੋਵਾਲ ਕਲਾਂ ਵਾਸੀ ਵੰਸ਼, ਟਿੱਬਾ ਰੋਡ ਵਾਸੀ ਹਰਸ਼, ਅਬਦੁਲਾਪੁਰ ਬਸਤੀ ਵਾਸੀ ਮੈਨੇਜਰ ਨਵਜਿੰਦਰ ਸਿੰਘ, ਬਾੜੇਵਾਲ ਰੋਡ ਸਥਿਤ ਡੀਸੈਂਟ ਇਨਕਲੇਵ ਵਾਸੀ ਹਿਮਾਂਸ਼ੂ ਤੇ ਸੰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਅਨਮੋਲ ਕੱਕੜ ਅਤੇ ਹਿਮਾਂਸ਼ੂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਤਿੰਨ ਰੋਜ਼ਾ ਪੁਲੀਸ ਰਿਮਾਂਡ ’ਤੇ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏਐਸਆਈ ਨਿਰਭੈ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ 29 ਮਾਰਚ ਨੂੰ ਗਸ਼ਤ ਕਰ ਰਹੀ ਸੀ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਹੋਟਲਾਂ ਤੇ ਸਪਾਅ ਸੈਂਟਰਾਂ ’ਤੇ ਦੇਹ ਵਪਾਰ ਦਾ ਕੰਮ ਕੀਤਾ ਜਾ ਰਿਹਾ ਹੈ। ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਵੱਖ-ਵੱਖ ਹੋਟਲਾਂ ਅਤੇ ਸਪਾਅ ਸੈਂਟਰਾਂ ਦੇ ਮਾਲਕ ਹਨ। ਉਹ ਵਿਦੇਸ਼ੀ ਲੜਕੀਆਂ ਨੂੰ ਦਿੱਲੀ ਤੋਂ ਬੁਲਾਉਂਦੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਜਾਅਲੀ ਵੋਟਰ ਕਾਰਡ ਅਤੇ ਆਧਾਰ ਕਾਰਡ ਦਿੱਲੀ ਤੋਂ ਤਿਆਰ ਕਰਵਾਉਂਦੇ ਸਨ। ਉਹ ਸਪਾਅ ਸੈਂਟਰਾਂ ਦੀ ਓਟ ’ਚ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। ਪੁਲੀਸ ਨੇ ਭਾਈ ਰਣਧੀਰ ਸਿੰਘ ਨਗਰ ਇਲਾਕੇ ’ਚ ਸਥਿਤ ਸਪਾਅ ਸੈਂਟਰ ਸਕਾਈ ਲਾਰਕ ’ਤੇ ਛਾਪਾ ਮਾਰਿਆ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।