ਸਪਾ ਸੈਂਟਰ ਦੀ ਆੜ ’ਚ ਦੇਹ ਵਪਾਰ ਦਾ ਪਰਦਾਫਾਸ਼
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 10 ਜੂਨ
ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ। ਚੰਡੀਗੜ੍ਹ ਪੁਲੀਸ ਦੀ ਦੱਖਣੀ ਸਬ ਡਿਵੀਜ਼ਨ ਵਿੱਚ ਦੇਹ ਵਪਾਰ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਚਲਾਈ ਗਈ ਅਤੇ ਇਸ ਸਬੰਧ ਵਿੱਚ ਚੰਡੀਗੜ੍ਹ ਪੁਲੀਸ ਨੇ ਡੀਐੱਸਪੀ ਦਲਬੀਰ ਸਿੰਘ, ਸੈਕਟਰ 34 ਥਾਣੇ ਦੇ ਐੱਸਐੱਚਓ ਇੰਸਪੈਕਟਰ ਬਲਦੇਵ ਕੁਮਾਰ ਦੀ ਅਗਵਾਈ ਵਿੱਚ ਟੀਮ ਦਾ ਗਠਨ ਕੀਤਾ ਜਿਸ ਵਿੱਚ ਸਬ ਇੰਸਪੈਕਟਰ ਸਰਿਤਾ ਰਾਏ, ਸਿਪਾਹੀ ਦਲਜੀਤ ਕੌਰ, ਹੌਲਦਾਰ ਅਜੈ ਪਾਲ ਤੇ ਸਿਪਾਹੀ ਅਵਿਨਾਸ਼ ਨੇ ਸੈਕਟਰ 34 ਸਥਿਤ ‘ਕ੍ਰਿਸਟਲ ਸਪਾ’ ਨਾਂ ਦੇ ਇੱਕ ਸਪਾ ਸੈਂਟਰ ਵਿੱਚ ਦੇਹ ਵਪਾਰ ਹੋਣ ਦੀ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਪੁਲੀਸ ਦੀ ਟੀਮ ਨੇ ਉਕਤ ਸਪਾ ਸੈਂਟਰ ‘ਚ ਫਰਜ਼ੀ ਗਾਹਕ ਭੇਜ ਕੇ ਸਪਾ ਸੈਂਟਰ ਵਿੱਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ। ਪੁਲੀਸ ਨੇ ਸਪਾ ਸੈਂਟਰ ਵਿੱਚ ਬਤੌਰ ਮੈਨੇਜਰ ਕੰਮ ਕਰ ਰਹੀ ਇਕ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੀ ਗਈ ਸਪਾ ਸੈਂਟਰ ਦੀ ਮੈਨੇਜਰ ਨੇ ਦੱਸਿਆ ਕਿ ਬੇਬੀ ਰਾਣੀ ਉਰਫ਼ ਵੰਦਨਾ ਜੋ ਕਿ ਹਰਿਆਣਾ ਦੀ ਰਹਿਣ ਵਾਲੀ ਹੈ, ਇਸ ਸਪਾ ਸੈਂਟਰ ਦੀ ਮਾਲਕਣ ਹੈ। ਪੁਲੀਸ ਵੱਲੋਂ ਉਕਤ ਸਪਾ ਸੈਂਟਰ ਤੋਂ ਤਿੰਨ ਔਰਤਾਂ ਨੂੰ ਵੀ ਛੁਡਵਾਇਆ। ਪੁਲੀਸ ਨੇ ਸਪਾ ਸੈਂਟਰ ਦੀ ਮੈਨੇਜਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਸਪਾ ਸੈਂਟਰ ਤੋਂ ਛੁਡਾਈਆਂ ਔਰਤਾਂ ਨੂੰ ਨਾਰੀ ਨਿਕੇਤਨ ਸੈਕਟਰ-26 ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਪੁਲੀਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।