ਲਿਬਨਾਨ ਵਿੱਚ ਪੇਜਰਾਂ ’ਚ ਧਮਾਕੇ; 2700 ਤੋਂ ਵੱਧ ਜ਼ਖਮੀ
ਬੇਰੁਤ, 17 ਸਤੰਬਰ
ਲਿਬਨਾਨ ਦੇ ਕਈ ਹਿੱਸਿਆਂ ਵਿੱਚ ਅੱਜ ਹਿਜ਼ਬੁੱਲਾ ਲੜਾਕਿਆਂ ਦੇ ਪੇਜਰਾਂ ਵਿਚ ਧਮਾਕੇ ਹੋ ਗਏ, ਜਿਸ ਨਾਲ 2700 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਹਿਜ਼ਬੁੱਲਾ ਲੜਾਕੇ ਤੇ ਇਰਾਨੀ ਰਾਜਦੂਤ ਮੋਜਤਾਬਾ ਅਮਾਨੀ ਵੀ ਸ਼ਾਮਲ ਹਨ। ਇਨ੍ਹਾਂ ਧਮਾਕਿਆਂ ’ਚ ਅੱਠ ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ। ਸੁਰੱਖਿਆ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸੰਚਾਰ ਲਈ ਵਰਤੇ ਜਾਂਦੇ ਪੇਜਰਾਂ ਵਿਚ ਅੱਜ ਵੱਡੀ ਗਿਣਤੀ ਵਿਚ ਧਮਾਕੇ ਹੋ ਗਏ ਜਿਸ ਕਾਰਨ ਹਿਜ਼ਬੁੱਲਾ ਲੜਾਕਿਆਂ ਅਤੇ ਡਾਕਟਰਾਂ ਸਣੇ 2700 ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਿਜ਼ਬੁੱਲਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੇਜਰਾਂ ਵਿਚ ਧਮਾਕਾ ਹੋਣਾ ਸੁਰੱਖਿਆ ਨਿਯਮਾਂ ਦੀ ਸਭ ਤੋਂ ਵੱਡੀ ਉਲੰਘਣਾ ਹੈ। ਇਹ ਪੇਜਰ ਹਿਜ਼ਬੁਲ ਲੜਾਕਿਆਂ ਦੇ ਹੱਥਾਂ ਵਿਚ ਹੀ ਫਟ ਗਏ। ਇਕ ਹੋਰ ਅਧਿਕਾਰੀ ਨੇ ਮੰਨਿਆ ਕਿ ਇਹ ਇਜ਼ਰਾਈਲੀ ਹਮਲਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਇਰਾਨ ਦੇ ਸਮਰਥਨ ਵਾਲੇ ਹਿਜ਼ਬੁੱਲਾ ਪਿਛਲੇ ਇਕ ਸਾਲ ਤੋਂ ਇਕ ਦੂਜੇ ’ਤੇ ਹਮਲੇ ਕਰ ਰਹੇ ਹਨ। ਇਸ ਸਬੰਧੀ ਇਜ਼ਰਾਇਲੀ ਫੌਜ ਦੇ ਅਧਿਕਾਰੀਆਂ ਨੇ ਧਮਾਕਿਆਂ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਨਿਊਜ਼ ਏਜੰਸੀ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਕਿਹਾ ਕਿ ਲਿਬਨਾਨ ਵਿੱਚ ਇਰਾਨ ਦੇ ਰਾਜਦੂਤ ਮੋਜਤਬਾ ਅਮਾਨੀ ਜ਼ਖਮੀ ਹੋ ਗਏ ਹਨ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਤੋਂ ਪਹਿਲਾਂ ਹਿਜ਼ਬੁੱਲਾ ਆਗੂ ਹਸਨ ਨਸਰੱਲਾ ਨੇ ਪਹਿਲਾਂ ਸਮੂਹ ਦੇ ਮੈਂਬਰਾਂ ਨੂੰ ਸੈਲਫੋਨ ਨਾ ਰੱਖਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਖਦਸ਼ਾ ਜਤਾਇਆ ਸੀ ਕਿ ਇਜ਼ਰਾਈਲ ਵੱਲੋਂ ਉਨ੍ਹਾਂ ਦੀ ਹਰ ਹਰਕਤ ਨੂੰ ਵਾਚਿਆ ਜਾ ਰਿਹਾ ਹੈ ਤੇ ਇਸ ਰਾਹੀਂ ਉਨ੍ਹਾਂ ’ਤੇ ਹਮਲਾ ਕੀਤਾ ਜਾ ਸਕਦਾ ਹੈ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਸਾਰੇ ਹਸਪਤਾਲਾਂ ਨੂੰ ਗੰਭੀਰ ਜ਼ਖਮੀਆਂ ਦਾ ਇਲਾਜ ਕਰਨ ਲਈ ਨਿਰਦੇਸ਼ ਦਿੱਤੇ ਹਨ। -ਏਪੀ