ਰੂਸ ਦੇ ਗੁਦਾਮ ’ਚ ਯੂਕਰੇਨੀ ਡਰੋਨ ਕਾਰਨ ਧਮਾਕੇ
ਕੀਵ, 7 ਜੁਲਾਈ
ਪੱਛਮੀ ਰੂਸ ਦੇ ਸਰਹੱਦੀ ਖ਼ਿੱਤੇ ਦੇ ਇਕ ਪਿੰਡ ’ਚ ਐਤਵਾਰ ਨੂੰ ਉਸ ਹਫੜਾ-ਦਫੜੀ ਮਚ ਗਈ ਜਦੋਂ ਯੂਕਰੇਨ ਵੱਲੋਂ ਦਾਗ਼ੇ ਗਏ ਇਕ ਡਰੋਨ ਨੂੰ ਡੇਗੇ ਜਾਣ ਸਮੇਂ ਉਸ ਦਾ ਮਲਬਾ ਇਕ ਗੁਦਾਮ ’ਤੇ ਡਿੱਗ ਪਿਆ। ਇਸ ਕਾਰਨ ਕਈ ਜ਼ੋਰਦਾਰ ਧਮਾਕੇ ਸੁਣੇ ਗਏ। ਖ਼ਿੱਤੇ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਸੋਸ਼ਲ ਮੀਡੀਆ ਫੁਟੇਜ ’ਚ ਵੋਰੋਨੇਜ਼ ਖ਼ਿੱਤੇ ’ਚ ਕਾਲੇ ਧੂੰਏਂ ਦੇ ਗੁਬਾਰ ਅਤੇ ਕਈ ਜ਼ੋਰਦਾਰ ਧਮਾਕੇ ਸੁਣੇ ਜਾ ਸਕਦੇ ਹਨ।
ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਕਿਹਾ ਕਿ ਡਿੱਗੇ ਮਲਬੇ ਕਾਰਨ ਕਈ ਧਮਾਕੇ ਹੋਏ ਹਨ। ਉਨ੍ਹਾਂ ਕਿਹਾ ਕਿ ਪੋਦਗੋਰੇਂਜਸਕੀ ਜ਼ਿਲ੍ਹੇ ਦੇ ਇਕ ਪਿੰਡ ਦੇ ਲੋਕਾਂ ਨੂੰ ਉਥੋਂ ਕੱਢਿਆ ਗਿਆ ਹੈ ਅਤੇ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਫ਼ੌਜ ਅਤੇ ਸਰਕਾਰੀ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਰਾਹਤ ਕਾਰਜਾਂ ’ਚ ਜੁਟੇ ਗਏ ਅਤੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਰੂਸ ਦੇ ਰੱਖਿਆ ਮੰਤਰਾਲੇ ਨੇ ਇਸ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇੰਨਾ ਜ਼ਰੂਰ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀਆਂ ਨੇ ਬੇਲਗ੍ਰਾਦ ਖ਼ਿੱਤੇ ’ਚ ਇਕ ਯੂਕਰੇਨੀ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ। ਰੂਸ ਦੇ ਕ੍ਰਾਸਨੋਦਾਰ ਸੂਬੇ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਡਰੋਨ ਦੇ ਮਲਬੇ ਕਾਰਨ ਇਕ ਤੇਲ ਡਿਪੂ ’ਚ ਅੱਗ ਲੱਗ ਗਈ ਸੀ। ਉਧਰ ਯੂਕਰੇਨ ਨੇ ਦਾਅਵਾ ਕੀਤਾ ਕਿ ਰੂਸ ਵੱਲੋਂ ਦਾਗ਼ੀਆਂ ਗਈਆਂ ਦੋ ਬੈਲਿਸਟਿਕ ਮਿਜ਼ਾਈਲਾਂ ਅਤੇ 13 ਡਰੋਨ ਹਵਾ ’ਚ ਮਾਰ ਸੁੱਟੇ ਗਏ। ਪਰ ਅਧਿਕਾਰੀਆਂ ਨੇ ਮਿਜ਼ਾਈਲਾਂ ਦੇ ਅਸਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। -ਏਪੀ